ਸਾਬਕਾ ਕਾਂਗਰਸੀ ਮੰਤਰੀ ਗੁਲਜ਼ਾਰ ਸਿੰਘ ਦੇ ਘਰੋਂ ਅਸਲਾ ਚੋਰੀ

12/17/2017 3:26:03 AM

ਬਠਿੰਡਾ(ਬਲਵਿੰਦਰ)-ਸਾਬਕਾ ਕਾਂਗਰਸੀ ਮੰਤਰੀ ਗੁਲਜ਼ਾਰ ਸਿੰਘ ਦੇ ਘਰੋਂ ਅਸਲਾ ਚੋਰੀ ਹੋਣ ਨਾਲ ਜ਼ਿਲੇ 'ਚ ਗੈਂਗਸਟਰ ਹੋਣ ਦਾ ਸ਼ੱਕ ਵਧ ਗਿਆ ਹੈ ਪਰ ਅਜੇ ਤੱਕ ਮਾਮਲਾ ਗੁੰਝਲਦਾਰ ਬਣਿਆ ਹੋਇਆ ਹੈ। ਸਾਬਕਾ ਮੰਤਰੀ ਗੁਲਜ਼ਾਰ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਸਾਰਾ ਪਰਿਵਾਰ ਚੰਡੀਗੜ੍ਹ 'ਚ ਰਹਿੰਦਾ ਹੈ ਪਰ ਉਨ੍ਹਾਂ ਦਾ ਲਾਇਸੈਂਸੀ ਅਸਲਾ ਇਕ ਰਿਵਾਲਵਰ ਬਠਿੰਡਾ ਰਿਹਾਇਸ਼ ਭਾਗੂ ਰੋਡ ਗਲੀ ਨੰ. 1 'ਚ ਹੀ ਪਿਆ ਸੀ। ਇਹ ਮਕਾਨ ਕਿਰਾਏ 'ਤੇ ਦਿੱਤਾ ਹੋਇਆ ਸੀ, ਜਦਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ ਵੀ ਇਥੇ ਰਹਿੰਦਾ ਹੈ, ਜੋ ਕਿ ਘਰ ਦੀ ਰਖਵਾਲੀ ਲਈ ਰੱਖਿਆ ਹੋਇਆ ਹੈ। ਦੋ ਦਿਨਾਂ ਤੋਂ ਉਹ ਆਪਣੇ ਪਿੰਡ ਗਿਆ ਹੋਇਆ ਸੀ। ਅੱਜ ਇਥੇ ਪਹੁੰਚ ਕੇ ਪਤਾ ਲੱਗਾ ਕਿ ਅਸਲਾ ਤੇ ਕੁਝ ਜ਼ਰੂਰੀ ਕਾਗਜ਼ਾਤ ਚੋਰੀ ਹੋ ਚੁੱਕੇ ਹਨ। ਪੁਲਸ ਚੌਕੀ ਕਚਹਿਰੀ ਦੇ ਮੁਖੀ ਦਿਨੇਸ਼ਵਰ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਦਾ ਅਸਲਾ ਚੈੱਕ ਕਰਨ ਲਈ ਪੁਲਸ ਪਾਰਟੀ ਵੀ ਪਹੁੰਚੀ ਸੀ ਪਰ ਕੋਈ ਘਰ ਨਹੀਂ ਸੀ ਮਿਲਿਆ। ਉੱਚ ਅਧਿਕਾਰੀਆਂ ਨੂੰ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਮੁਕੱਦਮਾ ਦਰਜ ਕਰਨ ਤੋਂ ਇਲਾਵਾ ਇਸ ਦੀ ਪੜਤਾਲ ਵੀ ਆਰੰਭ ਦਿੱਤੀ ਗਈ ਹੈ। ਬੀਤੇ ਕੱਲ ਜ਼ਿਲੇ 'ਚ ਚਾਰ ਗੈਂਗਸਟਰ ਮਿਲੇ ਸਨ, ਜਿਨ੍ਹਾਂ 'ਚੋਂ ਦੋ ਪੁਲਸ ਮੁਕਾਬਲੇ 'ਚ ਮਾਰੇ ਗਏ, ਜਦਕਿ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਸਲਾ ਚੋਰੀ ਦੀ ਘਟਨਾ ਨੇ ਇਹ ਸ਼ੱਕ ਵਧਾ ਦਿੱਤਾ ਹੈ ਕਿ ਇਲਾਕੇ 'ਚ ਅਜਿਹੇ ਅਨਸਰ ਹੋਰ ਵੀ ਹੋ ਸਕਦੇ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।