ਕਰਫਿਊ ਦੇ ਬਾਵਜੂਦ ਚਿੱਟੇ ਦੀ ਸਪਲਾਈ, ਆਪਸ ''ਚ ਛਿੱਤਰੋ-ਛਿੱਤਰੀ ਹੋਏ ਨਸ਼ੇੜੀ

03/30/2020 4:48:16 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ 'ਚ ਲੱਗੇ ਕਰਫਿਊ ਦੇ ਬਾਵਜੂਦ ਨਸ਼ਿਆਂ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਥਾਣਾ ਕੂੰਮਕਲਾਂ ਦੇ ਪਿੰਡ ਚੌਂਤਾਂ ਨਾਲ ਲੱਗਦੇ ਹਾਦੀਵਾਲ ਨੇੜ੍ਹੇ ਅੱਜ ਫਿਰ ਚਿੱਟੇ ਦੀ ਸਪਲਾਈ ਕਰਨ ਅਤੇ ਖਰੀਦਣ ਵਾਲੇ ਆਪਸ ਵਿਚ ਭਿੜ ਪਏ। ਇਸ ਝਗੜੇ ਦੌਰਾਨ ਪਿੰਡ ਵਾਲਿਆਂ ਨੇ ਮੌਕੇ 'ਤੇ ਇਕੱਠੇ ਹੋ ਕੇ 6 ਵਿਅਕਤੀਆਂ ਨੂੰ ਤਾਂ ਕਾਬੂ ਕਰਕੇ ਪੁਲਸ ਦੇ ਸਪੁਰਦ ਕਰ ਦਿੱਤਾ ਜਦਕਿ ਬਾਕੀ ਫ਼ਰਾਰ ਹੋ ਗਏ। ਹਾਦੀਵਾਲ ਦੇ ਨਿਵਾਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਪਿੰਡ ਦੇ ਬਾਹਰ-ਬਾਹਰ ਸਵੇਰੇ ਖੇਤਾਂ 'ਚ ਕੁੱਝ ਵਿਅਕਤੀ ਇਕੱਠੇ ਹੋਏ ਸਨ ਅਤੇ ਇਸ ਦੌਰਾਨ ਉਹ ਆਪਸ ਵਿਚ ਲੜਨ ਲੱਗ ਪਏ, ਜਦੋਂ ਇਹ ਵਿਅਕਤੀ ਇਕ-ਦੂਜੇ ਦੀ ਕੁੱਟਮਾਰ ਕਰ ਰਹੇ ਸਨ ਤਾਂ ਉਹ ਹੋਰਨਾਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜਿਆ ਤਾਂ ਇਸ ਦੌਰਾਨ ਕਰੇਟਾ ਕਾਰ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ। ਜਦਕਿ ਬਾਕੀ ਹੋਰ ਨੌਜਵਾਨ ਜੋ ਮੋਟਰਸਾਈਕਲਾਂ 'ਤੇ ਆਏ ਸਨ ਉਨ੍ਹਾਂ ਨੂੰ ਪਿੰਡ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਕਾਬੂ ਕਰ ਲਿਆ। 

ਇਹ ਵੀ ਪੜ੍ਹੋ : ਕਰਫਿਊ ਨੇ ਤੋੜਿਆ ਨਸ਼ਾ ਸਪਲਾਈ ਦਾ ਲੱਕ, ਹਸਪਤਾਲ 'ਚ ਲੱਗੀਆਂ ਨਸ਼ੇੜੀਆਂ ਦੀਆਂ ਕਤਾਰਾਂ      

ਕਾਬੂ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਹ ਇੱਥੇ ਨਸ਼ੀਲਾ ਪਦਾਰਥ ਚਿੱਟਾ ਲੈਣ ਆਏ ਸਨ ਅਤੇ ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਪਿੰਡ ਵਾਸੀਆਂ ਨੇ ਇਹ ਚਿੱਟਾ ਲੈਣ ਆਏ ਨੌਜਵਾਨ ਜੋ ਚੌਂਤਾਂ ਦੇ ਆਸ-ਪਾਸ ਇਲਾਕੇ ਦੇ ਦੱਸੇ ਜਾ ਰਹੇ ਹਨ ਨੂੰ ਕਾਬੂ ਕਰ ਕੂੰਮਕਲਾਂ ਪੁਲਸ ਨੂੰ ਸੂਚਿਤ ਕਰ ਦਿੱਤਾ। ਕੂੰਮਕਲਾਂ ਪੁਲਸ ਮੌਕੇ 'ਤੇ ਪੁੱਜੀ ਜਿਨ੍ਹਾਂ ਨੇ ਨੌਜਵਾਨਾਂ ਨੂੰ ਥਾਣੇ ਲਿਆਂਦਾ। ਇਲਾਕੇ ਵਿਚ ਲੱਗੇ ਕਰਫਿਊ ਦੇ ਬਾਵਜੂਦ ਅਤੇ ਨਸ਼ਿਆਂ ਦੀ ਰਾਜਧਾਨੀ ਚੌਂਤਾ ਨੇੜੇ ਚਿੱਟੇ ਦੀ ਇਹ ਸੌਦੇਬਾਜ਼ੀ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ ਕਿ ਚਿੱਟੇ ਦੇ ਤਸਕਰ ਇੰਨੀ ਸਖ਼ਤੀ ਦੇ ਬਾਵਜੂਦ ਨਸ਼ੀਲੇ ਪਦਾਰਥ ਦੀ ਸਪਲਾਈ ਕਰ ਰਹੇ ਹਨ। ਕਾਬੂ ਆਏ ਨੌਜਵਾਨਾਂ ਨੇ ਪਿੰਡ ਵਾਸੀਆਂ ਨੂੰ ਇਹ ਵੀ ਦੱਸਿਆ ਕਿ ਨਸ਼ੀਲੇ ਪਦਾਰਥ ਕਾਰਨ ਜਿਨ੍ਹਾਂ ਨਾਲ ਝਗੜਾ ਹੋਇਆ ਉਹ ਮਾਛੀਵਾੜਾ ਇਲਾਕੇ ਦੇ ਹਨ ਜੋ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਲੁਧਿਆਣਾ 'ਚ ਵੱਡੀ ਵਾਰਦਾਤ, ਸਿਰ 'ਤੇ ਪਾਵੇ ਮਾਰ ਕੇ ਪਤੀ ਨੇ ਕੀਤਾ ਪਤਨੀ ਦਾ ਕਤਲ      

ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਸਬੰਧੀ ਜਦੋਂ ਥਾਣਾ ਕੂੰਮਕਲਾਂ ਮੁਖੀ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਪਿੰਡ ਹਾਦੀਵਾਲ ਦੇ ਵਾਸੀਆਂ ਵਲੋਂ ਨੌਜਵਾਨ ਕਾਬੂ ਕੀਤੇ ਗਏ ਹਨ, ਉਨ੍ਹਾਂ ਨੂੰ ਜਾਂਚ ਲਈ ਥਾਣੇ ਲਿਆਂਦਾ ਗਿਆ ਹੈ ਪਰ ਮੌਕੇ 'ਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਖੰਨਾ ਦੇ 5 ਵਿਅਕਤੀਆਂ ਦਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਕਰਕੇ ਲੋਕ ਸਹਿਮੇ      

Gurminder Singh

This news is Content Editor Gurminder Singh