ਆੜ੍ਹਤੀਆਂ ਦੀਆਂ 2 ਧਿਰਾਂ ਆਹਮੋ-ਸਾਹਮਣੇ, ਤਾਣਿਆ ਰਿਵਾਲਵਰ, ਕੀਤੀ ਗਾਲੀ-ਗਲੋਚ

03/17/2018 7:08:12 AM

ਅੰਮ੍ਰਿਤਸਰ(ਦਲਜੀਤ)- ਦਾਣਾ ਮੰਡੀ ਭਗਤਾਂਵਾਲਾ 'ਚ ਅੱਜ ਆੜ੍ਹਤੀਆਂ ਦੀਆਂ 2 ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਮਾਹੌਲ ਇੰਨਾ ਗਰਮਾ ਗਿਆ ਕਿ ਗੱਲਾ ਆੜ੍ਹਤੀ ਵੈੱਲਫੇਅਰ ਐਸੋਸੀਏਸ਼ਨ ਦੀ ਜਨਰਲ ਹਾਊਸ ਦੀ ਮੀਟਿੰਗ 'ਚ ਆੜ੍ਹਤੀਆਂ ਨੇ ਇਕ-ਦੂਜੇ 'ਤੇ ਰਿਵਾਲਵਰ ਕੱਢ ਕੇ ਗਾਲੀ-ਗਾਲੋਚ ਕਰਨ ਅਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਾਏ। ਦੋਵਾਂ ਪੱਖਾਂ ਨੇ ਥਾਣਾ ਗੇਟ ਹਕੀਮਾਂ ਵਿਚ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸੋਹਲ ਨੇ ਦੱਸਿਆ ਕਿ ਜਨਵਰੀ 2018 'ਚ ਐਸੋਸੀਏਸ਼ਨ ਦੀ ਚੋਣ ਹੋਈ ਸੀ, ਜਿਸ ਵਿਚ ਵਿਰੋਧੀ ਪੱਖ ਦੇ ਨੇਤਾ ਨਰਿੰਦਰ ਬਹਿਲ ਨੂੰ 70 ਵੋਟਾਂ ਨਾਲ ਉਨ੍ਹਾਂ ਨੇ ਹਰਾ ਦਿੱਤਾ ਸੀ। ਐਸੋਸੀਏਸ਼ਨ ਦੀ ਅੱਜ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਸੀ, ਜਿਸ ਵਿਚ ਮੰਡੀ ਦੇ ਸੈਂਕੜੇ ਆੜ੍ਹਤੀ ਮੌਜੂਦ ਸਨ ਅਤੇ 2014 'ਚ ਹੋਈ ਖਰੀਦ ਦੀ ਅਜੇ ਤੱਕ ਸ਼ੈਲਰਾਂ ਵੱਲੋਂ 40 ਕਰੋੜ ਦੇ ਕਰੀਬ ਅਦਾਇਗੀ ਨਾ ਕਰਨ ਦੇ ਮਾਮਲੇ ਵਿਚ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਨਰਿੰਦਰ ਕੁਮਾਰ ਬਹਿਲ ਦੀ ਅਗਵਾਈ 'ਚ ਦਿਲਬਾਗ ਸਿੰਘ ਤੇ 15-20 ਲੋਕ ਮੀਟਿੰਗ ਵਿਚ ਆ ਗਏ, ਜਿਨ੍ਹਾਂ ਬਿਨਾਂ ਕੁਝ ਸੁਣੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਦਿਲਬਾਗ ਸਿੰਘ ਨੇ ਰਾਕੇਸ਼ ਕੁਮਾਰ ਤੁਲੀ 'ਤੇ ਪਿਸਤੌਲ ਤਾਣ ਦਿੱਤਾ। ਬਹਿਲ ਵੀ ਇਸ ਦੌਰਾਨ ਨਵੀਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਗਾਲ੍ਹਾਂ ਕੱਢਦੇ ਹੋਏ ਧਮਕੀਆਂ ਦੇ ਰਹੇ ਸਨ। ਮਾਮਲੇ ਨੂੰ ਵਧਦਾ ਦੇਖ ਕੇ ਵਿਰੋਧੀ ਪੱਖ ਦੇ ਨੇਤਾ ਸ਼ੋਰ-ਸ਼ਰਾਬਾ ਪਾਉਂਦੇ ਹੋਏ ਮੀਟਿੰਗ ਤੋਂ ਬਾਹਰ ਚਲੇ ਗਏ। ਸੋਹਲ ਨੇ ਕਿਹਾ ਕਿ ਉਨ੍ਹਾਂ ਨੇ ਥਾਣਾ ਗੇਟ ਹਕੀਮਾਂ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਬਹਿਲ ਹਾਰ ਦੇ ਕਾਰਨ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ, ਇਸ ਲਈ ਉਹ ਲੜਾਈ ਕਰ ਕੇ ਮੰਡੀ ਦਾ ਸ਼ਾਂਤੀਮਈ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਬਹਿਲ ਦੀ ਹਮੇਸ਼ਾ ਹੀ ਇਕ ਹੀ ਰਣਨੀਤੀ ਰਹੀ ਹੈ ਕਿ ਆੜ੍ਹਤੀਆਂ 'ਤੇ ਦਬਾਅ ਬਣਾ ਕੇ ਰਾਜ ਕੀਤਾ ਜਾਵੇ ਪਰ ਹੁਣ ਉਸ ਨੂੰ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਸੱਤਾ ਵਿਚ ਨਹੀਂ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਹਿਲ ਅਤੇ ਦਿਲਬਾਗ ਸਿੰਘ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਧਰ ਦੂਜੇ ਪਾਸੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਉਨ੍ਹਾਂ 'ਤੇ ਜੋ ਦੋਸ਼ ਲਾਏ ਜਾ ਰਹੇ ਹਨ, ਝੂਠੇ ਤੇ ਬੇਬੁਨਿਆਦ ਹਨ। ਆੜ੍ਹਤੀ ਹੋਣ ਦੇ ਨਾਤੇ ਉਹ ਮੀਟਿੰਗ ਵਿਚ ਹਿੱਸਾ ਲੈਣ ਗਏ ਸਨ। ਸੁਖਦੇਵ ਸਿੰਘ ਸੋਹਲ ਤੇ ਰਾਕੇਸ਼ ਤੁਲੀ ਨੇ ਉਨ੍ਹਾਂ ਤੇ ਦਿਲਬਾਗ ਸਿੰਘ ਨੂੰ ਦੇਖਦੇ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਰਾਕੇਸ਼ ਤੁਲੀ ਨੇ ਉਸ ਸਮੇਂ ਪਿਸਤੌਲ ਕੱਢ ਕੇ ਦਿਲਬਾਗ ਦੀ ਕਨਪਟੀ 'ਤੇ ਤਾਣ ਦਿੱਤਾ। ਬਹਿਲ ਨੇ ਕਿਹਾ ਕਿ ਦਿਲਬਾਗ ਸਿੰਘ ਨੂੰ ਆੜ੍ਹਤੀਆਂ ਦੀ ਪੇਮੈਂਟ ਨਾ ਆਉਣ ਦਾ ਸੋਹਲ ਗਰੁੱਪ ਦੋਸ਼ੀ ਬਣਾਉਣ 'ਤੇ ਤੁਲਿਆ ਹੋਇਆ ਹੈ, ਜਦੋਂ ਕਿ ਦਿਲਬਾਗ ਸਿੰਘ ਦਾ ਇਸ ਵਿਚ ਕੋਈ ਰੋਲ ਨਹੀਂ ਹੈ। ਉਨ੍ਹਾਂ ਨੇ ਸੋਹਲ ਗਰੁੱਪ ਖਿਲਾਫ ਸ਼ਿਕਾਇਤ ਦੇ ਦਿੱਤੀ ਹੈ।