ਲੁੱਟ-ਖੋਹ ਦੀ ਕੋਸ਼ਿਸ਼ ਕਰਨ ਵਾਲੇ 4 ਅਣਪਛਾਤੇ ਨੌਜਵਾਨਾਂ ਵਿਰੁੱਧ ਪਰਚਾ ਦਰਜ

11/24/2017 3:41:00 AM

ਭਗਤਾ ਭਾਈ(ਪਰਵੀਨ)-ਪੁਲਸ ਨੇ ਬੀਤੀ ਸ਼ਾਮ ਇਕ ਕਿਸਾਨ ਕੋਲੋਂ 2 ਲੱਖ ਰੁਪਏ ਦੀ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 4 ਅਣਪਛਾਤੇ ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਸਰਗਰਮੀ ਨਾਲ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਦਿਆਲਪੁਰਾ ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਮਲੂਕਾ ਦੇ ਬਿਆਨਾਂ ਅਨੁਸਾਰ ਉਹ ਆਪਣੇ ਸਾਥੀ ਮੱਖਣ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਬੈਂਕ 'ਚੋਂ 2 ਲੱਖ ਰੁਪਏ ਦੀ ਰਕਮ ਕਢਵਾ ਕੇ ਮੋਟਰਸਾਈਕਲ 'ਤੇ ਆਪਣੇ ਪਿੰਡ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦ ਉਹ ਪਿੰਡ ਬੁਰਜ ਥਰੋੜ ਕੋਲ ਪਹੁੰਚੇ ਤਾਂ ਇੰਡੀਗੋ ਕਾਰ ਵਿਚ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਫੇਟ ਮਾਰ ਕੇ ਸੁੱਟ ਦਿੱਤਾ। ਨਛੱਤਰ ਸਿੰਘ ਨੇ ਮੱਖਣ ਸਿੰਘ ਨੂੰ ਪੈਸਿਆਂ ਵਾਲਾ ਬੈਗ ਫੜਾ ਕੇ ਖੇਤਾਂ ਵੱਲ ਨੂੰ ਭਜਾ ਦਿੱਤਾ ਅਤੇ ਕਾਰ 'ਚੋਂ ਦੋ ਵਿਅਕਤੀ ਉਤਰ ਕੇ ਮੱਖਣ ਸਿੰਘ ਦੇ ਪਿੱਛੇ ਭੱਜ ਪਏ ਅਤੇ ਨਛੱਤਰ ਸਿੰਘ ਦੋ ਵਿਅਕਤੀਆਂ ਜਿਨ੍ਹਾਂ 'ਚੋਂ ਇਕ ਕੋਲ ਪਿਸਟਲ ਅਤੇ ਇਕ ਕੋਲ ਕਿਰਪਾਨ ਸੀ, ਨਾਲ ਭਿੜ ਗਿਆ। ਨਛੱਤਰ ਸਿੰਘ ਨੇ ਬੜੀ ਬਹਾਦਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਲੁਟੇਰਿਆਂ ਤੋਂ ਕਿਰਪਾਨ ਖੋਹ ਕੇ ਉਨ੍ਹਾਂ 'ਤੇ ਵਾਰ ਕਰ ਦਿੱਤਾ। ਵਾਹ ਨਾ ਚੱਲਦੀ ਵੇਖ ਲੁਟੇਰਿਆਂ ਨੇ ਨਛੱਤਰ ਸਿੰਘ 'ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਉਧਰ ਮੱਖਣ ਸਿੰਘ ਵੀ ਆਪਣੇ ਪਿੱਛੇ ਆ ਰਹੇ ਦੋ ਲੁਟੇਰਿਆਂ ਨੂੰ ਚਕਮਾ ਦੇਣ ਵਿਚ ਕਾਮਯਾਬ ਰਿਹਾ। ਇਸ ਤਰ੍ਹਾਂ ਕਰਨ ਨਾਲ ਜਿੱਥੇ ਨਛੱਤਰ ਸਿੰਘ ਅਤੇ ਮੱਖਣ ਸਿੰਘ ਨੇ ਆਪਣੀ ਕਮਾਈ ਦੀ ਰੱਖਿਆ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਉੱਥੇ ਉਨ੍ਹਾਂ ਦੀ ਇਸ ਬਹਾਦਰੀ ਦੀ ਇਲਾਕੇ ਵਿਚ ਪ੍ਰਸ਼ੰਸਾ ਹੋ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਲੁਟੇਰਿਆਂ ਦੀ ਤਲਾਸ਼ ਵਿਚ ਨਾਕਾਬੰਦੀ ਕੀਤੀ ਜਾ ਰਹੀ ਹੈ।