ਲੁਧਿਆਣਾ : ਘਰ ''ਚ ਇਕੱਲੀ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

04/20/2018 6:53:00 AM

ਲੁਧਿਆਣਾ(ਰਾਮ)-ਵਰਤਮਾਨ ਸਮੇਂ 'ਚ ਨਾਬਾਲਗ ਬੱਚੀਆਂ ਅਤੇ ਔਰਤਾਂ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੀਆਂ ਜਬਰ-ਜ਼ਨਾਹ ਜਿਹੀਆਂ ਘਿਨੌਣੀਆਂ ਵਾਰਦਾਤਾਂ ਨੂੰ ਲੈ ਕੇ ਆਮ ਲੋਕਾਂ 'ਚ ਪੈਦਾ ਹੋਏ ਰੋਸ ਦੇ ਬਾਵਜੂਦ ਵੀ ਹਵਸ ਦੇ ਭੁੱਖੇ ਭੇੜੀਏ ਨਾਬਾਲਗ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਤੋਂ ਬਾਜ਼ ਨਹੀਂ ਆ ਰਹੇ। ਅਜਿਹਾ ਹੀ ਇਕ ਸ਼ਰਮਨਾਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਹਵਸੀ ਭੇੜੀਏ ਨੇ ਘਰ 'ਚ ਇਕੱਲੀ ਇਕ 13-14 ਸਾਲਾ ਨਾਲ ਜਬਰ-ਜ਼ਨਾਹ ਕੀਤਾ। ਘਟਨਾ ਸਮੇਂ ਨਾਬਾਲਗਾ ਦੇ ਮਜ਼ਦੁਰ ਮਾਤਾ-ਪਿਤਾ ਕੰਮ 'ਤੇ ਗਏ ਹੋਏ ਸਨ। ਘਟਨਾ ਥਾਣਾ ਜਮਾਲਪੁਰ ਦੇ ਅਧੀਨ ਆਉਂਦੇ ਤਾਜਪੁਰ ਰੋਡ, ਭਾਮੀਆਂ ਕਲਾਂ ਦੇ ਨੇੜਲੇ ਇਲਾਕੇ ਦੀ ਦੱਸੀ ਜਾ ਰਹੀ ਹੈ। ਥਾਣਾ ਪੁਲਸ ਨੇ ਕਥਿਤ ਦੋਸ਼ੀ ਖਿਲਾਫ ਜਬਰ-ਜ਼ਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਤਾਜਪੁਰ ਰੋਡ ਦੇ ਕੱਕਾ-ਧੋਲਾ ਰੋਡ 'ਤੇ ਸਥਿਤ ਇਕ ਮੋਟਰ 'ਤੇ ਆਪਣੀ ਪਤਨੀ ਅਤੇ ਬੱਚੀ ਸਮੇਤ ਰਹਿਣ ਵਾਲੇ ਇਕ ਬਹਾਦਰ ਦੀ ਪਤਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਦੋਵੇਂ ਪਤੀ-ਪਤਨੀ ਇਕ ਫੈਕਟਰੀ 'ਚ ਕੰਮ ਕਰਦੇ ਹਨ, ਜਦੋਂਕਿ ਉਨ੍ਹਾਂ ਦੀ 13-14 ਸਾਲਾ ਨਾਬਾਲਗ ਲੜਕੀ ਘਰ 'ਚ ਹੁੰਦੀ ਹੈ। ਅੱਜ ਜਦੋਂ ਉਹ ਦੋਵੇਂ ਕੰਮ 'ਤੇ ਗਏ ਹੋਏ ਸਨ ਤਾਂ ਪਿੱਛੋਂ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਕੁਸ਼ਲ ਦੇਵ ਉਰਫ ਨੀਰਜ ਕੁਮਾਰ ਪੁੱਤਰ ਲੱਖਣ ਰਾਮ ਵਾਸੀ ਪਿੰਡ ਛੋਟਕੀ, ਬੁੜੌਨਾ ਚੌਂਸਾ, ਮਾਧੋਪੁਰ, ਬਿਹਾਰ ਹਾਲ ਵਾਸੀ ਗੱਗੀ ਸਰਦਾਰ ਦਾ ਵਿਹੜਾ, ਕੱਕਾ ਰੋਡ, ਜਮਾਲਪੁਰ ਨੇ ਮੌਕਾ ਪਾ ਕੇ ਉਨ੍ਹਾਂ ਦੀ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਉਹ ਦੋਵੇਂ ਪਤੀ-ਪਤਨੀ ਘਰ ਪਹੁੰਚੇ ਤਾਂ ਡਰੀ-ਸਹਿਮੀ ਉਨ੍ਹਾਂ ਦੀ ਬੱਚੀ ਨੇ ਸਾਰੀ ਘਟਨਾ ਉਨ੍ਹਾਂ ਨੂੰ ਦੱਸੀ, ਜਿਸ ਦੇ ਬਾਅਦ ਉਨ੍ਹਾਂ ਨੇ ਆਸ-ਪਾਸ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀ ਨੂੰ ਨਾਮਜ਼ਦ ਕਰ ਕੇ ਉਸ ਦੀ ਤਲਾਸ਼ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।