ਰਾਮਾਂ ਮੰਡੀ ''ਚ ਚੋਰਾਂ ਨੇ 3 ਦੁਕਾਨਾਂ ਦੇ ਤੋੜੇ ਤਾਲੇ

Friday, Jan 12, 2018 - 03:29 AM (IST)

ਰਾਮਾਂ ਮੰਡੀ(ਪਰਮਜੀਤ)-ਸਥਾਨਕ ਸ਼ਹਿਰ 'ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਚੋਰੀ ਕਰਨ ਸਮੇਂ ਕਿਸੇ ਦਾ ਵੀ ਖੌਫ ਨਹੀਂ ਹੈ। ਪਿਛਲੇ ਕਰੀਬ 2 ਮਹੀਨਿਆਂ ਤੋਂ ਚੋਰਾਂ ਦੁਆਰਾ ਰਾਮਾਂ ਮੰਡੀ 'ਚ ਚੋਰੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੋਰਾਂ ਵੱਲੋਂ ਬਾਗ ਕਾਲੋਨੀ ਵਿਖੇ ਨਵੇਂ ਉਸਾਰੇ ਜਾ ਰਹੇ ਮਕਾਨਾਂ, ਕੋਠੀਆਂ ਦੇ ਬਾਹਰ ਲੱਗੀਆਂ ਪਾਣੀ ਦੀਆਂ ਮੋਟਰਾਂ, ਪਾਣੀ ਵਾਲੀ ਪਲਾਸਟਿਕ ਪਾਈਪ, ਟੂਟੀਆਂ ਚੋਰੀ ਕੀਤੀਆਂ ਜਾ ਰਹੀਆਂ ਹਨ। ਚੋਰ ਇਕੋ ਹੀ ਰਾਤ 'ਚ 7 ਘਰਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਉਥੇ ਹੀ ਚੋਰਾਂ ਨੇ ਬੀਤੀ ਰਾਤ ਰਾਮਾਂ ਮੰਡੀ ਅੰਦਰ ਸਥਿਤ 3 ਆੜ੍ਹਤ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਦੁਕਾਨਾਂ 'ਚ ਹੱਥ ਸਾਫ ਕੀਤਾ, ਬੇਸ਼ੱਕ ਦੁਕਾਨਾਂ ਅੰਦਰ ਚੋਰਾਂ ਨੂੰ ਕੋਈ ਵੀ ਨਕਦੀ ਨਹੀਂ ਮਿਲੀ ਪਰ ਚੋਰਾਂ ਵੱਲੋਂ ਚੋਰੀ ਕਰਨ ਦਾ ਸਿਲਸਲਾ ਰਾਮਾਂ ਮੰਡੀ 'ਚ ਲਗਾਤਾਰ ਜਾਰੀ ਹੈ। ਚੋਰੀ ਦੀ ਸੂਚਨਾ ਮਿਲਦੇ ਹੀ ਰਾਮਾਂ ਮੰਡੀ ਪੁਲਸ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚੇ, ਜਿੱਥੇ ਪੀੜਤ ਦੁਕਾਨਦਾਰ ਕਾਂਸਲ ਟਰੇਡਿੰਗ ਕੰਪਨੀ ਰਾਮਾਂ, ਮਦਨ ਲਾਲ ਕਾਲੜਾ ਐਂਡ ਕੰਪਨੀ ਰਾਮਾਂ ਅਤੇ ਵਨੀਤ ਕੁਮਾਰ ਆੜ੍ਹਤੀਆ ਰਾਮਾਂ ਮੰਡੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਚੋਰਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਦੇ ਤਾਲੇ ਤੋੜੇ ਤੇ ਅੰਦਰ ਪਈਆਂ ਤਿਜੌਰੀਆਂ ਤੋੜ ਦਿੱਤੀਆਂ ਪਰ ਤਿਜੌਰੀਆਂ ਵਿਚ ਕੈਸ਼ ਨਾ ਹੋਣ ਕਾਰਨ, ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਚੋਰਾਂ ਵੱਲੋਂ ਕਾਊਂਟਰਾਂ ਅਤੇ ਤਿਜੌਰੀਆਂ ਦੀ ਬੁਰੀ ਤਰ੍ਹਾਂ ਨਾਲ ਭੰਨ-ਤੋੜ ਕੀਤੀ ਗਈ ਹੈ। ਇਸ ਸਬੰਧੀ ਪੈਸਟੀਸਾਈਡ ਯੂਨੀਅਨ ਰਾਮਾਂ ਦੇ ਚੇਅਰਮੈਨ ਕ੍ਰਿਸ਼ਨ ਲਾਲ ਭਾਗੀਵਾਂਦਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਮਾਂ ਮੰਡੀ ਵਿਚ ਚੋਰਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਰੀਆਂ 'ਤੇ ਨਕੇਲ ਕੱਸੀ ਜਾਵੇ, ਰਾਤ ਸਮੇਂ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਚੋਰਾਂ ਵੱਲੋਂ ਰਾਮਾਂ ਮੰਡੀ ਵਿਚ ਬੇਧੜਕ ਕੀਤੀਆਂ ਜਾ ਰਹੀਆਂ ਚੋਰੀਆਂ 'ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਪੀੜਤ ਦੁਕਾਨਦਾਰਾਂ ਨੇ ਸੰਜੀਵ ਮਿੱਤਲ ਐੱਸ. ਐੱਚ. ਓ. ਥਾਣਾ ਰਾਮਾਂ, ਬਰਿੰਦਰ ਸਿੰਘ ਗਿੱਲ ਡੀ. ਐੱਸ. ਪੀ. ਤਲਵੰਡੀ ਸਾਬੋ, ਨਵੀਨ ਸਿੰਗਲਾ ਐੱਸ. ਐੱਸ. ਪੀ. ਬਠਿੰਡਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਰਾਮਾਂ ਮੰਡੀ ਵਿਚ ਪਿਛਲੇ ਕਰੀਬ 2 ਮਹੀਨਿਆਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ 'ਤੇ ਨਕੇਲ ਕੱਸੀ ਜਾਵੇ ਅਤੇ ਉਨ੍ਹਾਂ ਦੀਆਂ ਦੁਕਾਨਾਂ 'ਤੇ ਜਿਨ੍ਹਾਂ ਚੋਰਾਂ ਨੇ ਤਾਲੇ ਤੋੜੇ ਹਨ, ਜਾਂਚ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।


Related News