CT ਇੰਸਟੀਚਿਊਟ ਰੇਡ ਮਾਮਲਾ: PG ਮਾਲਕ ਨੇ ਕਾਲਜ ਦੇ 16 ਵਿਦਿਆਰਥੀਆਂ ਨੂੰ ਬਿਨਾਂ ਦੱਸੇ ਕੱਢਿਆ ਬਾਹਰ

10/14/2018 12:08:55 PM

ਜਲੰਧਰ(ਮ੍ਰਿਦੁਲ)— ਸੀ. ਟੀ. ਇੰਸਟੀਚਿਊਟ 'ਚੋਂ ਪੁਲਸ ਵੱਲੋਂ ਤਿੰਨ ਅੱਤਵਾਦੀ ਫੜੇ ਜਾਣ ਤੋਂ ਬਾਅਦ ਹੁਣ ਤੱਕ ਕਈ ਕਸ਼ਮੀਰੀ ਵਿਦਿਆਰਥੀ ਇੰਸਟੀਚਿਊਟ ਛੱਡ ਕੇ ਭੱਜ ਚੁੱਕੇ ਹਨ। ਉਥੇ ਦੂਜੇ ਪਾਸੇ ਕਈ ਵਿਦਿਆਰਥੀਆਂ ਨੂੰ ਤਾਂ ਉਨ੍ਹਾਂ ਦੇ ਪੀ. ਜੀ. ਦੇ ਮਾਲਕਾਂ ਨੇ ਹੀ ਕੱਢ ਦਿੱਤਾ ਹੈ ਤੇ ਉਹ ਆਪਣਾ ਸਾਰਾ ਸਾਮਾਨ ਲੈ ਕੇ ਸੇਂਟ ਸੋਲਜਰ ਇੰਸਟੀਚਿਊਟ ਪ੍ਰਸ਼ਾਸਨ ਕੋਲ ਆ ਕੇ ਖੜ੍ਹ ਗਏ ਹਨ। ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਜਲੰਧਰ 'ਚ ਇੰਨੀ ਵੱਡੀ ਸਾਜ਼ਿਸ਼ ਬ੍ਰੇਕ ਹੋਣ ਨੂੰ ਲੈ ਕੇ ਪੁਲਸ ਜਿਸ ਤਰੀਕੇ ਨਾਲ ਜਾਂਚ ਕਰ ਰਹੀ ਹੈ, ਉਸ ਕਾਰਨ ਕਾਫੀ ਕਸ਼ਮੀਰੀ ਵਿਦਿਆਰਥੀ ਡਰੇ ਹੋਏ ਨਜ਼ਰ ਆ ਰਹੇ ਹਨ। ਸੇਂਟ ਸੋਲਜਰ ਦੇ ਐੱਮ. ਡੀ. ਮਨਹਰ ਅਰੋੜਾ ਨੇ ਦੱਸਿਆ ਕਿ ਪੁਲਸ ਦੀ ਇਸ ਤਰੀਕੇ ਦੀ ਕਾਰਵਾਈ ਨਾਲ ਮੈਨੇਜਮੈਂਟ ਤਾਂ ਡਰੀ ਹੋਈ ਹੈ ਹੀ, ਇਸ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਡਰੇ ਹੋਏ ਹਨ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਹੈ। ਕਸ਼ਮੀਰ 'ਚ ਰਹਿ ਰਹੇ ਪਰਿਵਾਰ ਵਾਲੇ ਤਾਂ ਉਨ੍ਹਾਂ ਨੂੰ ਇਹ ਤੱਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਦੀ ਜ਼ਿੰਮੇਵਾਰੀ 'ਤੇ ਭੇਜਿਆ ਸੀ। ਹੁਣ ਜਲੰਧਰ 'ਚ ਇਸ ਤਰ੍ਹਾਂ ਦੇ ਮਾਹੌਲ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੈ ਕਿ ਕਿਤੇ ਉਨ੍ਹਾਂ ਦੇ ਬੱਚਿਆਂ 'ਤੇ ਪੁਲਸ ਜਬਰਨ ਕੇਸ ਨਾ ਦਰਜ ਕਰ ਦੇਵੇ।

ਦੂਜੇ ਪਾਸੇ ਕੁਝ ਪੀ. ਜੀ. ਮਾਲਕਾਂ ਨੇ ਮਾਹੌਲ ਵਿਗੜਨ ਕਾਰਨ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਨੋਟਿਸ ਤੇ ਨਾ ਹੀ ਕੋਈ ਕਾਰਨ ਦੱਸੋ ਨੋਟਿਸ ਦੇ ਪੀ. ਜੀ. ਤੋਂ ਬਾਹਰ ਕੱਢ ਦਿੱਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਦੇ ਕੋਲੋਂ ਆਪਣੇ ਸਾਰੇ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ ਕਰਵਾ ਰਹੇ ਹਨ। ਉਹ ਵਿਦਿਆਰਥੀਆਂ ਤੇ ਗਾਰੰਟਰ ਦੇ ਕਾਗਜ਼ਾਤ ਵੀ ਤਿਆਰ ਕਰਵਾ ਕੇ ਲੈ ਰਹੇ ਹਨ ਤਾਂ ਜੋ ਭਵਿੱਖ 'ਚ ਉਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਹੋਣ 'ਤੇ ਪੁਖਤਾ ਸਬੂਤ ਹੋਣ।