ਮੋਗਾ ਅਤੇ ਬਾਘਾਪੁਰਾਣਾ ''ਚ ਮੁੜ ਲੱਗਾ ਕਰਫਿਊ

08/29/2017 2:24:03 AM

ਮੋਗਾ,  (ਪਵਨ ਗਰੋਵਰ/ਗੋਪੀ ਰਾਊਕੇ/ਆਜ਼ਾਦ)-  ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਿੱਥੇ ਜਬਰ-ਜ਼ਨਾਹ ਦੇ ਮਾਮਲੇ 'ਚ ਅੱਜ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਨਾਲ ਦੇਸ਼ ਦੇ ਲੋਕਾਂ ਦਾ ਭਾਰਤੀ ਨਿਆ ਪ੍ਰਣਾਲੀ 'ਚ ਭਰੋਸਾ ਹੋਰ ਵੀ ਵਧਿਆ ਹੈ, ਉੱਥੇ ਹੀ ਇਸ ਫੈਸਲੇ ਤੋਂ ਪਹਿਲਾਂ ਅੱਜ ਪੰਜਾਬ ਦੇ 10 ਜ਼ਿਲਿਆਂ ਦੀ ਤਰ੍ਹਾਂ ਮੋਗਾ 'ਚ ਦੁਪਹਿਰ 1:00 ਵਜੇ ਸੁਰੱਖਿਆ ਕਾਰਨਾਂ ਕਰ ਕੇ ਮੁੜ 'ਕਰਫਿਊ' ਲਾ ਦਿੱਤਾ ਗਿਆ, ਜਿਸ ਕਾਰਨ ਮਨੁੱਖੀ ਜ਼ਿੰਦਗੀ ਦੁਪਹਿਰ ਮਗਰੋਂ ਮੁੜ ਘਰਾਂ 'ਚ ਕੈਦ ਹੋ ਕੇ ਰਹਿ ਗਈ। ਜਿਉਂ ਹੀ ਜ਼ਿਲਾ ਮੈਜਿਸਟ੍ਰੇਟ ਨੇ 1:00 ਵਜੇ ਤੋਂ ਪਹਿਲਾਂ ਅਣਮਿੱਥੇ ਸਮੇਂ ਲਈ ਕਰਫਿਊ ਲਾਉਣ ਦਾ ਐਲਾਨ ਕੀਤਾ ਤਾਂ ਤੁਰੰਤ ਹੀ ਇਸ ਸਮੇਂ ਤੋਂ ਪਹਿਲਾਂ ਦੁਕਾਨਦਾਰਾਂ ਨੇ 'ਕਾਹਲੀ' ਨਾਲ ਦੁਕਾਨਾਂ ਬੰਦ ਕਰ ਦਿੱਤੀਆਂ। 
ਭਾਵੇਂ ਅਦਾਲਤ ਵੱਲੋਂ ਫੈਸਲਾ 3:27 ਵਜੇ ਦੇ ਲਗਭਗ ਸੁਣਾਇਆ ਗਿਆ ਹੈ ਪਰ ਇਸ ਤੋਂ ਪਹਿਲਾਂ ਹੀ ਮੋਗਾ ਸ਼ਹਿਰ ਦੇ 'ਚਾਰੇ-ਪਾਸੇ' ਸੰਨਾਟਾ ਛਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 25 ਅਗਸਤ ਨੂੰ ਡੇਰਾ ਮੁਖੀ ਨੂੰ ਇਸੇ ਮਾਮਲੇ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਵੀ ਮੋਗਾ ਵਿਖੇ ਕਰਫਿਊ ਲਾਇਆ ਗਿਆ ਸੀ ਪਰ ਬੀਤੀ ਕੱਲ ਸਵੇਰੇ 6:00 ਵਜੇ ਹੀ ਕਰਫਿਊ ਹਟਾਇਆ ਗਿਆ ਸੀ। 
ਬਾਘਾਪੁਰਾਣਾ, (ਰਾਕੇਸ਼)-ਡੇਰਾ ਮੁਖੀ ਦੀ ਸਜ਼ਾ ਨੂੰ ਲੈ ਕੇ ਅੱਜ ਪ੍ਰਸ਼ਾਸਨ ਵੱਲੋਂ ਬਾਘਾਪੁਰਾਣਾ 'ਚ ਦੁਪਹਿਰ 1:00 ਵਜੇ ਤੋਂ ਮੁੜ ਕਰਫਿਊ ਲਾ ਦਿੱਤਾ ਗਿਆ। ਪੁਲਸ ਪ੍ਰਸ਼ਾਸਨ ਵੱਲੋਂ ਕਸਬੇ ਦੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਕੇ ਬਾਹਰੋਂ ਆਉਣ ਵਾਲੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਸੀ ਅਤੇ ਸੁਰੱਖਿਆ ਪ੍ਰਬੰਧ ਹੋਰ ਵੀ ਸਖਤ ਕਰ ਕੇ ਪੁਲਸ ਦੀਆਂ ਗੱਡੀਆਂ ਦੀ ਗਸ਼ਤ ਵੀ ਵਧਾ ਦਿੱਤੀ ਗਈ। ਇਸ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲੇ ਕਈ ਲੋਕਾਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ। ਅੱਜ ਸਵੇਰ ਤੋਂ ਹੀ ਬਾਜ਼ਾਰ ਮੁਕੰਮਲ ਤੌਰ 'ਤੇ ਪਹਿਲਾਂ ਹੀ ਬੰਦ ਸਨ। ਤਾਜ਼ਾ ਹਾਲਾਤ ਨੂੰ ਦੇਖਦਿਆਂ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਬੱਸ ਸਟੈਂਡ 'ਤੇ ਵੀ ਕੋਈ ਬੱਸ ਨਜ਼ਰ ਨਹੀਂ ਆਈ, ਜਿੱਥੇ ਅਰਧ ਸੈਨਿਕ ਬਲ ਤਾਇਨਾਤ ਹਨ। 
ਕਸਬੇ 'ਚ ਡੇਰਾ ਮੁਖੀ ਮਾਮਲੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ 14 ਅਗਸਤ ਤੋਂ ਚੌਕਸ ਹੈ ਅਤੇ ਪਿਛਲੇ 7 ਦਿਨਾਂ ਤੋਂ ਪੁਲਸ ਅਤੇ ਅਰਧ ਸੈਨਿਕ ਬਲ ਦੇ ਜਵਾਨ ਚੱਪੇ-ਚੱਪੇ 'ਤੇ ਤਾਇਨਾਤ ਹਨ। ਦੂਸਰੇ ਪਾਸੇ ਕਸਬੇ 'ਚ ਡੇਰਾ ਸੱਚਾ ਸੌਦਾ ਦਾ ਨਾਮ ਚਰਚਾ ਘਰ ਨੇੜਲੇ ਪਿੰਡ ਬੁੱਧ ਸਿੰਘ ਵਾਲਾ ਦੇ ਨਜ਼ਦੀਕ ਪੈਂਦਾ ਹੈ, ਜੋ ਕਸਬੇ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿਸ 'ਤੇ ਪੁਲਸ ਨੇ ਪਹਿਰਾ ਲਾਇਆ ਹੋਇਆ ਹੈ ਅਤੇ ਅੱਜਕਲ ਨਾਮ ਚਰਚਾ ਵੀ ਬੰਦ ਹੈ। ਨਜ਼ਦੀਕੀ ਚਨੂੰਵਾਲਾ ਰੋਡ ਦੇ ਸੂਏ 'ਤੇ ਪੁਲਸ ਫੋਰਸ ਭਾਰੀ ਗਿਣਤੀ 'ਚ ਤਾਇਨਾਤ ਹੈ। 
ਇਸ ਦੌਰਾਨ ਡੀ. ਐੱਸ. ਪੀ. ਸੁਖਦੀਪ ਸਿੰਘ ਨੇ ਕਿਹਾ ਕਿ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਸ਼ਰਾਰਤੀ ਅਨਸਰਾਂ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਪੈਦਾ ਹੋਏ ਹਾਲਾਤ ਕਾਰਨ ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਪਿਛਲੇ 4 ਦਿਨਾਂ ਤੋਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਕਾਰੋਬਾਰ ਬੰਦ ਰਹਿਣ ਕਰ ਕੇ ਵਪਾਰੀ ਵਰਗ ਬੇਚੈਨੀ ਵਿਚ ਹੈ। ਇਸ ਦੇ ਨਾਲ ਹੀ ਲੋਕਾਂ ਦੇ ਵਿਆਹ ਅਤੇ ਧਾਰਮਿਕ ਸਮਾਗਮ ਵੀ ਨਹੀਂ ਹੋ ਰਹੇ ਅਤੇ ਪੁਲਸ ਦੀ ਸਖਤ ਕਾਰਵਾਈ ਕਰ ਕੇ ਲੋਕ ਘਰਾਂੋਂ ਬਾਹਰ ਨਹੀਂ ਨਿਕਲ ਰਹੇ ਤੇ ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਅਤੇ ਆਈਲੈਟਸ ਸੈਂਟਰ ਮੁਕੰਮਲ ਤੌਰ 'ਤੇ ਬੰਦ ਹਨ, ਜਿਸ ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਰੋਜ਼ੀ-ਰੋਟੀ ਕਮਾਉਣ ਵਾਲਾ ਗਰੀਬ ਵਰਗ ਵੀ ਬੇਹੱਦ ਪ੍ਰੇਸ਼ਾਨੀ 'ਚ ਹੈ।