ਵਿਆਹ ''ਚ ਸ਼ਾਮਲ ਹੋਣ ਗਏ ਪਰਿਵਾਰ ਦੇ ਘਰੋਂ ਚੋਰਾਂ ਨੇ ਲੱਖਾਂ ਦੇ ਗਹਿਣੇ ਅਤੇ ਨਕਦੀ ਉਡਾਈ

03/27/2018 3:32:01 AM

ਮੌੜ ਮੰਡੀ(ਪ੍ਰਵੀਨ)-ਬੀਤੀ ਰਾਤ ਸਥਾਨਕ ਸ਼ਹਿਰ ਦੀ ਪੁਰਾਣੀ ਗਊਸ਼ਾਲਾ ਕੋਲ ਚੋਰਾਂ ਨੇ ਇਕ ਵਿਆਹ 'ਚ ਸ਼ਾਮਿਲ ਹੋਣ ਗਏ ਪਰਿਵਾਰ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਇਸ ਸਬੰਧੀ ਪੀੜਤ ਰਾਜੀਵ ਕੁਮਾਰ ਸ਼ੈਲੀ ਅਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਅਸੀਂ ਦੋਵੇਂ ਭਰਾ ਗਊਸ਼ਾਲਾ ਰੋਡ 'ਤੇ ਛੋਟੀ ਜਿਹੀ ਰੈਡੀਮੇਡ ਕੱਪੜੇ ਦੀ ਦੁਕਾਨ ਕਰਦੇ ਹਾਂ। ਬੀਤੀ ਰਾਤ ਸਾਡਾ ਪੂਰਾ ਪਰਿਵਾਰ ਆਪਣੇ ਤਾਏ ਦੀ ਪੋਤੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਰਾਮਪੁਰਾ ਵਿਖੇ ਗਿਆ ਹੋਇਆ ਸੀ। ਅਸੀਂ ਤਕਰੀਬਨ ਰਾਤ 9:00 ਵਜੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਏ ਅਤੇ ਰਾਤ 12:45 ਵਜੇ ਵਾਪਸ ਆ ਗਏ। ਅਸੀਂ ਜਦ ਘਰ ਵਾਪਿਸ ਆ ਕੇ ਦੇਖਿਆ ਤਾਂ ਸਾਡੇ ਘਰ ਦੀ ਅੰਦਰਲੀ ਖਿੜਕੀ ਖੁੱਲ੍ਹੀ ਪਈ ਸੀ ਤੇ ਅਟੈਚੀ ਅਤੇ ਅਲਮਾਰੀਆਂ ਦਾ ਸਾਰਾ ਸਾਮਾਨ ਬੈੱਡ 'ਤੇ ਖਿਲਰਿਆ ਪਿਆ ਸੀ। ਘਰ ਅੰਦਰ ਪਈ ਨਕਦੀ ਅਤੇ ਗਹਿਣੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਰਾਤ 10 ਵਜੇ ਤੋਂ 12 ਵਜੇ ਦੇ ਦਰਮਿਆਨ ਸਾਡੇ ਘਰ ਅੰਦਰ ਦਾਖਲ ਹੋ ਕੇ ਸਾਢੇ ਨੌਂ ਤੋਲੇ ਸੋਨਾ, 27 ਤੋਲੇ ਚਾਂਦੀ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਤੋਂ ਇਲਾਵਾਂ ਚੋਰ ਮਾਤਾ ਦੀ ਗੋਲ੍ਹਕ ਵਿਚ ਪਏ ਪੈਸੇ ਅਤੇ ਕੰਜਕਾਂ ਦੁਆਰਾ ਦਿਨ ਭਰ ਵਿਚ ਇਕੱਠੇ ਕੀਤੇ ਪੈਸੇ ਵੀ ਬੱਚਿਆਂ ਦੇ ਪਰਸ ਵਿਚੋਂ ਕੱਢ ਕੇ ਲੈ ਗਏ। ਚੋਰੀ ਦੀ ਖ਼ਬਰ ਮਿਲਦੇ ਹੀ ਥਾਣਾ ਮੌੜ ਦੀ ਪੁਲਸ ਤੁਰੰਤ ਹਰਕਤ ਵਿਚ ਆ ਗਈ ਅਤੇ ਰਾਤ ਦੇ ਕਰੀਬ 2 ਵਜੇ ਸੂਚਨਾ ਮਿਲਣ 'ਤੇ ਸਬ-ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਭਾਵੇਂ ਰਾਤ ਸਮੇਂ ਪੁਲਸ ਦੇ ਹੱਥ ਕੁਝ ਨਾ ਲੱਗਾ ਪਰ ਪੁਲਸ ਵੱਲੋਂ ਸਵੇਰ ਤੋਂ ਹੀ ਇਸ ਵੱਡੀ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਭਾਲ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਕਰ ਕੇ ਬਠਿੰਡਾ ਤੋਂ ਏ. ਐੱਸ. ਆਈ. ਹਰਦੇਵ ਸਿੰਘ ਦੀ ਅਗਵਾਈ 'ਚ ਮੋਬਾਇਲ ਫੋਰੈਂਸਿਕ ਸਾਇੰਸ ਲੈਬ ਰੇਂਜ ਬਠਿੰਡਾ ਦੀ ਟੀਮ ਅਤੇ ਇਸ ਤੋਂ ਤੁਰੰਤ ਬਾਅਦ ਡਾਗ ਸਕੁਐਡ ਦੇ ਏ. ਐੱਸ. ਆਈ. ਕੇਵਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ।  ਇਸ ਸਬੰਧੀ ਐੱਸ. ਐੱਚ. ਓ. ਮਨੋਜ ਕੁਮਾਰ ਸ਼ਰਮਾ ਅਤੇ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਮੌਕਾ ਬਣਾ ਕੇ ਇਸ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਸ ਪਾਰਟੀ ਇਸ ਚੋਰੀ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ, ਜਿਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਪੁਲਸ ਚੋਰਾਂ ਨੂੰ ਨੱਪ ਲਵੇਗੀ।