ਹਿਰਾਸਤ ''ਚ ਲਏ ਗਏ ਵਿਦਿਆਰਥੀਆਂ ਨੇ ਸੁਣਾਈ ਆਪ-ਬੀਤੀ, ਬੋਲੇ-ਪੁਲਸ ਦਾ ਪਹਿਲੀ ਵਾਰ ਸਾਹਮਣਾ ਕਰਨ ਤੋਂ ਘਬਰਾਏ

10/14/2018 11:08:46 AM

ਜਲੰਧਰ(ਮ੍ਰਿਦੁਲ)— ਸੀ. ਟੀ. ਇੰਸਟੀਚਿਊਟ ਤੋਂ ਫੜੇ ਗਏ 3 ਅੱਤਵਾਦੀਆਂ ਤੋਂ ਏ. ਕੇ. 56 ਤੇ 1 ਕਿਲੋ ਆਰ. ਡੀ. ਐਕਸ. ਫੜੇ ਜਾਣ ਤੋਂ ਬਾਅਦ ਇੰਟੈਲੀਜੈਂਸ ਤੇ ਪੁਲਸ ਵੱਲੋਂ ਬੀਤੇ ਦਿਨ ਵਿਰਦੀ ਕਾਲੋਨੀ ਤੋਂ ਉਠਾਏ ਗਏ ਵਿਦਿਆਰਥੀਆਂ ਨੇ ਆਪਣੀ ਆਪ-ਬੀਤੀ ਸੁਣਾਈ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਅੱਜ ਤੱਕ ਕਦੇ ਥਾਣੇ ਦਾ ਮੂੰਹ ਤੱਕ ਨਹੀਂ ਦੇਖਿਆ ਸੀ ਤੇ ਨਾ ਹੀ ਉਨ੍ਹਾਂ ਦਾ ਕਦੇ ਪੁਲਸ ਨਾਲ ਕਦੇ ਵਾਸਤਾ ਪਿਆ। ਹੁਣ ਪੁਲਸ ਵੱਲੋਂ ਫੜੇ ਗਏ ਨੌਜਵਾਨਾਂ ਨੂੰ ਦੇਰ ਰਾਤ ਛੱਡ ਤਾਂ ਦਿੱਤਾ ਗਿਆ ਪਰ ਪੁਲਸ ਨੇ ਉਨ੍ਹਾਂ ਕੋਲੋਂ ਪੂਰਾ ਬਾਇਓਡਾਟਾ ਤੇ ਫਿੰਗਰ ਪ੍ਰਿੰਟਸ ਵੀ ਲਏ। ਉਥੇ ਜਾਂਚ 'ਚ ਪੁਲਸ ਨੇ 5 ਨੌਜਵਾਨਾਂ ਕੋਲੋਂ ਉਨ੍ਹਾਂ ਦੀ ਫੇਸਬੁੱਕ ਆਈ. ਡੀ. ਦਾ ਪਾਸਵਰਡ ਲੈ ਕੇ ਬਾਅਦ 'ਚ ਬਦਲ ਦਿੱਤਾ ਤਾਂ ਜੋ ਨੌਜਵਾਨਾਂ ਦੀ ਫੇਸਬੁੱਕ 'ਤੇ ਕੰਮ ਕੀਤਾ ਜਾ ਸਕੇ ਤੇ ਉਸ ਨੂੰ ਜਾਂਚਿਆ ਜਾ ਸਕੇ। ਦੱਸ ਦੇਈਏ ਕਿ ਇੰਸਟੀਚਿਊਟ 'ਚੋਂ ਅੱਤਵਾਦੀ ਫੜੇ ਜਾਣ ਤੋਂ ਬਾਅਦ ਪੁਲਸ ਦੀ ਕਾਰਵਾਈ ਕਾਰਨ ਬਾਕੀ ਕਸ਼ਮੀਰੀ ਵਿਦਿਆਰਥੀਆਂ 'ਚ ਦਹਿਸ਼ਤ ਦਾ ਮਾਹੌਲ ਨਜ਼ਰ ਆ ਰਿਹਾ ਹੈ। ਹਾਲਾਂਕਿ ਕਲ ਫੜੇ ਗਏ 5 ਨੌਜਵਾਨਾਂ 'ਚ ਇਕ ਨੂੰ ਉਸ ਦੇ ਪਰਿਵਾਰ ਦੇ ਲੋਕ ਘਰ ਲੈ ਗਏ ਹਨ।

ਪੁਲਸ ਇੰਸਪੈਕਟਰ ਦਾ ਬੇਟਾ ਹੈ ਤਾਸਿਫ ਅਹਿਮਦ—
ਪੁਲਵਾਮਾ ਦੇ ਰਹਿਣ ਵਾਲੇ ਤਾਸਿਫ ਅਹਿਮਦ ਨੇ ਦੱਸਿਆ ਕਿ ਉਹ ਸੇਂਟ ਸੋਲਜਰ 'ਚ ਬੀ. ਬੀ. ਏ.-ਥਰਡ ਯੀਅਰ ਦਾ ਵਿਦਿਆਰਥੀ ਹੈ। ਪਿਤਾ ਬਸ਼ੀਰ ਅਹਿਮਦ ਜੰਮੂ ਕਸ਼ਮੀਰ ਪੁਲਸ 'ਚ ਇੰਸਪੈਕਟਰ ਹਨ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਤਾਸਿਫ ਨੇ ਦੱਸਿਆ ਕਿ ਉਹ 4 ਭੈਣ-ਭਰਾ ਹਨ, ਜਿਨ੍ਹਾਂ 'ਚੋਂ ਉਹ ਸਭ ਤੋਂ ਛੋਟਾ ਹੈ। ਉਸ ਦੇ ਹਰਬੰਸ ਨਗਰ 'ਚ ਸਥਿਤ ਪੀ. ਜੀ. 'ਚ ਉਸ ਨੂੰ ਮਿਲਾ ਕੇ 4 ਲੋਕ ਰਹਿੰਦੇ ਹਨ। ਪੁਲਵਾਮਾ 'ਚ ਉਸ ਨੇ 10ਵੀਂ ਤੇ 12ਵੀਂ ਸੀ. ਐੱਚ. ਐੱਸ. ਸਕੂਲ ਤੋਂ ਕੀਤੀ। 12ਵੀਂ ਉਸ ਨੇ ਆਰਟਸ 'ਚ ਕੀਤੀ, ਜਿਸ ਤੋਂ ਬਾਅਦ ਪਿਤਾ ਬਸ਼ੀਰ ਦੇ ਕਹਿਣ 'ਤੇ ਉਹ ਇਥੇ ਆ ਗਿਆ ਸੀ। ਇਥੇ ਟੈਸਟ ਕਲੀਅਰ ਕਰਨ ਤੋਂ ਬਾਅਦ ਉਹ ਜਲੰਧਰ 'ਚ ਪਹਿਲੀ ਵਾਰ 9 ਅਗਸਤ 2017 ਨੂੰ ਆਇਆ ਸੀ, ਜਿਸ ਦੇ ਬਾਅਦ ਤੋਂ ਹੁਣ ਤੱਕ ਉਹ 2 ਵਾਰ ਕਸ਼ਮੀਰ ਆਪਣੇ ਪਰਿਵਾਰ ਨੂੰ ਮਿਲਣ ਲਈ ਛੁੱਟੀਆਂ 'ਤੇ ਗਿਆ ਹੈ। ਜਦੋਂ ਉਸ ਨੂੰ ਪੁਲਸ ਵੱਲੋਂ ਅਚਾਨਕ ਉਠਾ ਕੇ ਸੀ. ਆਈ. ਏ. ਸਟਾਫ ਲਿਜਾਇਆ ਗਿਆ ਤਾਂ ਉਥੇ ਜਾ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਹ ਕਾਫੀ ਡਰ ਗਿਆ ਸੀ, ਜਦਕਿ ਉਹ ਗ੍ਰਿਫਤਾਰ ਅੱਤਵਾਦੀ ਜਾਹਿਦ, ਮੁਹੰਮਦ ਇਦਰਿਸ ਸ਼ਾਹ ਤੇ ਹੋਰਨਾਂ ਨੂੰ ਜਾਣਦੇ ਤੱਕ ਨਹੀਂ ਹਨ।

ਅਵੰਤੀਪੁਰਾ ਦਾ ਵਾਸੀ ਹੈ ਯੂਨਸ ਅਹਿਮਦ—
ਦੂਜੇ ਵਿਦਿਆਰਥੀ ਯੂਨਸ ਅਹਿਮਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਬਦੁਲ ਸਰਕਾਰੀ ਨੌਕਰੀ ਕਰਦੇ ਹਨ। ਉਹ ਮੂਲ ਤੌਰ 'ਤੇ ਅਵੰਤੀਪੁਰਾ ਦਾ ਰਹਿਣ ਵਾਲਾ ਹੈ ਤੇ ਸੇਂਟ ਸੋਲਜਰ ਇੰਸਟੀਚਿਊਟ 'ਚ ਐੱਮ. ਸੀ. ਏ. ਥਰਡ ਸਮੈਸਟਰ ਦਾ ਵਿਦਿਆਰਥੀ ਹੈ। ਉਨ੍ਹਾਂ ਦੇ ਪਰਿਵਾਰ 'ਚ ਮਾਂ ਨਾਲ ਇਕ ਭਰਾ ਤੇ 4 ਭੈਣਾਂ ਰਹਿੰਦੀਆਂ ਹਨ। ਉਸ ਨੇ 10ਵੀਂ ਜਮਾਤ ਤੋਂ ਲੈ ਕੇ ਬੀ. ਸੀ. ਏ. ਪੁਲਵਾਮਾ 'ਚ ਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਰਕਾਰੀ ਨੌਕਰੀ ਦੇ ਨਾਲ-ਨਾਲ ਪੁਲਵਾਮਾ 'ਚ ਸੇਬਾਂ ਦੇ ਬਾਗ ਨੂੰ ਸੰਭਾਲਦੇ ਹਨ। ਉਸ ਨੇ ਸਾਲ 2017 'ਚ ਸੇਂਟ ਸੋਲਜਰ ਇੰਸਟੀਚਿਊਟ 'ਚ ਪੜ੍ਹਾਈ ਲਈ ਦਾਖਲਾ ਲਿਆ ਸੀ, ਜਿਸ ਦੇ ਬਾਅਦ ਤੋਂ ਹੁਣ ਤੱਕ ਉਹ ਪੜ੍ਹ ਰਿਹਾ ਹੈ। ਉਸ ਦੇ ਨਾਲ ਉਸ ਦੇ ਰੂਮਮੇਟ ਮਦਸਿਰ ਤੇ ਆਬਿਦ ਵੀ ਰਹਿੰਦੇ ਹਨ, ਜੋ ਕਿ ਪ੍ਰਾਈਵੇਟ ਜਾਬ ਕਰਦੇ ਹਨ। ਦੱਸਿਆ ਕਿ ਉਹ ਇੰਸਟੀਚਿਊਟ 'ਚ ਪੜ੍ਹਾਈ ਦੌਰਾਨ ਡੇਢ ਸਾਲ ਦੇ ਅੰਤਰਾਲ 'ਚ ਹੁਣ ਤੱਕ 3 ਵਾਰ ਆਪਣੇ ਘਰ ਗਿਆ ਹੈ ਤੇ ਅਜੇ ਹਾਲ ਹੀ 'ਚ 15 ਸਤੰਬਰ ਨੂੰ ਕਸ਼ਮੀਰ ਸਥਿਤ ਆਪਣੇ ਘਰੋਂ ਵਾਪਸ ਪਰਤਿਆ ਹੈ।

ਦੋਸਤ ਦੇ ਕਹਿਣ 'ਤੇ ਜਲੰਧਰ ਆਇਆ ਸੀ ਅਬਦੁਲ ਹਾਮਿਦ—
ਤੀਜੇ ਵਿਦਿਆਰਥੀ ਅਬਦੁਲ ਹਾਮਿਦ ਨੇ ਦੱਸਿਆ ਕਿ ਉਹ ਵੀ ਪੁਲਵਾਮਾ ਦਾ ਹੀ ਰਹਿਣ ਵਾਲਾ ਹੈ। ਪਰਿਵਾਰ 'ਚ ਉਸ ਦੇ 4 ਭਰਾ-ਭੈਣਾਂ ਹੋਰ ਹਨ। ਉਸ ਨੇ 10ਵੀਂ ਤੇ 12 ਵੀਂ ਕਲਾਸ ਜੀ. ਐੱਚ. ਸਕੂਲ 'ਚੋਂ ਕੀਤੀ ਹੈ, ਜਿਸ ਤੋਂ ਬਾਅਦ ਉਹ ਬੀ. ਐੱਸ. ਸੀ. (ਐੱਮ. ਐੱਲ. ਐੱਸ.) ਕਰਨ ਲਈ ਜਲੰਧਰ ਆ ਗਿਆ ਸੀ। ਉਹ ਆਪਣੇ ਦੋਸਤ ਸਾਹਿਲ ਰਫੀਕ ਭੱਟ ਦੇ ਕਹਿਣ 'ਤੇ ਜਲੰਧਰ ਆਇਆ ਸੀ ਕਿਉਂਕਿ ਉਹ ਵੀ ਇਸੇ ਕਾਲਜ 'ਚ ਤੀਜੇ ਸਮੈਸਟਰ 'ਚ ਪੜ੍ਹਦਾ ਹੈ। ਉਹ ਹਾਲ ਹੀ 'ਚ ਆਪਣੇ ਦੋਸਤ ਯੂਨਸ ਤੇ ਤਾਸਿਫ ਨਾਲ ਵਿਰਦੀ ਕਾਲੋਨੀ 'ਚ ਰਹਿੰਦਾ ਹੈ।

6 ਘੰਟੇ ਪੁੱਛਗਿੱਛ ਕੀਤੀ ਪੁਲਸ ਨੇ : ਜੁਨੈਦ—
ਚੌਥੇ ਵਿਦਿਆਰਥੀ ਜੁਨੈਦ ਨੇ ਦੱਸਿਆ ਕਿ ਉਹ ਸੇਂਟ ਸੋਲਜਰ ਇੰਸਟੀਚਿਊਟ 'ਚ ਪਿਛਲੇ ਇਕ ਸਾਲ ਤੋਂ ਪੜ੍ਹ ਰਿਹਾ ਹੈ ਤੇ ਬੀ. ਸੀ. ਏ. ਦਾ ਵਿਦਿਆਰਥੀ ਹੈ। ਮੂਲ ਤੌਰ 'ਤੇ ਉਹ ਅਵੰਤੀਪੁਰਾ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ 'ਚ ਕੁਲ 5 ਲੋਕ ਹਨ, ਜਿਨ੍ਹਾਂ 'ਚ ਉਹ ਸਭ ਤੋਂ ਛੋਟਾ ਹੈ। ਪਿਤਾ ਅਲੀ ਸ਼ੇਖ ਆਰ. ਐਂਡ ਬੀ. 'ਚ ਸਰਕਾਰੀ ਨੌਕਰੀ ਕਰ ਰਹੇ ਹਨ। ਉਹ ਪਹਿਲੀ ਵਾਰ 15 ਅਗਸਤ 2016 ਨੂੰ ਜਲੰਧਰ ਆਇਆ ਸੀ। ਜਲੰਧਰ ਆਉਣ ਦੇ ਬਾਅਦ ਤੋਂ ਪਹਿਲੀ ਵਾਰ ਉਹ 22 ਦਸੰਬਰ 2016 ਨੂੰ ਵਾਪਸ ਗਿਆ ਸੀ, ਜਿਸ ਤੋਂ ਬਾਅਦ ਉਹ 18 ਜਨਵਰੀ 2017 ਨੂੰ ਦੋਬਾਰਾ ਜਲੰਧਰ ਛੁੱਟੀਆਂ ਕੱਟ ਕੇ ਵਾਪਸ ਆ ਗਿਆ ਸੀ, ਜਿਸ ਤੋਂ ਬਾਅਦ ਉਹ 4 ਵਾਰ ਦੋਬਾਰਾ ਕਸ਼ਮੀਰ ਆਪਣੇ ਘਰ ਹੋ ਕੇ ਆਇਆ ਸੀ। ਉਸ ਨੇ ਦੱਸਿਆ ਕਿ ਕਲ ਜਦੋਂ ਉਸ ਨੂੰ ਪੁਲਸ ਨੇ ਆ ਕੇ ਘਰੋਂ ਉਠਾਇਆ ਤਾਂ ਉਨ੍ਹਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਸੀ। ਪੁਲਸ ਨੇ ਸਾਨੂੰ ਚਾਰਾਂ ਨੌਜਵਾਨਾਂ ਤੋਂ ਤਕਰੀਬਨ 6 ਘੰਟੇ ਸੀ. ਆਈ. ਏ. ਸਟਾਫ 'ਚ ਪੁੱਛਗਿੱਛ ਕੀਤੀ।

ਛੱਡੇ ਗਏ ਵਿਦਿਆਰਥੀ ਬੋਲੇ- ਸਾਡੇ ਸਾਰਿਆਂ ਦੀ ਫੇਸਬੁੱਕ ਆਈ. ਡੀ. ਲੈ ਕੇ ਪਾਸਵਰਡ ਚੇਂਜ ਕਰ ਦਿੱਤੇ—
ਪੁਲਸ ਵਲੋਂ ਹਿਰਾਸਤ 'ਚ ਲੈ ਕੇ ਪੁੱਛਗਿੱਛ ਤੋਂ ਬਾਅਦ ਛੱਡੇ ਗਏ ਨੌਜਵਾਨਾਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਨੇ ਉਨ੍ਹਾਂ ਤੋਂ ਪੁੱਛਗਿੱਛ ਦੇ ਬਾਅਦ ਜਦੋਂ ਉਨ੍ਹਾਂ ਦੀ ਹਾਈਟ ਤੇ ਅੱਖਾਂ ਤੱਕ ਸਕੈਨ ਕਰ ਲਈਆਂ ਤਾਂ ਉਸ ਤੋਂ ਬਾਅਦ ਉਨ੍ਹਾਂ ਸਾਰਿਆਂ ਦੇ ਫੇਸਬੁੱਕ ਅਕਾਊਂਟਸ ਦੇ ਯੂਜ਼ਰ ਨੇਮ ਤੇ ਪਾਸਵਰਡ ਤੱਕ ਮੰਗੇ। ਬਾਅਦ 'ਚ ਉਨ੍ਹਾਂ ਦੇ ਪਾਸਵਰਡ ਤੱਕ ਚੇਂਜ ਕਰ ਲਏ ਤੇ ਤਰਕ ਦਿੱਤਾ ਕਿ ਉਹ ਉਨ੍ਹਾਂ ਦੀ ਫੇਸਬੁੱਕ ਨੂੰ ਚੈੱਕ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਫੇਸਬੁੱਕ ਨੂੰ ਪੂਰੇ ਤਰੀਕੇ ਨਾਲ ਸੁਪਰਵਾਈਜ਼ ਕੀਤਾ ਜਾਵੇਗਾ।

ਪਰਿਵਾਰ ਵਾਲਿਆਂ ਨੇ ਡਰ ਦੇ ਮਾਰੇ ਫੋਨ ਕੀਤੇ ਬੰਦ!—
ਉਥੇ 'ਜਗ ਬਾਣੀ' ਵੱਲੋਂ ਜਦੋਂ ਕਲ ਵਿਰਦੀ ਕਾਲੋਨੀ ਤੋਂ ਉਠਾਏ ਗਏ 5 ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਫੋਨ ਬੰਦ ਮਿਲੇ। ਉਥੇ ਜਦੋਂ ਉਨ੍ਹਾਂ ਦੇ ਪਰਿਵਾਰ ਦੇ ਫੋਨ ਬੰਦ ਹੋਣ ਸਬੰਧੀ ਇਕ ਵਿਦਿਆਰਥੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਇਸ ਸਮੇਂ ਡਰੇ ਹੀ ਹਨ ਤੇ ਉਨ੍ਹਾਂ ਦੇ ਘਰ ਵਾਲੇ ਵੀ ਕਾਫੀ ਡਰ ਗਏ ਹਨ ਕਿਉਂਕਿ ਇਸ ਸਮੇਂ ਜੋ ਮਾਹੌਲ ਵਿਗੜਿਆ ਹੈ, ਉਸ ਨੂੰ ਲੈ ਕੇ ਕਾਫੀ ਦਹਿਸ਼ਤ ਫੈਲ ਗਈ ਹੈ।


Related News