ਸੋਹੇਲ ਦਾ ਖੁਲਾਸਾ, ਅੱਤਵਾਦੀ ਜ਼ਾਕਿਰ ਮੂਸਾ ਦੇ 2 ਹੋਰ ਕਰੀਬੀਆਂ ਦੇ ਨਾਂ ਆਏ ਸਾਹਮਣੇ

10/17/2018 12:22:24 PM

ਜਲੰਧਰ (ਜ.ਬ.)— ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਾਕਿਰ ਮੂਸਾ ਦੇ ਕਰੀਬੀ ਸੋਹੇਲ ਅਹਿਮਦ ਭੱਟ ਨੇ 2 ਹੋਰ ਅੱਤਵਾਦੀਆਂ ਦੇ ਨਾਂਵਾਂ ਦਾ ਖੁਲਾਸਾ ਕੀਤਾ ਹੈ। ਸੋਹੇਲ ਨੇ ਦਾਅਵਾ ਕੀਤਾ ਹੈ ਕਿ ਜੋ ਹਥਿਆਰ ਸੀ. ਟੀ. ਇੰਸਟੀਚਿਊਟ ਤੋਂ ਬਰਾਮਦ ਹੋਏ ਹਨ, ਉਨ੍ਹਾਂ ਨੂੰ ਮੁਹੱਈਆ ਕਰਵਾਉਣ 'ਚ ਉਨ੍ਹਾਂ ਦਾ ਵੱਡਾ ਹੱਥ ਹੈ। ਜਿਹੜੇ ਅੱਤਵਾਦੀਆਂ ਦਾ ਨਾਂ ਸੋਹੇਲ ਦੱਸ ਰਿਹਾ ਹੈ, ਉਹ ਨਾਂ ਪੁਲਸ ਜਨਤਕ ਨਹੀਂ ਕਰ ਰਹੀ ਪਰ ਪੁਲਸ ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਫੜਨ ਲਈ ਜੇ. ਐਂਡ. ਕੇ. ਜਲਦੀ ਹੀ ਰਵਾਨਾ ਹੋਣ ਵਾਲੀ ਹੈ। 

ਸੋਹੇਲ ਨੇ ਪੁਲਸ ਨੂੰ ਦੱਸਿਆ ਕਿ ਉਹ ਮੂਸਾ ਦਾ ਕਰੀਬੀ ਜ਼ਰੂਰ ਹੈ ਪਰ ਉਸ ਤੋਂ ਵੀ ਕਈ ਗੁਣਾ ਵੱਧ ਇਹ ਦੋਵੇਂ ਅੱਤਵਾਦੀ ਮੂਸਾ ਦੇ ਕਰੀਬੀ ਹਨ। ਸੋਹੇਲ ਦੇ ਅਨੁਸਾਰ ਹਥਿਆਰਾਂ ਦੀ ਸਾਰੀ ਸਪਲਾਈ ਉਹ ਲੋਕ ਹੀ ਕਰਦੇ ਹਨ। ਜਾਂਚ ਕਰ ਰਹੇ ਅਧਿਕਾਰੀਆਂ ਦੀ ਮੰਨੀਏ ਤਾਂ ਸੋਹੇਲ ਸੱਚ ਬੋਲ ਰਿਹਾ ਹੈ ਜਾਂ ਨਹੀਂ, ਉਸ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਉਨ੍ਹਾਂ ਕਥਿਤ ਅੱਤਵਾਦੀਆਂ ਤੋਂ ਪੁੱਛਗਿੱਛ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਪਹਿਲਾਂ ਇਹ ਹੀ ਅੱਤਵਾਦੀ ਮਾਨਾਂਵਾਲਾ ਅਤੇ ਧਾਰੀਵਾਲ ਤੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਲੈ ਕੇ ਆਉਣ ਦੀ ਗੱਲ ਕਹਿ ਰਹੇ ਸਨ ਪਰ ਹੁਣ ਇਹ ਸ਼੍ਰੀਨਗਰ ਤੋਂ ਸਾਰਾ ਸਾਮਾਨ ਲਿਆਉਣ ਦੀ ਗੱਲ ਕਰ ਰਹੇ ਹਨ। ਸੂਤਰਾਂ ਦਾ ਦਾਅਵਾ ਹੈ ਕਿ ਰਫੀਕ ਭੱਟ ਜਦ ਸ਼੍ਰੀਨਗਰ 'ਚ ਵਿਆਹ ਸਮਾਰੋਹ 'ਚ ਸ਼ਾਮਲ ਹੋ ਕੇ ਵਾਪਸ ਆਇਆ ਤਾਂ ਉਹ ਕੈਬ 'ਚ ਹੀ ਸਾਰਾ ਸਾਮਾਨ ਆਪਣੇ ਨਾਲ ਲੈ ਕੇ ਆਇਆ ਸੀ ਪਰ ਅਜੇ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ। 

ਪੁਲਸ ਮਜਬੂਰ, ਛੋਟੀ ਉਮਰ ਕਾਰਨ ਨਹੀਂ ਦੇ ਰਹੀ ਥਰਡ ਡਿਗਰੀ
ਸੀ. ਟੀ. ਇੰਸਟੀਚਿਊਟ ਅਤੇ ਜੇ. ਐਂਡ. ਕੇ. ਤੋਂ ਗ੍ਰਿਫਤਾਰ ਕੀਤੇ 4 ਅੱਤਵਾਦੀਆਂ ਨੂੰ ਪੁਲਸ ਅਜੇ ਆਪਣੇ ਤਰੀਕੇ ਨਾਲ ਪੁੱਛਗਿੱਛ ਕਰਨ ਤੋਂ ਕਤਰਾ ਰਹੀ ਹੈ। ਇਸ ਦਾ ਕਾਰਨ ਉਨ੍ਹਾਂ ਚਾਰਾਂ ਦੀ ਛੋਟੀ ਉਮਰ ਦੱਸੀ ਜਾ ਰਹੀ ਹੈ। ਗ੍ਰਿਫਤਾਰ ਅੱਤਵਾਦੀਆਂ 'ਚੋਂ  ਤਿੰਨ 18 ਸਾਲ ਦੇ ਹਨ ਅਤੇ ਇਕ 19 ਸਾਲ ਦਾ ਹੈ, ਜਿਸ ਕਾਰਨ ਪੁਲਸ ਉਨ੍ਹਾਂ ਨੂੰ ਥਰਡ ਡਿਗਰੀ ਨਹੀਂ ਦੇ ਰਹੀ। ਇਹੀ ਕਾਰਨ ਪੁਲਸ ਦੇ ਕੰਮ 'ਚ ਰੁਕਾਵਟ ਪੈਦਾ ਹੋ ਰਹੀ ਹੈ ਕਿਉਂਕਿ ਅੱਤਵਾਦੀ ਆਰਾਮ ਨਾਲ ਕੁਝ ਨਹੀਂ ਦੱਸ ਰਹੇ। 

ਹੁਣ ਤੱਕ 400 ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ਪੁਲਸ 
ਗ੍ਰਿਫਤਾਰ ਅੱਤਵਾਦੀ ਜਾਹਿਦ ਗੁਲਜ਼ਾਰ, ਇਦਰੀਸ ਸ਼ਾਹ ਅਤੇ ਰਫੀਕ ਭੱਟ ਦੀ ਮੋਬਾਇਲ ਡਿਟੇਲ ਤੋਂ ਪੁਲਸ ਹੁਣ ਤੱਕ 400 ਤੋਂ ਵੀ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਪੁਲਸ ਇਸ ਨਾਲ ਸਬੰਧਤ ਸ਼ੱਕੀ ਲੋਕਾਂ 'ਤੇ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਇੰਸਟੀਚਿਊਸ਼ਨਾਂ ਤੋਂ ਇਕੱਠੇ ਕੀਤੇ ਗਏ ਕਸ਼ਮੀਰੀ ਨੌਜਵਾਨਾਂ ਦੇ ਡਾਟਾ ਵੀ ਪੁਲਸ ਖੰਗਾਲ ਰਹੀ ਹੈ। ਜਲੰਧਰ ਪੁਲਸ ਲਗਾਤਾਰ ਜੇ. ਐਂਡ ਕੇ. ਪੁਲਸ ਦੇ ਸੰਪਰਕ 'ਚ ਹੈ। 

ਪੁਲਸ ਕਰਵਾ ਸਕਦੀ ਹੈ ਅੱਤਵਾਦੀਆਂ ਦਾ ਨਾਰਕੋ ਟੈਸਟ
ਪੁਲਸ ਅੱਤਵਾਦੀਆਂ ਤੋਂ ਸੱਚ ਉਗਲਵਾਉਣ ਲਈ ਉਨ੍ਹਾਂ ਦਾ ਨਾਰਕੋ ਟੈਸਟ ਵੀ ਕਰਵਾ ਸਕਦੀ ਹੈ, ਹਾਲਾਂਕਿ ਅਜੇ ਤੱਕ ਅੱਤਵਾਦੀਆਂ ਦੇ ਨਾਰਕੋ ਟੈਸਟ ਦੇ ਲਈ ਪੁਲਸ ਨੇ ਅਦਾਲਤ 'ਚ ਕਿਸੇ ਤਰ੍ਹਾਂ ਦੀ ਪਟੀਸ਼ਨ ਦਾਇਰ ਨਹੀਂ ਕੀਤੀ ਪਰ ਆਉਣ ਵਾਲੇ ਦਿਨਾਂ 'ਚ ਪੁਲਸ ਨਾਰਕੋ ਟੈਸਟ ਦੀ ਆਗਿਆ ਮੰਗ ਸਕਦੀ ਹੈ।