ਚੋਰ ਲੱਖਾਂ ਦੇ ਕੱਪੜੇ ਅਤੇ ਐੱਲ. ਸੀ. ਡੀ. ਚੋਰੀ ਕਰ ਕੇ ਫਰਾਰ

02/17/2018 4:46:58 AM

ਰਾਮਾਂ ਮੰਡੀ(ਪਰਮਜੀਤ)-ਗਾਂਧੀ ਚੌਕ ਨਜ਼ਦੀਕ ਸੁਪਰ ਮਾਰਕੀਟ ਦੀ ਨੁੱਕਰ 'ਤੇ ਸਥਿਤ ਪ੍ਰਦੀਪ ਫੈਸ਼ਨ ਕੈਂਪ ਵਿਚ ਬੀਤੀ ਰਾਤ ਚੋਰਾਂ ਵੱਲੋਂ ਦੁਕਾਨ ਦੇ ਤਾਲੇ ਤੋੜ ਕੇ ਉਥੇ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਧਿਆਨ ਵਿਚ ਆਇਆ ਹੈ। ਪ੍ਰਦੀਪ ਫੈਸ਼ਨ ਕੈਂਪ ਦੇ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਰਾਤ ਕਰੀਬ 9 ਵਜੇ ਫੈਸ਼ਨ ਕੈਂਪ ਬੰਦ ਕਰ ਕੇ ਆਪਣੇ ਘਰ ਚਲੇ ਗਏ। ਉਨ੍ਹਾਂ ਨੇ ਜਦ ਸਵੇਰੇ ਆ ਕੇ ਦੇਖਿਆ ਤਾਂ ਫੈਸ਼ਨ ਕੈਂਪ ਦੇ ਸ਼ਟਰ ਦੇ ਤਾਲੇ ਟੁੱਟੇ ਪਏ ਸਨ ਅਤੇ ਫੈਸ਼ਨ ਕੈਂਪ ਅੰਦਰ ਪਿਆ ਸਾਰਾ ਸਾਮਾਨ ਖਿੱਲਰਿਆ ਪਿਆ ਸੀ, ਜਿਸ 'ਤੇ ਉਨ੍ਹਾਂ ਨੂੰ ਚੋਰੀ ਹੋਣ ਦਾ ਸ਼ੱਕ ਹੋਇਆ ਅਤੇ ਇਸ ਦੀ ਸੂਚਨਾ ਤੁਰੰਤ ਰਾਮਾਂ ਮੰਡੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਰਾਮਾਂ ਪੁਲਸ ਅਤੇ ਡੌਗ ਸਕੁਐਡ ਉਕਤ ਸਥਾਨ 'ਤੇ ਪੁੱਜੇ। ਪੂਰੀ ਛਾਣਬੀਣ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਫੈਸ਼ਨ ਕੈਂਪ 'ਚੋਂ ਚੋਰ ਮਹਿੰਗੀਆਂ ਪੈਂਟਾਂ-ਸ਼ਰਟਾਂ, ਐੱਲ. ਸੀ. ਡੀ. ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਫੈਸ਼ਨ ਕੈਂਪ ਦੇ ਮਾਲਕ ਪ੍ਰਦੀਪ ਕੁਮਾਰ ਨੇ ਇਹ ਵੀ ਦੱਸਿਆ ਕਿ ਰਾਤ ਸਮੇਂ ਹੋਈ ਚੋਰੀ ਦੀ ਸਾਰੀ ਵਾਰਦਾਤ ਉਨ੍ਹਾਂ ਦੇ ਫੈਸ਼ਨ ਕੈਂਪ ਦੇ ਬਾਹਰ ਅਤੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਸ ਚੋਰਾਂ ਦੀ ਜਾਂਚ ਕਰ ਰਹੀ ਹੈ।
ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ
ਇਸ ਚੋਰੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਸਮੂਹ ਸੁਪਰ ਮਾਰਕੀਟ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਪੁਲਸ ਪ੍ਰਸ਼ਾਸਨ ਖਿਲਾਫ਼ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਪੁਲਸ ਵੱਲੋਂ ਰਾਤ ਸਮੇਂ ਗਸ਼ਤ ਘੱਟ ਹੋਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਸ਼ਹਿਰ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਸਮੂਹ ਦੁਕਾਨਦਾਰਾਂ ਨੇ ਐੱਸ. ਐੱਚ. ਓ. ਨੂੰ ਮਿਲ ਕੇ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ, ਜਿਸ ਉਪਰੰਤ ਐੱਸ. ਐੱਚ. ਓ. ਹਰਬੰਸ ਸਿੰਘ ਨੇ ਸਮੂਹ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। 
ਕੀ ਕਹਿੰਦੇ ਹਨ ਸ਼ਹਿਰ ਵਾਸੀ
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਪ੍ਰਦੀਪ ਫੈਸ਼ਨ ਕੈਂਪ ਰਾਮਾਂ ਮੰਡੀ ਦੇ ਗਾਂਧੀ ਚੌਕ ਵਿਚ ਸੁਪਰ ਮਾਰਕੀਟ ਦੀ ਬਿਲਕੁਲ ਨੁੱਕਰ 'ਤੇ ਸਥਿਤ ਹੈ, ਇਸ ਸੁਪਰ ਮਾਰਕੀਟ ਵਿਚ ਰੋਜ਼ਾਨਾ ਚੌਕੀਦਾਰ ਰਾਤ ਸਮੇਂ ਮੌਜੂਦ ਹੁੰਦਾ ਹੈ। ਚੌਕੀਦਾਰ ਹੋਣ ਦੇ ਬਾਵਜੂਦ ਵੀ ਚੋਰਾਂ ਵੱਲੋਂ ਪ੍ਰਦੀਪ ਫੈਸ਼ਨ ਕੈਂਪ ਵਿਚ ਚੋਰੀ ਕਰਨ ਤੋਂ ਇਹ ਸਾਬਤ ਹੁੰਦਾ ਹੈ ਕਿ ਚੋਰਾਂ ਵਿਚ ਹੁਣ ਬਿਲਕੁਲ ਵੀ ਖੌਫ਼ ਨਹੀਂ ਰਿਹਾ। ਸ਼ਹਿਰ ਵਾਸੀਆਂ ਨੇ ਐੱਸ. ਐੱਚ. ਓ. ਹਰਬੰਸ ਸਿੰਘ, ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਅਤੇ ਐੱਸ. ਐੱਸ. ਪੀ. ਨਵੀਨ ਸਿੰਗਲਾ ਤੋਂ ਮੰਗ ਕੀਤੀ ਹੈ ਕਿ ਇਸ ਚੋਰੀ ਦੀ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਚੋਰਾਂ ਨੂੰ ਕਾਬੂ ਕਰ ਕੇ ਚੋਰਾਂ ਵੱਲੋਂ ਜੋ ਸਾਮਾਨ ਚੋਰੀ ਕੀਤਾ ਗਿਆ ਹੈ, ਉਹ ਸਬੰਧਤ ਦੁਕਾਨ ਮਾਲਕ ਨੂੰ ਵਾਪਸ ਦਿਵਾਇਆ ਜਾਵੇ ਅਤੇ ਚੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।