ਸ਼ਹਿਰ ’ਚ ਕਰਫਿਊ ਜਾਰੀ, ਐਮਰਜੈਂਸੀ ਨੂੰ ਵੇਖਦਿਆਂ ਪ੍ਰਸ਼ਾਸਨ ਨੇ 4 ਘੰਟਿਆਂ ਲਈ ਖੋਲ੍ਹੇ ਮੈਡੀਕਲ ਸਟੋਰ

03/26/2020 3:33:16 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) - ਪੰਜਾਬ ਭਰ ’ਚ ਲਾਕਡਾਊਨ ਦੀ ਸਥਿਤੀ ਦੇ ਚਲਦਿਆਂ ਲਗਾਏ ਗਏ ਕਰਫ਼ਿਊ ’ਚ ਸ੍ਰੀ ਮੁਕਤਸਰ ਸਾਹਿਬ ਵੀਰਵਾਰ ਨੂੰ ਵੀ ਮੁਕੰਮਲ ਬੰਦ ਰਿਹਾ ਪਰ ਕਰਫਿਊ ਦੇ 5ਵੇਂ ਦਿਨ ਲੋਕਾਂ ਨੂੰ ਕੁਝ ਰਾਹਤ ਮਿਲਦੀ ਦਿਖਾਈ ਦਿੱਤੀ। ਪੁਲਸ ਮੁਲਾਜ਼ਮਾਂ ਵਲੋਂ ਜਿਥੇ ਸ਼ਹਿਰ ਦੇ ਬਾਹਰੀ ਰਸਤਿਆਂ ’ਤੇ ਨਾਕਾਬੰਦੀ ਲਗਾਤਾਰ ਜਾਰੀ ਰਹੀ, ਉਥੇ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਵਿਚ ਪੁਲਸ ਵਲੋਂ ਗਸ਼ਤ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਜ਼ਿਲੇ ਦੇ ਡੀ.ਸੀ. ਐੱਮ.ਕੇ. ਅਰਾਵਿੰਦ ਕੁਮਾਰ ਅਤੇ ਐੱਸ.ਐੱਸ.ਪੀ ਰਾਜਬਚਨ ਸਿੰਘ ਸਿੱਧੂ ਦੀਆਂ ਹਦਾਇਤਾਂ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੀ ਚੌਕਸੀ ਬਰਕਰਾਰ ਰਹੀ। ਡੀ.ਐੱਸ.ਪੀ. ਤਲਵਿੰਦਰਜੀਤ ਸਿੰਘ ਗਿੱਲ ਅਤੇ ਐੱਸ.ਐੱਚ.ਓ. ਸਿਟੀ ਤੇਜਿੰਦਰਪਾਲ ਸਿੰਘ ਦੀ ਅਗਵਾਈ ਵਿਚ ਪੁਲਸ ਟੀਮਾਂ ਨੇ ਸਾਰੇ ਸ਼ਹਿਰ ’ਤੇ ਆਪਣੀ ਨਜ਼ਰ ਬਣਾਈ ਹੋਈ ਹੈ। ਕਰਫ਼ਿਊ ਦੀ ਉਲੰਘਣਾ ਕਰਕੇ ਬਾਹਰ ਆਉਣ ਵਾਲੇ ਲੋਕਾਂ ਨੂੰ ਵਾਪਸ ਘਰ ਭੇਜਿਆ ਜਾ ਰਿਹਾ ਹੈ।

22 ਮਾਰਚ ਤੋਂ ਚੱਲ ਰਹੇ ਕਰਫ਼ਿਊ ਦੌਰਾਨ ਸ਼ਹਿਰ ਵਾਸੀਆਂ ਅੰਦਰ ਖ਼ਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਹਫ਼ੜਾ ਦਫ਼ੜੀ ਮਚੀ ਹੋਈ ਸੀ ਪਰ ਜ਼ਿਲਾ ਪ੍ਰਸ਼ਾਸਨ ਨੇ ਪਹਿਲਾਂ ਦੁੱਧ, ਸਬਜ਼ੀਆਂ, ਫ਼ਿਰ ਮੈਡੀਕਲ ਸਟੋਰਾਂ ਅਤੇ ਹੁਣ ਪੈਟਰੋਲ ਪੰਪਾਂ ਨੂੰ ਐਮਰਜੈਂਸੀ ਲਈ ਖੋਲ੍ਹਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਲੋਕਾਂ ਅੰਦਰ ਸਬਜ਼ੀਆਂ ਖ਼ਰੀਦਣ, ਦਵਾਈਆਂ ਖ਼ਰੀਦਣ ਅਤੇ ਪੈਟਰੋਲ ਭਰਵਾਉਣ ਦਾ ਤਾਂਤਾਂ ਲੱਗ ਗਿਆ। ਸ਼ਹਿਰ ਦੇ ਸਾਰੇ ਬਾਹਰੀ ਰਸਤਿਆਂ ਨੂੰ ਸੀਲ੍ਹ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਆਉਣ ਜਾਣ ਵਾਲੇ ਹਰ ਨਾਗਰਿਕ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।  

ਇਕ ਦਿਨ ਲਈ ਖੁੱਲ੍ਹੇ ਸ਼ਹਿਰ ਦੇ ਮੈਡੀਕਲ ਸਟੋਰ 
ਐਮਰਜੈਂਸੀ ਹਾਲਾਤਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਜਿੱਥੇ ਸਵੇਰੇ 9 ਤੋਂ ਦੁਪਹਿਰ ਦੇ 12 ਵਜੇ ਤੱਕ ਸਿਰਫ਼ ਦੁੱਧ ਤੇ ਮਹਿਜ਼ ਦੋ ਮੈਡੀਕਲ ਸਟੋਰਾਂ ਨੂੰ ਖੋਲ੍ਹੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਫੈਸਲੇ ਵਿਚ ਵਾਧਾ ਕਰਦਿਆਂ ਵੀਰਵਾਰ ਨੂੰ ਸ਼ਹਿਰ ਭਰ ਦੇ ਮੈਡੀਕਲ ਸਟੋਰ ਖੋਲ੍ਹੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਐਨਾ ਹੀ ਨਹੀਂ, ਸਬਜ਼ੀ ਮੰਡੀ ਵੀ ਖੁੱਲ੍ਹੀ ਰਹੀ। ਰੇਹੜ੍ਹੀਆਂ ਵਾਲੇ ਲੋਕਾਂ ਦੇ ਘਰਾਂ ਤੱਕ ਸਬਜ਼ੀਆਂ ਪਹੁੰਚਾਉਂਦੇ ਵੀ ਵਿਖਾਈ ਦਿੱਤੇ। ਪਿੰਡਾਂ ਤੋਂ ਸ਼ਹਿਰਾਂ ਤੱਕ ਦੁੱਧ ਦੀ ਸਪਲਾਈ ਜਾਰੀ ਰਹੀ, ਜਦੋਂਕਿ ਸ਼ਹਿਰ ਭਰ ਅੰਦਰ ਦੋਧੀ ਘਰਾਂ ਤੱਕ ਦੁੱਧ ਸਪਲਾਈ ਕਰਦੇ ਵਿਖਾਈ ਦਿੱਤੇ। ਇਸੇ ਤਰ੍ਹਾਂ ਸ਼ਹਿਰ ਦੇ ਪੈਟਰੋਲ ਪੰਪ, ਮੈਡੀਕਲ ਸਟੋਰ ਵੀ ਇਕ ਦਿਨ ਲਈ ਖੋਲ੍ਹ ਦਿੱਤੇ ਗਏ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਦਿੱਤੀ। ਡਰੱਗ ਇੰਸਪੈਕਟਰ ਓਂਕਾਰ ਸਿੰਘ ਤੇ ਹਰੀਤਾ ਬਾਂਸਲ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸਿਰਫ਼ ਇਕ ਦਿਨ ਲਈ ਸ਼ਹਿਰ ਭਰ ਦੇ ਮੈਡੀਕਲ ਸਟੋਰ ਖੋਲ੍ਹੇ ਗਏ ਤਾਂ ਜੋ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਦਵਾਈਆਂ ਖ਼ਰੀਦ ਸਕਣ। 

rajwinder kaur

This news is Content Editor rajwinder kaur