ਖੁਦ ਨੂੰ ਸਾਬਕਾ ਅਕਾਲੀ ਕੌਂਸਲਰ ਦੱਸ ਕੇ ਪੁਲਸ ਨਾਲ ਬਦਸਲੂਕੀ ਕਰਨ ਵਾਲਾ ਨਾਮਜ਼ਦ

02/20/2018 6:02:15 AM

ਲੁਧਿਆਣਾ(ਮਹੇਸ਼)-ਖੁਦ ਨੂੰ ਢੰਡਾਰੀ ਕਲਾਂ ਦਾ ਸਾਬਕਾ ਅਕਾਲੀ ਕੌਂਸਲਰ ਗੁਰਬੀਰ ਸਿੰਘ ਗਰਚਾ ਦੱਸ ਕੇ ਨਾਕੇ 'ਤੇ ਖੜ੍ਹੀ ਪੁਲਸ ਨਾਲ ਬਦਸਲੂਕੀ ਕਰਨ ਵਾਲੇ ਦੋਸ਼ੀ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਦੋਸ਼ੀ ਦੀ ਪਛਾਣ ਪਿੰਡ ਧਾਂਦਰਾ ਦੇ ਬਸੰਤ ਐਵੀਨਿਊ ਦੇ ਅਮਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ, ਜੋ ਹੁਣ ਤੱਕ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਦੇ ਇੰਚਾਰਜ ਸੁਖਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਗ੍ਰਿਫਤ 'ਚ ਹੋਵੇਗਾ। ਐਤਵਾਰ ਸ਼ਾਮ ਨੂੰ ਲਲਤੋਂ ਕਲਾਂ ਚੌਕੀ 'ਚ ਤਾਇਨਾਤ ਹੈੱਡ ਕਾਂਸਟੇਬਲ ਹਰਭੋਲ ਸਿੰਘ ਆਪਣੇ ਸਹਿ-ਕਰਮਚਾਰੀਆਂ ਹੈੱਡ ਕਾਂਸਟੇਬਲ ਕੁਲਵੰਤ ਸਿੰਘ, ਕਾਂਸਟੇਬਲ ਗੁਰਬੀਰ ਸਿੰਘ, ਅਮਨਦੀਪ ਕੁਮਾਰ, ਕਰਮਜੀਤ ਸਿੰਘ ਆਦਿ ਦੇ ਨਾਲ ਪੱਖੋਵਾਲ ਰੋਡ ਦੇ ਫੁੱਲਾਂਵਾਲ ਚੌਕ 'ਤੇ ਨਾਕੇ 'ਤੇ ਖੜ੍ਹਾ ਸੀ। ਲਗਭਗ 6.25 ਵਜੇ ਉਸ ਨੇ ਦੁੱਗਰੀ ਵਲੋਂ ਆਉਂਦੀ ਇਕ ਸਕਾਰਪੀਓ ਗੱਡੀ ਨੂੰ ਚੈੱਕ ਕਰਨ ਲਈ ਰੋਕਿਆ, ਜਿਸ 'ਚ 2 ਲੋਕ ਸਵਾਰ ਸਨ। ਸੀਟ ਬੈਲਟ ਨਾ ਲੱਗੀ ਹੋਣ ਦੇ ਕਾਰਨ ਉਸ ਨੇ ਡਰਾਈਵਰ ਨੂੰ ਕਾਗਜ਼ਾਤ ਦਿਖਾਉਣ ਨੂੰ ਕਿਹਾ। ਡਰਾਈਵਰ ਨੇ ਆਪਣਾ ਨਾਂ ਹਰਿੰਦਰ ਸਿੰਘ ਦੱਸਦੇ ਹੋਏ ਆਪਣਾ ਡਰਾਈਵਿੰਗ ਲਾਇਸੈਂਸ ਅਤੇ ਗੱਡੀ ਦੇ ਕਾਗਜ਼ਾਤ ਪੇਸ਼ ਕੀਤੇ, ਜਿਸ 'ਤੇ ਉਸ ਨੇ ਸੀਟ ਬੈਲਟ ਨਾ ਲੱਗੇ ਹੋਣ ਦਾ ਚਲਾਨ ਭਰ ਦਿੱਤਾ। ਇਸ ਦੌਰਾਨ ਦੂਜਾ ਨੌਜਵਾਨ ਗੱਡੀ ਤੋਂ ਉਤਰ ਕੇ ਉਨ੍ਹਾਂ ਕੋਲ ਆਇਆ, ਜਿਸ ਨੇ ਖੁਦ ਨੂੰ ਸਾਬਕਾ ਅਕਾਲੀ ਕੌਂਸਲਰ ਗੁਰਬੀਰ ਸਿੰਘ ਗਰਚਾ ਦੱਸਦੇ ਹੋਏ ਹਰਭੋਲ ਨਾਲ ਬਦਸਲੂਕੀ ਕੀਤੀ। ਉਸ ਦੀ ਵਰਦੀ ਉਤਾਰਨ ਦੀ ਧਮਕੀ ਦੇ ਕੇ ਸਰਕਾਰੀ ਡਿਊਟੀ 'ਚ ਵਿਘਨ ਪਾਉਂਦੇ ਹੋਏ ਚਲਾਨ ਬੁੱਕ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਧੱਕੇ ਨਾਲ ਉਸ ਦਾ ਪੈੱਨ ਖੋਹ ਲਿਆ।  ਇਸ 'ਤੇ ਹਰਭੋਲ ਨੇ ਇਸ ਦੀ ਸ਼ਿਕਾਇਤ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਪੁਲਸ ਨੇ ਹਰਭੋਲ ਸਿੰਘ ਦੀ ਸ਼ਿਕਾਇਤ 'ਤੇ ਗਰਚਾ ਦੇ ਖਿਲਾਫ ਲੁੱਟ-ਖੋਹ, ਸਰਕਾਰੀ ਡਿਊਟੀ 'ਚ ਵਿਘਨ ਪਾਉਣ ਅਤੇ ਧਮਕਾਉਣ ਦਾ ਕੇਸ ਦਰਜ ਕਰ ਦਿੱਤਾ। 
ਗਲਤੀ ਦਾ ਪਤਾ ਲੱਗਦੇ ਹੀ ਪੁਲਸ ਬੈਕਫੁਟ 'ਤੇ ਆਈ 
ਕੇਸ ਦਰਜ ਕਰਨ ਤੋਂ ਬਾਅਦ ਜਦ ਪੁਲਸ ਨੇ ਗਰਚਾ ਦੇ ਘਰ ਉਸ ਨੂੰ ਫੜਨ ਲਈ ਗਈ ਤਾਂ ਸਾਰੀ ਅਸਲੀਅਤ ਸਾਹਮਣੇ ਆ ਗਈ। ਉਸ ਨੂੰ ਪਤਾ ਲੱਗ ਗਿਆ ਕਿ ਕਿਸੇ ਨੇ ਗਰਚਾ ਦੇ ਨਾਂ ਦਾ ਦੁਰਉਪਯੋਗ ਕੀਤਾ ਹੈ, ਜਿਸ ਦੇ ਬਾਅਦ ਪੁਲਸ ਬੈਕਫੁਟ 'ਤੇ ਆਈ ਅਤੇ ਉਸ ਨੇ ਆਪਣੀ 'ਚ ਸੁਧਾਰ ਕਰਦੇ ਹੋਏ ਅਸਲੀ ਦੋਸ਼ੀ ਦਾ ਸੁਰਾਗ ਲਾ ਕੇ ਉਸ ਨੂੰ ਮਾਮਲੇ 'ਚ ਨਾਮਜ਼ਦ ਕੀਤਾ, ਜਿਸ ਲਈ ਸ਼ਾਮ ਨੂੰ ਪੁਲਸ ਮੁੱਖ ਦਫਤਰ ਵਲੋਂ ਮੀਡੀਆ ਨੂੰ ਇਕ ਪ੍ਰੈੱਸ ਨੋਟ ਵੀ ਜਾਰੀ ਕੀਤਾ ਗਿਆ । ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਰੀਬੀ ਗੁਰਬੀਰ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਵਾਕਾ ਹੋਇਆ ਮੈਂ ਸਾਬਕਾ ਅਕਾਲੀ ਮੇਅਰ ਗਿਆਸਪੁਰਾ ਦੇ ਪੁੱਤਰ ਜਸਪਾਲ ਸਿੰਘ ਦੇ ਨਾਲ ਉਨ੍ਹਾਂ ਦੀ ਗੱਡੀ 'ਚ ਵਾਰਡ ਨੰ. 30 'ਚ ਚੋਣ ਪ੍ਰਚਾਰ ਕਰ ਰਿਹਾ ਸੀ। ਸਬੂਤ ਦੇ ਤੌਰ 'ਤੇ ਉਸ ਦੇ ਕੋਲ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਹੈ। ਉਸ ਦਾ ਇਸ ਮਾਮਲੇ 'ਚ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਸ ਨੇ ਬਿਨਾਂ ਜਾਂਚ-ਪੜਤਾਲ ਕੀਤੇ ਉਸ ਦੇ ਖਿਲਾਫ ਝੂਠਾ ਮਾਮਲਾ ਦਰਜ ਕਰ ਦਿੱਤਾ, ਜਿਸ ਤੋਂ ਉਨ੍ਹਾਂ ਨੂੰ ਬੇਹੱਦ ਦੁੱਖ ਹੋਈ ਅਤੇ ਸਵੇਰ ਤੋਂ ਫੋਨ ਕਰ ਕੇ ਲੋਕਾਂ ਨੂੰ ਬੇਗੁਨਾਹੀ ਹੋਣ ਦਾ ਸਬੂਤ ਦੇ ਰਿਹਾ ਹਾਂ। ਅਮਰਿੰਦਰ ਨਾਲ ਉਸ ਦਾ ਕੋਈ ਵਾਸਤਾ ਨਹੀਂ ਹੈ। ਪੁਲਸ ਨੇ ਉਸ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਹੈ, ਜਿਸ ਨਾਲ ਉਸ ਦੇ ਅਕਸ 'ਤੇ ਅਸਰ ਪਿਆ ਹੈ।