ਜਲੰਧਰ: ਅੱਤਵਾਦੀ ਜਾਹਿਦ ਕਾਫੀ ਸਮੇਂ ਤੋਂ ਸੀ ਜ਼ਾਕਿਰ ਦੇ ਸੰਪਰਕ ''ਚ, ਇੰਝ ਹੁੰਦੀਆਂ ਸਨ ਦੋਹਾਂ ਵਿਚਾਲੇ ਗੱਲਾਂ

10/13/2018 1:41:56 PM

ਜਲੰਧਰ (ਜ. ਬ.)— ਏ. ਕੇ. 56, ਧਮਾਕਾਖੇਜ਼ ਸਮੱਗਰੀ, ਪਿਸਟਲ ਅਤੇ ਗੋਲੀਆਂ ਨਾਲ ਗ੍ਰਿਫਤਾਰ ਹੋਏ ਅੱਤਵਾਦੀਆਂ 'ਚੋਂ ਜਾਹਿਦ ਗੁਲਜ਼ਾਰ 8 ਅਗਸਤ ਤੋਂ ਸਿੱਧੇ ਤੌਰ 'ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਾਕਿਰ ਮੂਸਾ ਦੇ ਸੰਪਰਕ 'ਚ ਸੀ ਅਤੇ ਉਹ ਧਾਰੀਵਾਲ ਤੋਂ ਧਮਾਕਾਖੇਜ਼ ਸਮੱਗਰੀ ਅਤੇ ਤਰਨਤਾਰਨ ਫਲਾਈਓਵਰ ਨੇੜਿਓਂ ਏ. ਕੇ. 56 ਰਾਈਫਲ ਅਤੇ ਪਿਸਟਲ ਲਿਆਇਆ ਸੀ। ਦੋਵਾਂ 'ਚ ਇੰਟਰਨੈੱਟ ਕਾਲਿੰਗ ਅਤੇ ਮੈਸੇਜ ਰਾਹੀਂ ਗੱਲਾਂ ਹੁੰਦੀਆਂ ਸਨ।

ਜਾਹਿਦ ਕੋਲੋਂ ਪੁੱਛਗਿੱਛ 'ਚ ਪਤਾ ਲੱਗਾ ਕਿ 12 ਅਪ੍ਰੈਲ 2017 ਨੂੰ ਜਨਤਕ ਤੌਰ 'ਤੇ ਉਸ ਨੇ ਅੰਸਾਰ ਗਜਵਤ-ਉਲ-ਹਿੰਦ ਨੂੰ ਜੁਆਇਨ ਕੀਤਾ ਸੀ। ਜਾਹਿਦ ਦੀ ਸੋਹੇਲ ਨਾਂ ਦੇ ਨੌਜਵਾਨ ਨਾਲ ਪਹਿਲਾਂ ਹੀ ਜਾਣ-ਪਛਾਣ ਸੀ, ਜਦਕਿ ਸੋਹੇਲ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਾਕਿਰ ਮੂਸਾ ਦਾ ਕਾਫੀ ਕਰੀਬੀ ਸੀ। ਮੂਸਾ ਨੇ ਹੀ ਸੋਹੇਲ ਨਾਲ ਗੱਲ ਕਰਨ ਲਈ ਕਿਹਾ ਸੀ। 8 ਅਗਸਤ ਨੂੰ ਪਹਿਲੀ ਵਾਰ ਜ਼ਾਕਿਰ ਮੂਸਾ ਨੇ ਜਾਹਿਦ ਗੁਲਜ਼ਾਰ ਨਾਲ ਗੱਲਬਾਤ ਕੀਤੀ।

ਜਾਹਿਦ ਨੂੰ ਧਾਰੀਵਾਲ ਦੇ ਢਾਬੇ ਨੇੜੇ ਨਿਸ਼ਾਨੀ ਦੱਸ ਕੇ ਉਥੋਂ ਬੈਗ ਚੁੱਕਣ ਲਈ ਕਿਹਾ। ਜਾਹਿਦ ਗੁਲਜ਼ਾਰ ਅਤੇ ਮੁਹੰਮਦ ਈਦਰੀਸ਼ ਧਾਰੀਵਾਲ ਤੋਂ ਧਮਾਕਾਖੇਜ਼ ਸਮੱਗਰੀ ਵਾਲਾ ਬੈਗ ਲੈ ਕੇ ਆਏ ਅਤੇ ਹੋਸਟਲ 'ਚ ਆ ਕੇ ਰੱਖ ਦਿੱਤਾ। ਉਸ ਦੇ ਮਗਰੋਂ ਵੀ ਦੋਵਾਂ ਵਿਚਾਲੇ ਗੱਲਬਾਤ ਹੁੰਦੀ ਰਹਿੰਦੀ ਸੀ। 2 ਮਹੀਨਿਆਂ ਮਗਰੋਂ ਮੂਸਾ ਨੇ ਦੁਬਾਰਾ ਤਰਨਤਾਰਨ ਫਲਾਈਓਵਰ ਨੇੜਿਓਂ ਜਾਹਿਦ ਨੂੰ ਬੈਗ ਲੈਣ ਪਹੁੰਚਣ ਲਈ ਕਿਹਾ, ਜਿਸ 'ਚ ਏ. ਕੇ. 56, ਪਿਸਟਲ ਅਤੇ ਗੋਲੀਆਂ ਸਨ, ਉਸ ਨੂੰ ਵੀ ਜਲੰਧਰ ਲਿਆ ਕੇ ਉਨ੍ਹਾਂ ਨੇ ਆਪਣੇ ਰੂਮ 'ਚ ਰੱਖ ਲਿਆ।
ਜਾਹਿਦ ਅਨੁਸਾਰ ਉਸ ਨੇ ਕਈ ਵਾਰ ਮੂਸਾ ਕੋਲੋਂ ਪੁੱਛਿਆ ਕਿ ਇਸ ਦਾ ਕੀ ਕਰਨਾ ਹੈ ਤਾਂ ਮੂਸਾ ਨੇ ਇਹੀ ਕਿਹਾ ਕਿ ਉਸ ਨੂੰ ਸਿਰਫ ਆਪਣੇ ਕੋਲ ਹੀ ਰੱਖਣਾ। ਮੂਸਾ ਨੇ ਆਪਣੇ ਚਚੇਰੇ ਭਰਾ ਯੂਸਫ ਨਾਲ ਇਸ ਬਾਰੇ ਕੋਈ ਵੀ ਗੱਲ ਨਾ ਕਰਨ ਲਈ ਕਿਹਾ ਸੀ।

ਉਧਰ ਡੀ. ਸੀ. ਪੀ. ਪਰਮਿੰਦਰ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ 'ਚੋਂ ਅਜੇ ਕਿਸੇ ਵੀ ਤਰ੍ਹਾਂ ਦੇ ਟਾਰਗੈੱਟ ਦਾ ਪਤਾ ਨਹੀਂ ਲੱਗਾ। ਇਨ੍ਹਾਂ ਨੂੰ ਮੂਸਾ ਵੱਲੋਂ ਆਰਡਰ ਆਉਣਾ ਸੀ, ਜਿਸ ਦੇ ਮਗਰੋਂ ਇਨ੍ਹਾਂ ਅੱਤਵਾਦੀਆਂ ਨੇ ਕੋਈ ਵਾਰਦਾਤ ਕਰਨੀ ਸੀ।