ਇੰਝ ਜਾਪਦਾ! ਜਿਵੇਂ ਪ੍ਰਸ਼ਾਸ਼ਨ ਨੇ ਹੀ ਪਰਾਲੀ ਨੂੰ ਸਾੜਨ ਦੀ ਖੁਲ੍ਹ ਦਿੱਤੀ ਹੋਵੇ

11/12/2019 5:24:28 PM

ਜ਼ੀਰਕਪੁਰ (ਮੇਸ਼ੀ) : ਝੋਨੇ ਦੀ ਫਸਲ ਦੀ ਜਿਵੇਂ-ਜਿਵੇਂ ਕਟਾਈ ਹੋ ਰਹੀ ਹੈ, ਉਸੇ ਹੀ ਤਰ੍ਹਾਂ ਝੋਨੇ ਦੀ ਬਚੀ ਹੋਈ ਪਰਾਲੀ ਨੂੰ ਨਿੱਤ ਰੋਜ਼ ਦਰਜਨਾਂ ਤੋ ਵੱਧ ਥਾਵਾਂ 'ਤੇ ਸ਼ਰੇਆਮ ਦਿਨ ਦਿਹਾੜੇ ਅੱਗ ਲਗਾਈ ਜਾ ਰਹੀ ਹੈ। ਇੰਝ ਲੱਗਦਾ ਹੈ ਜਿਵੇਂ ਕਿ ਕਿਸਾਨਾਂ ਨੂੰ ਅੱਗ ਲਾਉਣ 'ਤੇ ਪ੍ਰਸ਼ਾਸ਼ਨ ਦੀ ਕੋਈ ਵੀ ਰੋਕ ਟੋਕ ਨਹੀ ਹੈ। ਪਿੰਡ ਗਾਜੀਪੁਰ, ਨਗਲਾ, ਛੱਤ ਅਤੇ ਕਿਸ਼ਨਪੁਰ ਆਦਿ ਪਿੰਡਾਂ 'ਚ ਕਿਸਾਨ ਪਰਾਲੀ ਨੂੰ ਲਗਾਤਾਰ ਅੱਗ ਲਗਾ ਰਹੇ ਹਨ। ਬੇਸ਼ੱਕ ਵਾਤਾਵਰਣ ਦੇ ਮਾਹਿਰਾਂ ਅਤੇ ਖੇਤੀਬਾੜੀ ਮਾਹਿਰਾਂ ਦੇ ਦੱਸਣ ਤੋਂ ਇਲਾਵਾ ਕੁਝ ਸਮਾ ਪਹਿਲਾਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਸਕੂਲੀ ਬੱਚਿਆਂ ਵਲੋਂ ਕੱਢੀਆਂ ਗਈਆਂ ਰੈਲੀਆਂ ਦੇ ਸੰਦੇਸ਼ਾਂ ਦਾ ਕਿਸਾਨਾਂ 'ਤੇ ਕੋਈ ਬਹੁਤਾ ਅਸਰ ਨਹੀ ਦਿਖਾਈ ਦਿੱਤਾ।

ਬੇਸ਼ੱਕ ਖੁੱਲ੍ਹੀਆਂ ਥਾਵਾਂ 'ਤੇ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਜਿਸ ਕਰਕੇ ਸੜਕ ਹਾਦਸਿਆਂ 'ਚ ਵੀ ਵਾਧਾ ਹੋ ਰਿਹਾ ਹੈ। ਉਥੇ ਦੂਜੇ ਪਾਸੇ ਸਾਹ ਅਤੇ ਚਮੜੀ ਦੇ ਮਰੀਜ਼ਾਂ ਲਈ ਤਾਂ ਹੋਰ ਵੀ ਔਖਾ ਹੋ ਜਾਂਦਾ ਹੈ। ਖੇਤੀ ਮਾਹਿਰਾਂ ਵੱਲੋ ਸਮਂੇ-ਸਮੇਂ ਸਿਰ ਦੱਸਿਆ ਜਾਂਦਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੇ ਉਪਜਾਊ ਤੱਤ ਨਸ਼ਟ ਹੁੰਦੇ ਹਨ, ਉਥੇ ਦੂਜੇ ਪਾਸੇ ਕਿਸਾਨ ਦੇ ਮਿੱਤਰ ਕੀੜੇ ਵੀ ਸੜ ਕੇ ਮਰ ਜਾਣ ਨਾਲ ਆਉਣ ਵਾਲੀ ਫਸਲ 'ਤੇ ਵੀ ਅਸਰ ਪਂੈਦਾ ਹੈ। ਇਸ ਤਰ੍ਹਾਂ ਖੁੱਲ੍ਹੇ ਆਮ ਅੱਗ ਲਾਉਣ ਨਾਲ ਜਿੱਥੇ ਬੇਜ਼ੁਬਾਨੇ ਅਨੇਕਾਂ ਦਰੱਖ਼ਤ 'ਤੇ ਪੰਛੀ ਤੇ ਉਨ੍ਹਾਂ ਦੇ ਬੋਟ ਵੀ ਆਲ੍ਹਣਿਆਂ 'ਚ ਮੱਚ ਜਾਂਦੇ ਹਨ। ਤੇਜ਼ ਹਵਾਵਾਂ ਨਾਲ ਅੱਗ ਬੇਕਾਬੂ ਹੋ ਕੇ ਨਾਲ ਦੇ ਖੇਤਾਂ ਦੀਆਂ ਢਾਣੀਆਂ 'ਚ ਬੈਠੇ ਘਰਾਂ ਨੂੰ ਵੀ ਇਸ ਦਾ ਭਾਰੀ ਨੁਕਸਾਨ ਝੱਲਣਾ ਪਂੈਦਾ ਹੈ। ਇੱਥੇ ਵਰਣਨਯੋਗ ਹੈ ਕਿ ਪ੍ਰਸ਼ਾਸਨ ਵੱਲੋ ਬੇਸ਼ੱਕ ਅੱਗ ਲਾਉਣ ਦੇ ਮੁਕੰਮਲ ਪਾਬੰਦੀ ਦੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ ਪਰ ਇਹ ਸਿਰਫ ਜ਼ੁਬਾਨੀ ਹੀ ਕਾਗਜ਼ਾਂ ਤੱਕ ਸੀਮਿਤ ਹੀ ਰਹਿ ਜਾਂਦੇ ਹਨ। ਜਦ ਇਸ ਸਬੰਧੀ ਪ੍ਰਸਾਸ਼ਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਇੱਕੋ ਜਵਾਬ ਮਿਲਦਾ ਹੈ ਕਿ ਸਾਡੇ ਕੋਲ ਕਿਸੇ ਦੀ ਸ਼ਿਕਾਇਤ ਨਹੀ ਆਈ।

Anuradha

This news is Content Editor Anuradha