ਕੋਰੋਨਾ 'ਤੇ ਅਲਰਟ ਹੋਈ ਸਿੱਖ ਸੰਗਤ, ਸ੍ਰੀ ਹਰਿਮੰਦਰ ਸਾਹਿਬ ਦਾ ਵਿਹੜਾ ਹੋਇਆ ਸੁੰਨਸਾਨ (ਤਸਵੀਰਾਂ)

03/26/2020 2:46:34 PM

ਅੰਮ੍ਰਿਤਸਰ (ਅਨਜਾਣ) : ਕਰਫਿਊ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਬਹੁਤ ਘੱਟ ਦੇਖੀ ਗਈ। ਅੰਮ੍ਰਿਤ ਵੇਲੇ ਤੋਂ ਬਾਅਦ ਕੋਈ ਟਾਵਾਂ-ਟਾਵਾਂ ਸ਼ਰਧਾਲੂ ਹੀ ਨਜ਼ਰ ਆਇਆ। ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਬਾਹੀ ਦਾ ਜੋੜਾ ਘਰ ਵੀ ਬੰਦ ਵਰਗਾ ਹੀ ਰਿਹਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਭਾਵੇਂ ਕੋਰੋਨਾ ਵਰਗੀ ਮਹਾਮਾਰੀ ਕਾਰਨ ਪ੍ਰਸ਼ਾਸਨ ਵੱਲੋਂ ਲਾਏ ਕਰਫਿਊ ਦੌਰਾਨ ਸੰਗਤਾਂ ਦੀ ਆਵਾਜਾਈ ਘੱਟ ਹੈ ਪਰ ਸੱਚਖੰਡ ਦੀ ਮਰਿਆਦਾ ਪੂਰੀ ਤਰ੍ਹਾਂ ਕਾਇਮ ਰੱਖੀ ਗਈ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਰੱਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਵੀ ਸ੍ਰੀ ਹਰਿਮੰਦਰ ਸਾਹਿਬ ਅਤੇ ਸਬੰਧਿਤ ਅਸਥਾਨਾਂ ਵਿਖੇ ਹੋ ਰਹੇ ਹਨ। ਸ੍ਰੀ ਅਖੰਡ ਪਾਠ ਸਾਹਿਬ ਬੰਦ ਕੀਤੇ ਜਾਣ ਦੀ ਕਿਸੇ ਨੇ ਗਲਤ ਅਫ਼ਵਾਹ ਫੈਲਾਈ ਹੈ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਘੰਟਾ ਘਰ ਇਨਫਰਮੇਸ਼ਨ ਦਫ਼ਤਰ ਦੇ ਸਾਹਮਣੇ ਨਿਹੰਗ ਸਿੰਘਾਂ ਵੱਲੋਂ ਦਿੱਤੇ ਗਏ ਧਰਨੇ ਬਾਰੇ ਸਾਨੂੰ ਬਿਲਕੁਲ ਨਹੀਂ ਪਤਾ ਤੇ ਨਾ ਹੀ ਅਸੀਂ ਲੰਗਰ ਬੰਦ ਕੀਤਾ ਹੈ। ਲੰਗਰ ਗੁਰੂ ਕਾ ਹੈ ਜਿੱਥੇ ਮਰਜ਼ੀ ਕੋਈ ਛਕੇ।

ਪੁਲਸ ਨਾਕੇ ਅਤੇ ਡਾਕਟਰੀ ਟੀਮਾਂ ਨੂੰ ਪਹੁੰਚਾਇਆ ਗਿਆ ਲੰਗਰ
ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਦੀ ਪ੍ਰਥਾ ਅਨੁਸਾਰ ਸਰਬੱਤ ਦੇ ਭਲੇ ਲਈ ਬਿਨਾਂ ਕਿਸੇ ਭੇਦਭਾਵ ਦੇ ਇਸ ਔਖੀ ਘੜੀ 'ਚ ਗੁਰੂ ਰਾਮਦਾਸ ਸਰਾਂ ਦੇ ਬਾਹਰ, ਰੇਲਵੇ ਸਟੇਸ਼ਨ, ਬੱਸ ਸਟੈਂਡ, ਸਿਵਲ ਹਸਪਤਾਲ, ਗੁਰੂ ਰਾਮਦਾਸ ਹਸਪਤਾਲ, ਪੁਲਸ ਨਾਕਿਆਂ ਅਤੇ ਡਾਕਟਰੀ ਟੀਮਾਂ ਨੂੰ ਗੁਰੂ ਰਾਮਦਾਸ ਲੰਗਰ 'ਚੋਂ ਲੰਗਰ ਪਹੁੰਚਾਇਆ ਗਿਆ ਹੈ।

ਇਹ ਵੀ ਪੜ੍ਹੋ ► 21 ਦਿਨ ਲਾਕ ਡਾਊਨ : ਘਬਰਾਉਣ ਦੀ ਲੋੜ ਨਹੀਂ, ਜਾਣੋ ਕਿਨ੍ਹਾਂ ਚੀਜ਼ਾਂ 'ਤੇ ਮਿਲੇਗੀ ਛੋਟ 

ਓ. ਪੀ. ਡੀ. ਸੇਵਾਵਾਂ ਬੰਦ
ਕੈਮਿਸਟਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਬਾਹਰ ਦਵਾਈ ਲੈਣ ਵਾਲੇ ਮਰੀਜ਼ਾਂ ਦੀ ਲਾਈਨ ਲੱਗੀ ਰਹੀ ਪਰ ਗੇਟ ਕੀਪਰ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਸ ਕੋਲ ਪਰਚੀ ਹੈ, ਉਹ ਦਵਾਈ ਲੈ ਸਕਦਾ ਹੈ। ਹਸਪਤਾਲ ਦੇ ਗੇਟ ਦੇ ਬਾਹਰ ਓ. ਪੀ. ਡੀ. ਬੰਦ ਰਹਿਣ ਬਾਰੇ ਵੀ ਲਿਖਿਆ ਗਿਆ ਸੀ। ਕੋਰੋਨਾ ਦੀ ਮਾਰ ਕਾਰਣ ਜੇਕਰ ਕੋਈ ਵਿਅਕਤੀ ਕਿਸੇ ਵੀ ਕਾਰਣ ਬੀਮਾਰ ਹੋ ਜਾਂਦਾ ਹੈ ਤਾਂ ਓ. ਪੀ. ਡੀ. ਬੰਦ ਰਹਿਣ ਕਾਰਣ ਉਹ ਕਿੱਥੇ ਇਲਾਜ ਕਰਵਾਉਣ ਲਈ ਜਾਵੇਗਾ। ਹਾਲਾਂਕਿ ਸੀਰੀਅਸ ਮਰੀਜ਼ਾਂ ਨੂੰ ਅੰਦਰ ਲੰਘਾਇਆ ਜਾ ਰਿਹਾ ਸੀ।

 

ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ 'ਚ ਸਰਕਾਰ ਵਲੋਂ ਲਾਏ ਗਏ ਕਰਫਿਊ ਦੇ ਕਾਰਨ ਸ਼ਹਿਰ ਦੇ ਲੋਕ ਆਪਣੇ ਘਰਾਂ 'ਚ ਹੀ ਰਹੇ। ਮੱਸਿਆ ਦੇ ਦਿਹਾੜੇ 'ਤੇ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਲੱਭਦੀ, ਉਥੇ ਕੋਰੋਨਾ ਵਾਇਰਸ ਦੇ ਕਾਰਣ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਘੱਟ ਦੇਖੀ ਗਈ। ਇਸ ਦਾ ਇਕ ਕਾਰਣ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਨਤਾ ਕਰਫਿਊ ਲਾਇਆ ਜਾਣਾ ਵੀ ਹੈ।

ਇਹ ਵੀ ਪੜ੍ਹੋ ► ਜਲੰਧਰ ਪੁੱਜਿਆ ਕੋਰੋਨਾ ਵਾਇਰਸ, 70 ਸਾਲਾ ਔਰਤ ਦਾ ਟੈਸਟ ਪਾਜ਼ੇਟਿਵ

ਇਹ ਵੀ ਪੜ੍ਹੋ ► ਲੁਧਿਆਣਾ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, 43 ਲੋਕਾਂ ਦੀ ਰਿਪੋਰਟ ਨੈਗੇਟਿਵ

Anuradha

This news is Content Editor Anuradha