ਪੁਲਸ ਵੱਲੋਂ ਸ਼ੱਕੀ ਲੁਟੇਰਿਆਂ ਦੇ ਸਕੈੱਚ ਜਾਰੀ

11/18/2017 4:22:31 AM

ਮਾਮਲਾ ਚੱਢਾ ਜਿਊਲਰਜ਼ ਦੀ ਦੁਕਾਨ 'ਤੇ ਹੋਈ ਲੁੱਟ ਦਾ
ਜਲੰਧਰ(ਪ੍ਰੀਤ)-ਹਰਗੋਬਿੰਦ ਨਗਰ ਵਿਚ ਚੱਢਾ ਜਿਊਲਰ ਦੀ ਦੁਕਾਨ 'ਤੇ ਹੋਈ ਸੋਨਾ ਤੇ ਚਾਂਦੀ ਦੀ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਲਈ ਥਾਣਾ ਮਕਸੂਦਾਂ ਦੀ ਪੁਲਸ ਲਗਾਤਾਰ ਜੁਟੀ ਹੋਈ ਹੈ। ਪੁਲਸ ਵਾਰਦਾਤ ਹੱਲ ਕਰਨ ਲਈ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਚੱਢਾ ਜਿਊਲਰ ਦੇ ਮਾਲਕ ਸੰਜੇ ਚੱਢਾ ਦੇ ਮੁਤਾਬਕ ਦੱਸੇ ਗਏ ਲੁਟੇਰਿਆਂ ਦੇ ਸਕੈੱਚ ਤਿਆਰ ਕਰਵਾਏ ਗਏ ਹਨ ਪਰ ਦਿਨ-ਦਿਹਾੜੇ ਹੋਈ ਵਾਰਦਾਤ ਪੁਲਸ ਦੇ ਗਲੇ ਨਹੀਂ ਉਤਰ ਰਹੀ ਹੈ। ਪੁਲਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਸਾਰੇ ਰਸਤਿਆਂ 'ਤੇ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕਰਵਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹਰਗੋਬਿੰਦ ਨਗਰ, ਨੂਰਪੁਰ ਵਿਚ ਸਥਿਤ ਚੱਢਾ ਜਿਊਲਰ ਦੇ ਮਾਲਕ ਸੰਜੇ ਚੱਢਾ ਨੂੰ ਲੁਟੇਰੇ ਬੰਦੀ ਬਣਾ ਕੇ ਲੱਖਾਂ ਦੇ ਚਾਂਦੀ, ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ 'ਤੇ ਸਵਾ ਕਰੋੜ ਦੀ ਲੁੱਟ ਦੀ ਵਾਰਦਾਤ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡੀ. ਐੱਸ. ਪੀ. ਸਰਬਜੀਤ ਰਾਏ ਦੀ ਅਗਵਾਈ ਵਿਚ ਪੁਲਸ ਟੀਮ ਗਠਿਤ ਕੀਤੀ ਗਈ ਹੈ। ਸੰਜੇ ਚੱਢਾ ਦੇ ਦੱਸਣ ਅਨੁਸਾਰ ਪੁਲਸ ਨੇ ਅੱਜ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਦੇ ਸਕੈੱਚ ਤਿਆਰ ਕਰਵਾਏ ਹਨ ਅਤੇ ਸ਼ੱਕ ਦੇ ਆਧਾਰ 'ਤੇ ਕੁਝ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇਸਦੇ ਉਲਟ ਪੁਲਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਚੱਢਾ ਜਿਊਲਰ ਤੋਂ ਲੁਟੇਰੇ ਡੀ. ਵੀ. ਆਰ. ਲੈ ਗਏ ਪਰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੁਕਾਨਾਂ ਅਤੇ ਹੋਰ ਜਗ੍ਹਾ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਨਾਲ ਪੁਲਸ ਨੂੰ ਕੁਝ ਖਾਸ ਸਫਲਤਾ ਨਹੀਂ ਮਿਲੀ ਹੈ। ਜਿਊਲਰ ਵੱਲੋਂ ਜਿਸ ਸਮੇਂ ਦੀ ਵਾਰਦਾਤ ਦੱਸੀ ਜਾ ਰਹੀ ਹੈ, ਉਸ ਸਮੇਂ ਚੱਢਾ ਜਿਊਲਰ ਵੱਲੋਂ ਆਉਣ-ਜਾਣ ਵਾਲੇ ਸਾਰੇ ਰਸਤਿਆਂ 'ਤੇ ਲੱਗੇ ਕੈਮਰਿਆਂ ਦੀ ਕਰੀਬ 2 ਕਿਲੋਮੀਟਰ ਤਕ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕਰਵਾਈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਜਿਊਲਰ ਵੱਲੋਂ ਦੱਸੇ ਮੁਹਾਂਦਰੇ ਦਾ ਕੋਈ ਲੁਟੇਰਾ ਨਜ਼ਰ ਨਹੀਂ ਆਇਆ। ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਰਾਏ ਦਾ ਕਹਿਣਾ ਹੈ ਕਿ ਪੁਲਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਪੁਲਸ ਨੇ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ 1-2 ਦਿਨਾਂ ਵਿਚ ਵਾਰਦਾਤਾਂ ਟ੍ਰੇਸ ਕਰ ਲਈਆਂ ਜਾਣਗੀਆਂ।