''ਬੁਢਾਪੇ ਦਾ ਆਖਰੀ ਸਹਾਰਾ ਸੀ ਪਲਾਟ, ਉਹ ਵੀ ਦੱਬ ਲਿਆ''

11/30/2017 4:52:24 AM

ਲੁਧਿਆਣਾ(ਪੰਕਜ)-ਜਵਾਨੀ ਵਿਚ ਇਕ-ਇਕ ਪੈਸਾ ਜੋੜ ਕੇ ਬੁਢਾਪੇ ਲਈ ਖਰੀਦੇ ਇਕ ਪਲਾਟ 'ਤੇ ਜਾਬਰਾਂ ਨੇ ਕਬਜ਼ਾ ਕਰ ਕੇ ਨਾ ਸਿਰਫ ਉਸ ਵਿਚ ਰੱਖਿਆ ਸਾਮਾਨ ਖੁਰਦ-ਬੁਰਦ ਕਰ ਦਿੱਤਾ ਬਲਕਿ ਉਸ ਵਿਚ ਬਣਾਇਆ ਇਕ ਕਮਰਾ ਵੀ ਢਾਹ ਦਿੱਤਾ। ਇਸ ਸਬੰਧੀ ਨਿਆਂ ਤਾਂ ਕੀ ਮਿਲਣਾ ਹੈ, ਉਲਟਾ ਕਬਜ਼ਾ ਕਰਨ ਵਾਲਿਆਂ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ। 'ਜਗ ਬਾਣੀ' ਦਫਤਰ ਵਿਚ ਆਪਣੀ ਦਰਦ ਭਰੀ ਕਹਾਣੀ ਦੱਸਣ ਪੁੱਜੇ ਬਜ਼ੁਰਗ ਛੋਟੇ ਲਾਲ (85) ਪੁੱਤਰ ਗੋਬਿੰਦ ਰਾਮ ਨਿਵਾਸੀ ਜਵੱਦੀ ਨੇ ਦੱਸਿਆ ਕਿ ਉਸ ਨੇ ਸਾਰੀ ਉਮਰ ਦੀ ਜਮ੍ਹਾ ਪੂੰਜੀ ਖਰਚ ਕੇ ਤਾਜਪੁਰ ਰੋਡ 'ਤੇ 250 ਗਜ਼ ਦਾ ਇਕ ਪਲਾਟ ਇਹ ਸੋਚ ਕੇ ਖਰੀਦਿਆ ਸੀ ਕਿ ਬੁਢਾਪੇ ਵਿਚ ਉਸ ਨੂੰ ਵੇਚ ਕੇ ਆਪਣੀ ਜ਼ਿੰਦਗੀ ਆਰਾਮ ਨਾਲ ਬਸਰ ਕਰ ਲਵੇਗਾ। ਇਸ ਪਲਾਟ 'ਤੇ ਉਸ ਨੇ ਇਕ ਕਮਰਾ ਵੀ ਬਣਵਾਇਆ ਹੋਇਆ ਸੀ। 1962 ਵਿਚ ਖਰੀਦੇ ਇਸ ਪਲਾਟ ਦੀ ਕੀਮਤ ਵਧ ਜਾਣ ਕਾਰਨ ਤੇ ਉਸ ਦੇ ਮਸੂਰੀ (ਦੇਹਰਾਦੂਨ) ਵਿਚ ਰਹਿਣ ਦਾ ਫਾਇਦਾ ਚੁੱਕਦੇ ਹੋਏ ਇਕ ਕਬਾੜੀਏ ਨੇ ਨਾ ਸਿਰਫ ਉਸ ਦੇ ਪਲਾਟ 'ਤੇ ਕਬਜ਼ਾ ਕਰ ਲਿਆ ਬਲਕਿ ਸਾਰਾ ਕਮਰਾ ਵੀ ਢਾਹ ਦਿੱਤਾ ਅਤੇ ਆਪ ਉਥੇ ਕਮਰੇ ਬਣਵਾ ਕੇ ਕਿਰਾਏ 'ਤੇ ਚੜ੍ਹਾ ਦਿੱਤੇ ਹਨ। ਕਾਫੀ ਸਾਲਾਂ ਬਾਅਦ ਪਤਨੀ ਦੇ ਦਿਹਾਂਤ ਉਪਰੰਤ ਜਦੋਂ ਉਹ ਵਾਪਸ ਸ਼ਹਿਰ ਆਇਆ ਤੇ ਆਪਣਾ ਪਲਾਟ ਦੇਖਣ ਗਿਆ ਤਾਂ ਹੈਰਾਨ ਰਹਿ ਗਿਆ। ਜਦੋਂ ਉਸ ਨੇ ਕਬਜ਼ਾਧਾਰੀ ਨੂੰ ਦੱਸਿਆ ਕਿ ਉਕਤ ਪਲਾਟ ਉਸ ਦਾ ਹੈ ਤਾਂ ਉਸ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਉਸ ਨੇ ਇਨਸਾਫ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਅਜੇ ਤੱਕ ਉਸ ਨੂੰ ਨਿਆਂ ਨਹੀਂ ਦਿੱਤਾ ਗਿਆ। ਪੀੜਤ ਨੇ ਪੁਲਸ ਕਮਿਸ਼ਨਰ ਨੂੰ ਇਨਸਾਫ ਦੀ ਗੁਹਾਰ ਲਾਈ ਹੈ।