ਰੇਤ ਮਾਫੀਆ ''ਤੇ ਮੇਹਰਬਾਨ ਪੁਲਸ ਦੀ ਛਾਪੇਮਾਰੀ

04/22/2018 5:08:01 AM

ਲੁਧਿਆਣਾ(ਅਨਿਲ)-ਥਾਣਾ ਮੇਹਰਬਾਨ ਦੀ ਪੁਲਸ ਨੇ ਅੱਜ ਸਵੇਰ ਸਤਲੁਜ ਦਰਿਆ 'ਚ ਨਾਜਾਇਜ਼ ਰੇਤ ਦੇ ਚੱਲ ਰਹੇ ਕਾਰੋਬਾਰ 'ਤੇ ਛਾਪੇਮਾਰੀ ਕਰਦੇ ਹੋਏ ਟਿੱਪਰਾਂ ਸਮੇਤ ਮਸ਼ੀਨ ਅਤੇ ਟਰੈਕਟਰ-ਟਰਾਲੀ ਨੂੰ ਜ਼ਬਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਪਿੰਡ ਕਾਸਾਬਾਦ 'ਚ ਸਤਲੁਜ ਦਰਿਆ 'ਚ ਕੁੱਝ ਲੋਕਾਂ ਵੱਲੋਂ ਨਾਜਾਇਜ਼ ਖੋਦਾਈ ਕਰਦੇ ਹੋਏ ਵਾਹਨਾਂ ਵਿਚ ਰੇਤ ਭਰਨ ਦੀ ਮਿਲੀ ਖ਼ਬਰ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਥਾਣੇਦਾਰ ਸੁਖਵਿੰਦਰ ਸਿੰਘ 'ਤੇ ਆਧਾਰਤ ਟੀਮ ਨੇ ਰੇਡ ਕੀਤੀ। ਪੁਲਸ ਨੇ ਮੌਕੇ ਤੋਂ ਨਾਜਾਇਜ਼ ਰੇਤ ਨਾਲ ਭਰੇ 3 ਟਿੱਪਰ, 1 ਜੇ. ਸੀ. ਬੀ. ਮਸ਼ੀਨ ਅਤੇ 1 ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਲਿਆ, ਜਦੋਂਕਿ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਇਸ ਸਬੰਧ ਵਿਚ ਹਰਵਿੰਦਰ ਸਿੰਘ ਛਿੰਦਾ, ਰਣਜੀਤ ਸਿੰਘ, ਗੁਰਦੀਪ ਸਿੰਘ ਅਤੇ ਡੋਗਰ ਖਿਲਾਫ ਮਾਈਨਿੰਗ ਐਕਟ ਤਹਿਤ ਪਰਚਾ ਦਰਜ ਕੀਤਾ ਹੈ।
ਦੋਸ਼ੀਆਂ 'ਤੇ ਕਈ ਕੇਸ ਦਰਜ
ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਸਾਰੇ ਦੋਸ਼ੀ ਰੇਤ ਦਾ ਨਾਜਾਇਜ਼ ਕਾਰੋਬਾਰ ਕਰਨ ਦੇ ਆਦੀ ਹਨ, ਜਿਨ੍ਹਾਂ 'ਤੇ ਕਈ ਮੁਕੱਦਮੇ ਦਰਜ ਹਨ। ਹਰਵਿੰਦਰ ਛਿੰਦਾ 'ਤੇ ਨਾਜਾਇਜ਼ ਮਾਈਨਿੰਗ ਦੇ 3 ਅਤੇ ਕਿਡਨੈਪਿੰਗ ਅਤੇ ਲੁੱਟ ਖੋਹ ਕਰਨ ਦਾ ਪਰਚਾ ਦਰਜ ਹੈ। ਇਹ ਦੋਸ਼ੀ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਚਲਾ ਰਿਹਾ ਸੀ ਜੋ ਕਿ ਪੁਲਸ ਤੋਂ ਬਚਦਾ ਆ ਰਿਹਾ ਸੀ।