ਓਵਰਫਲੋ ਨਹਿਰੀ ਪਾਣੀ ਨਾਲ ਘਰਾਂ ਤੇ ਫਸਲਾਂ ਨੂੰ ਨੁਕਸਾਨ

12/12/2017 7:55:02 AM

ਫਗਵਾੜਾ, (ਰੁਪਿੰਦਰ ਕੌਰ)- ਬਲਾਕ ਫਗਵਾੜਾ 'ਚ ਪੈਂਦੇ ਪਿੰਡ ਢੱਡੇ ਦੀ ਸਮੂਹ ਨਗਰ ਪੰਚਾਇਤ ਨੇ ਅੱਜ ਐੱਸ. ਡੀ. ਐੱਮ. ਜੋਤੀ ਬਾਲਾ ਮੱਟੂ ਫਗਵਾੜਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਹੈ, ਜਿਸ 'ਚ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਢੱਡੇ ਤੋਂ ਲੱਖਪੁਰ ਰੋਡ 'ਤੇ ਜੋ ਨਹਿਰ ਹੈ ਉਸ ਦੇ ਦੋਨਾ ਪਾਸੇ ਦੀਆਂ ਪੁਲੀਆਂ ਪੁਰਾਣੀਆਂ ਤੇ ਟੁੱਟੀਆਂ ਹੋਈਆਂ ਹਨ ਤੇ ਕਾਫੀ ਸਮੇਂ ਤੋਂ ਕੋਈ ਮੁਰੰਮਤ ਜਾਂ ਸਾਫ-ਸਫਾਈ ਨਾ ਹੋਣ ਕਰਕੇ ਬਲਾਕ ਹੋ ਗਈਆਂ। ਜਿਸ ਨਾਲ ਨਹਿਰ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ ਤੇ ਨਾਲ ਲੱਗਦੇ ਖੇਤਾਂ 'ਚ ਬਹਿ ਕੇ ਕਣਕ ਦੀ ਫਸਲ ਨੂੰ ਖਰਾਬ ਕਰ ਰਿਹਾ ਹੈ। ਜਿਸ ਨਾਲ ਫਸਲ ਨੂੰ ਬੇਮੌਸਮੀ ਪਾਣੀ ਕਾਰਨ ਬੇਹਤਾਸ਼ਾ ਨੁਕਸਾਨ ਹੋ ਰਿਹਾ ਹੈ, ਇਥੋਂ ਤਕ ਕਿ ਇਹ ਨਹਿਰੀ ਗੰਦਾ ਪਾਣੀ ਘਰਾਂ 'ਚ ਵੀ ਜਾ ਰਿਹਾ ਹੈ, ਜਿਸ ਨਾਲ ਬੀਮਾਰੀਆਂ ਪੈਦਾ ਹੋਣ ਦਾ ਵੀ ਖਤਰਾ ਪੈਦਾ ਹੋ ਗਿਆ ਹੈ। ਪਿੰਡ ਦੇ ਮੋਹਤਬਰਾਂ ਦੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਹੁਣ ਇਹ ਮੰਗ ਪੱਤਰ ਮੁੱਖ ਮੰਤਰੀ ਤਕ ਪਹੁੰਚਾਉਣ ਦੀ ਨੌਬਤ ਆ ਗਈ ਹੈ।
ਇਸ ਮੌਕੇ ਪਿੰਡ ਢੱਡੇ ਦੇ ਸਰਪੰਚ ਰਾਣਾ, ਪੰਚ ਹਰਦੀਪ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਦਵਿੰਦਰ ਸਿੰਘ ਸਾਬਕਾ ਪੰਚ, ਜਸਵਿੰਦਰ ਢੱਡਾ, ਬਲਦੇਵ ਸਿੰਘ, ਲੈਂਬਰ ਸਿੰਘ ਪੰਚ, ਪਰਮਜੀਤ, ਅਮਰੀਕ ਸਿੰਘ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ, ਪੰਚ ਨਰਿੰਦਰ ਕੌਰ, ਰਾਜੇਸ਼ ਕੁਮਾਰ, ਲਾਲ ਚੰਦ ਆਦਿ ਹਾਜ਼ਰ ਸਨ।