ਪੀ. ਯੂ. ਟੀਮ ਦੀ ਸਾਈਕਲਿਸਟ ਗੋਲਡ ਮੈਡਲ ਤੋਂ ਖੁੰਝੀ

11/17/2017 8:14:15 AM

ਪਟਿਆਲਾ  (ਪ੍ਰਤਿਭਾ, ਜੋਸਨ ) - ਪੰਜਾਬੀ ਯੂਨੀਵਰਸਿਟੀ ਦੇ ਸਾਈਕਲਿਸਟਾਂ ਸੋਨਾਲੀ, ਜਗਜੀਤ, ਹਰਪ੍ਰੀਤ ਤੇ ਜੈਸਮੀਨ ਦੀ ਟੀਮ ਥੋੜ੍ਹੀ ਕਨਫਿਊਜ਼ਨ ਕਾਰਨ ਕੁੱਝ ਸੈਕਿੰਡ ਤੋਂ ਗੋਲਡ ਮੈਡਲ ਤੋਂ ਰਹਿ ਗਈ। ਫਿਨਿਸ਼ ਲਾਈਨ ਦੇ ਕੋਲ ਪਹੁੰਚਦੇ ਹੀ ਟੀਮ ਥੋੜ੍ਹੀ ਢਿੱਲੀ ਪੈ ਗਈ। ਉਨ੍ਹਾਂ ਨੂੰ ਲੱਗਾ ਕਿ ਉਹ ਫਿਨਿਸ਼ ਲਾਈਨ ਕਰਾਸ ਕਰ ਗਈ ਹੈ। ਇਸੇ ਗਲਤਫਹਿਮੀ ਵਿਚ ਮੇਜ਼ਬਾਨ ਯੂਨੀਵਰਸਿਟੀ ਟੀਮ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਪੰਜਾਬੀ ਯੂਨੀਵਰਸਿਟੀ ਵਿਚ ਸ਼ੁਰੂ ਹੋਈ ਆਲ ਇੰਡੀਆ ਇੰਟਰ 'ਵਰਸਿਟੀ ਸਾਈਕਲਿੰਗ ਰੋਡ ਮਹਿਲਾ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਜਿੱਤ ਨਾਲ ਸ਼ੁਰੂਆਤ ਕੀਤੀ। ਮੇਜ਼ਬਾਨ ਪੰਜਾਬੀ ਯੂਨੀਵਰਸਿਟੀ ਦੀ ਦੂਜੇ ਅਤੇ ਪੰਜਾਬ ਯੂਨੀਵਰਸਿਟੀ ਤੀਜੇ ਸਥਾਨ 'ਤੇ ਰਹੀ। ਪਿਛਲੀ ਵਾਰ ਵੀ ਪੀ. ਯੂ. ਮਹਿਲਾ ਟੀਮ ਨੇ ਆਲ ਇੰਡੀਆ ਇੰਟਰ 'ਵਰਸਿਟੀ ਸਾਈਕਲਿੰਗ ਰੋਡ ਮਹਿਲਾ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਸੀ। ਇਸ ਤੋਂ ਪਹਿਲਾਂ 2015-16 ਵਿਚ ਵੀ ਚੈਂਪੀਅਨਸ਼ਿਪ ਦਾ ਆਯੋਜਨ ਯੂਨੀਵਰਸਿਟੀ ਕੈਂਪਸ ਵਿਚ ਹੀ ਕੀਤਾ ਗਿਆ ਸੀ।
ਯੂਨੀਵਰਸਿਟੀ ਦੀ ਆਫੀਸ਼ੀਏਟਿੰਗ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ਹੇਠ ਹੋ ਰਹੀ ਚੈਂਪੀਅਨਸ਼ਿਪ ਦਾ ਉਦਘਾਟਨ ਐੈੱਸ. ਪੀ. ਟ੍ਰੈਫਿਕ ਅਮਰਜੀਤ ਸਿੰਘ ਘੁੰਮਣ ਨੇ ਕੀਤਾ। ਡੀ. ਐੈੱਸ. ਪੀ. ਟ੍ਰੈਫਿਕ ਜਸਕੀਰਤ ਸਿੰਘ ਤੇ ਕਰਨੈਲ ਸਿੰਘ ਵੀ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਦੌਰਾਨ ਕੋਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ 13 ਯੂਨੀਵਰਸਿਟੀ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਚੈਂਪੀਅਨਸ਼ਿਪ ਦੇ ਸੰਚਾਲਨ ਵਿਚ ਸਹਾਇਕ ਡਾਇਰੈਕਟਰ ਮਹਿੰਦਰਪਾਲ ਕੌਰ, ਡਾ. ਦਲਬੀਰ ਰੰਧਾਵਾ, ਨੈਸ਼ਨਲ ਸਾਈਕਲਿੰਗ ਕੋਚ ਮਿੱਤਰਪਾਲ ਸਿੰਘ ਸਿੱਧੂ, ਡਾ. ਜਸਬੀਰ ਸਿੰਘ, ਦਲ ਸਿੰਘ ਬਰਾੜ, ਸੁਰਿੰਦਰ ਸਿੰਘ, ਰਚਨਾ, ਰੇਨੂ, ਪ੍ਰਿੰਸਇੰਦਰ ਸਿੰਘ ਤੇ ਹੋਰ ਸਹਿਯੋਗ ਦੇ ਰਹੇ ਹਨ।
5 ਸਾਲ ਬਾਅਦ ਮਿਲੇ ਨਵੇਂ ਇਕਵਿਪਮੈਂਟ ਨਾਲ ਭਾਗ ਲੈ ਰਹੇ ਨੇ ਖਿਡਾਰੀ
ਪੰਜਾਬੀ ਯੂਨੀਵਰਸਿਟੀ ਦੀ ਮਹਿਲਾ ਸਾਈਕਲਿਸਟ 5 ਸਾਲਾਂ ਬਾਅਦ ਮਿਲੇ ਨਵੇਂ ਆਧੁਨਿਕ ਇਕਵਿਪਮੈਂਟ ਨਾਲ ਇਸ ਵਾਰ ਚੈਂਪੀਅਨਸ਼ਿਪ ਵਿਚ ਭਾਗ ਲੈ ਰਹੇ ਹਨ। ਸਾਈਕਲ ਵਿਚ ਵੀ ਕਾਫੀ ਨਵੀਆਂ ਤਕਨੀਕਾਂ ਆ ਚੁੱਕੀਆਂ ਹਨ। ਜੇਕਰ ਮੁਕਾਬਲੇ ਵਿਚ ਭਾਗ ਲੈ ਕੇ ਪੁਜ਼ੀਸ਼ਨ ਹਾਸਲ ਕਰਨੀ ਹੈ, ਟਾਈਮਿੰਗ ਸੁਧਾਰਨੀ ਹੈ ਤਾਂ ਉਸ ਲਈ ਨਵੇਂ ਇਕਵਿਪਮੈਂਟ ਹੋਣੇ ਜ਼ਰੂਰੀ ਹਨ। ਸਾਈਕਲਿਸਟਾਂ ਨੂੰ 5 ਸਾਲ ਤੱਕ ਇਸ ਦੀ ਉਡੀਕ ਕਰਨੀ ਪਈ। ਆਖਰਕਾਰ ਇਨ੍ਹਾਂ ਨੂੰ ਸਾਈਕਲਾਂ ਦੇ ਨਵੇਂ ਸਪੇਅਰ ਪਾਰਟਸ ਮਿਲੇ ਹਨ।
2011 'ਚ ਮਿਲੇ ਸਨ ਨਵੇਂ ਇਕਵਿਪਮੈਂਟ
ਉਥੇ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਸਾਈਕਲਿਸਟਾਂ ਨੂੰ 2011 ਵਿਚ ਨਵੇਂ ਇਕਵਿਪਮੈਂਟ ਮਿਲੇ ਸਨ। ਇਸ ਤੋਂ ਵੀ ਪਹਿਲਾਂ 2006 ਵਿਚ ਮੰਗਵਾਏ ਗਏ ਸਨ। ਸਾਈਕਲਿਸਟਾਂ ਨੂੰ ਸਮੇਂ-ਸਮੇਂ 'ਤੇ ਨਵੇਂ ਇਕਵਿਪਮੈਂਟ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਵਿਚ ਸਭ ਤੋਂ ਜ਼ਿਆਦਾ ਫਾਇਦਾ ਟਾਈਮਿੰਗ ਸੁਧਾਰ ਵਿਚ ਹੁੰਦਾ ਹੈ। ਟੀਮ ਕੋਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਈਕਲ ਦੇ ਅਪਗ੍ਰੇਡ ਸਪੇਅਰ ਪਾਰਟਸ ਤਾਈਵਾਨ, ਚੀਨ, ਸਿੰਗਾਪੁਰ ਜਾਂ ਬੈਂਕਾਕ ਤੋਂ ਮੰਗਵਾਏ ਜਾਂਦੇ ਹਨ। ਅਪਗ੍ਰੇਟਡ ਤਕਨੀਕ ਸਾਰੇ ਖਿਡਾਰੀਆਂ ਲਈ ਜ਼ਰੂਰੀ ਹੈ। ਅੱਜ ਵੀ ਖਿਡਾਰੀ ਫਿਨਿਸ਼ ਲਾਈਨ ਕੋਲ ਆ ਕੇ ਥੋੜ੍ਹਾ ਢਿੱਲੇ ਪੈ ਗਏ ਸਨ। ਉਨ੍ਹਾਂ ਦੇ ਪ੍ਰਦਰਸ਼ਨ ਤੋਂ ਉਹ ਸੰਤੁਸ਼ਟ ਹਨ। ਟੀਮ ਪੂਰੀ ਤਰ੍ਹਾਂ ਫਰੈਸ਼ਰ ਹੈ। ਇਸ ਦੇ ਬਾਵਜੂਦ ਪ੍ਰਦਰਸ਼ਨ ਵਧੀਆ ਰਿਹਾ ਹੈ। ਪੀ. ਯੂ. ਅਥਾਰਟੀ ਤੋਂ ਮੰਗ ਅਨੁਸਾਰ ਇਕਵਿਪਮੈਂਟ ਮਿਲ ਜਾਂਦਾ ਹੈ ਕਿਉਂਕਿ ਖਿਡਾਰੀਆਂ ਦੀ ਸੁਵਿਧਾ ਦਾ ਹਮੇਸ਼ਾ ਖਿਆਲ ਰੱਖਿਆ ਜਾਂਦਾ ਹੈ।
30 ਕਿਲੋਮੀਟਰ ਟੀਮ ਟਰਾਇਲ ਮੁਕਾਬਲੇ ਦੇ ਅੱਜ ਦੇ ਨਤੀਜੇ
1. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ  44:54:307 ਸੈਕਿੰਡ
(ਆਸ਼ੂ ਸ਼ਰਮਾ, ਅਮਿਤਾ ਰਘੁਨਾਥ, ਵੈਸ਼ਨਵੀ ਸੰਜੇ ਤੇ ਕੋਮਲ ਤਿਵਾੜੀ ਦੀ ਟੀਮ)
2. ਪੰਜਾਬੀ ਯੂਨੀਵਰਸਿਟੀ ਪਟਿਆਲਾ   44:55:410 ਸੈਕਿੰਡ
(ਸੋਨਾਲੀ, ਜਗਜੀਤ ਕੌਰ, ਹਰਪ੍ਰੀਤ ਕੌਰ ਤੇ ਜੈਸਮੀਨ ਕੌਰ)
3. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ   45:35:824 ਸੈਕਿੰਡ