ਚੰਡੀਗੜ੍ਹ ''ਚ ਅੱਜ ਤੋਂ ''ਕਰਫਿਊ'' ਖਤਮ, ਸਵੇਰੇ 10 ਵਜੇ ਤੋਂ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

05/04/2020 10:52:34 AM

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪ੍ਰਸ਼ਾਸਨ ਦੀ ਐਤਵਾਰ ਸ਼ਾਮ ਹੋਈ ਬਾਰ ਰੂਮ ਮੀਟਿੰਗ ’ਚ ਸੋਮਵਾਰ ਨੂੰ ਸ਼ਹਿਰ 'ਚ ਕਰਫਿਊ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਲਾਕ ਡਾਊਨ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਰਹੇਗਾ। ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਸ਼ਨੀਵਾਰ ਨੂੰ ਦੁਕਾਨਾਂ ਖੋਲ੍ਹਣ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਗਿਆ ਹੈ। ਹੁਣ ਇੰਟਰਨਲ ਸੈਕਟਰਾਂ ਦੀ ਮਾਰਕੀਟ ’ਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਓਡ-ਈਵਨ ਫਾਰਮੂਲੇ ਅਨੁਸਾਰ ਦੁਕਾਨਾਂ ਖੁੱਲ੍ਹਣਗੀਆਂ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ ਚੜ੍ਹਦੇ ਹੀ ਕੋਰੋਨਾ ਦੇ 5 ਕੇਸ, ਅੰਕੜਾ ਪੁੱਜਾ 100 ਦੇ ਪਾਰ

ਭਾਵ 4 ਮਈ ਨੂੰ ਈਵਨ ਅਤੇ 5 ਮਈ ਨੂੰ ਆਡ ਨੰਬਰ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਸ਼ਰਾਬ ਦੇ ਅਹਾਤੇ ਬੰਦ ਰਹਿਣਗੇ ਪਰ ਸ਼ਰਾਬ ਅਤੇ ਪਾਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹ ਯਕੀਨੀ ਕਰਨਾ ਹੋਵੇਗਾ ਕਿ ਇਕ ਵਾਰ ’ਚ ਇਕ ਲਿਕਰ ਅਤੇ ਪਾਨ ਸ਼ਾਪ ’ਤੇ ਪੰਜ ਤੋਂ ਜ਼ਿਆਦਾ ਲੋਕਾਂ ਦੀ ਭੀੜ ਨਾ ਹੋਵੇ। ਸਰਕਾਰੀ ਦਫਤਰ ਖੁੱਲ੍ਹਣਗੇ ਪਰ 11 ਮਈ ਤੱਕ ਕੋਈ ਪਬਲਿਕ ਡੀਲਿੰਗ ਨਹੀਂ ਹੋਵੇਗੀ। ਸੰਪਰਕ ਸੈਂਟਰ ਵੀ 11 ਮਈ ਤੋਂ ਹੀ ਖੁੱਲ੍ਹਣਗੇ। ਇੰਟਰ ਸਟੇਟ ਟ੍ਰੈਵਲ ਦੀ ਮਨਜ਼ੂਰੀ ਸਿਰਫ਼ ਮਨਜ਼ੂਰ ਗਤੀਵਿਧੀਆਂ ਲਈ ਹੀ ਹੋਵੇਗੀ। ਚੰਡੀਗੜ੍ਹ ’ਚ ਮੋਹਾਲੀ ਅਤੇ ਪੰਚਕੂਲਾ ਦੇ ਡੀ. ਸੀ. ਵਲੋਂ ਜਾਰੀ ਕੀਤੇ ਗਏ ਪਰਮਿਟ ਵੀ ਮੰਨਣਯੋਗ ਹੋਣਗੇ। ਚੰਡੀਗੜ੍ਹ ’ਚ ਐਂਟਰੀ ਆਈਕਾਰਡ ਅਤੇ ਪਾਸ ਦੇ ਆਧਾਰ ’ਤੇ ਹੀ ਹੋਵੇਗੀ। ਦੂਜੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲਿਆਂ ਨੂੰ ਇਸ ’ਚ ਬਿਨਾਂ ਪਾਸ ਚੱਲਣ ਦੀ ਛੋਟ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਤੋਂ ਯੂ. ਪੀ., ਬਿਹਾਰ ਜਾਣ ਵਾਲੇ 14 ਦਿਨਾਂ ਲਈ ਹੋਣਗੇ 'ਕੁਆਰੰਟਾਈਨ'

ਚੰਡੀਗੜ੍ਹ ਦੇ ਐਂਟਰੀ ਪੁਆਇੰਟਾਂ ’ਤੇ ਥਰਮਲ ਸਕੈਨਿੰਗ ਕੀਤੀ ਜਾਵੇਗੀ। ਲੋਕਾਂ ਨੂੰ ਕਾਰਾਂ ਅਤੇ ਵਾਹਨਾਂ ਦੇ ਓਡ-ਈਵਨ ਸਿਸਟਮ ਤੋਂ ਵੀ ਛੋਟ ਦੇ ਦਿੱਤੀ ਗਈ ਹੈ। ਹੁਣ ਸਾਰੇ ਨੰਬਰ ਦੇ ਵਾਹਨਾਂ ਨੂੰ ਚੱਲਣ ਦੀ ਇਜਾਜ਼ਤ ਮਿਲ ਗਈ ਹੈ। ਰੈਸਟੋਰੈਂਟ, ਬਾਰ, ਸਵੀਟ ਸ਼ਾਪ ਅਤੇ ਹੋਟਲ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਕੰਜੈਸਟਿਡ ਮਾਰਕੀਟ ਜਿਵੇਂ ਸੈਕਟਰ-46 ਦੀ ਰੇਹੜੀ ਮਾਰਕੀਟ, ਸੈਕਟਰ-22 ਡੀ ਦੀ ਸ਼ਾਸਤਰੀ ਮਾਰਕੀਟ, ਸੈਕਟਰ-13 ਦੀ ਮੁੱਖ ਮਾਰਕੀਟ, ਸੈਕਟਰ-41 ਦੀ ਕ੍ਰਿਸ਼ਨਾ ਮਾਰਕੀਟ, ਸੈਕਟਰ-19 ਦੇ ਸਦਰ ਬਾਜ਼ਾਰ ਅਤੇ ਪਾਲਿਕਾ ਬਾਜ਼ਾਰ, ਸੈਕਟਰ-18 ਦੀ ਗਾਂਧੀ ਮਾਰਕੀਟ, ਸੈਕਟਰ-27 ਦੀ ਜਨਤਾ ਮਾਰਕੀਟ ਪੂਰੀ ਤਰ੍ਹਾਂ ਬੰਦ ਰਹਿਣਗੀਆਂ । ਕੰਟੇਨਮੈਂਟ ਏਰੀਏ ’ਚ ਪਹਿਲਾਂ ਦੀ ਤਰ੍ਹਾਂ ਪਾਬੰਦੀਆਂ ਲਾਗੂ ਰਹਿਣਗੀਆਂ। ਉੱਥੇ ਹੀ ਪ੍ਰਸਾਸ਼ਨ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਨਿਕਲਣ। ਕਿਸੇ ਨੂੰ ਜੇਕਰ ਇਸ ਫੈਸਲਿਆਂ ’ਤੇ ਇਤਰਾਜ਼ ਹੈ ਤਾਂ ਉਹ ਆਪਣੇ ਸੁਝਾਅ ਵਿੱਤ ਸਕੱਤਰ ਦੀ ਅਗਵਾਈ ’ਚ ਗਠਿਤ ਕਮੇਟੀ ਨੂੰ ਦੇ ਸਕਦੇ ਹਨ।
ਇਹ ਵੀ ਪੜ੍ਹੋ : ਮਾਛੀਵਾੜਾ 'ਚ 'ਕੋਰੋਨਾ' ਨੇ ਦਿੱਤੀ ਦਸਤਕ, ਪਹਿਲੇ ਪਾਜ਼ੇਟਿਵ ਕੇਸ ਦੀ ਪੁਸ਼ਟੀ


 

Babita

This news is Content Editor Babita