''ਆਪ'' ਤੇ ਕਾਂਗਰਸੀ ਆਗੂਆਂ ਵਿਚਕਾਰ ਲੜਾਈ ''ਚ 4 ਜ਼ਖਮੀ

11/07/2017 4:59:36 AM

ਮੁੱਲਾਂਪੁਰ ਦਾਖਾ(ਸੰਜੀਵ)-ਨਜ਼ਦੀਕ ਪਿੰਡ ਦਾਖਾ ਵਿਖੇ 'ਆਪ' ਆਗੂ ਤੇ ਕਾਂਗਰਸੀ ਆਗੂ ਦੇ ਪਰਿਵਾਰ 'ਚ ਹੋਈ ਆਪਸੀ ਲੜਾਈ 'ਚ ਦੋਵਾਂ ਧਿਰਾਂ ਦੇ 4 ਵਿਅਕਤੀ ਜ਼ਖਮੀ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ 'ਆਪ' ਆਗੂ ਰਮਨ ਸ਼ਰਨਾ ਪੁੱਤਰ ਅਸ਼ੋਕ ਕੁਮਾਰ ਵਾਸੀ ਦਾਖਾ ਨੇ ਦੱਸਿਆ ਕਿ ਸਾਡਾ ਮੋਟਰਸਾਈਕਲ ਗਲੀ 'ਚ ਖੜ੍ਹਾ ਸੀ, ਜਿਸ ਨੂੰ ਲੈ ਕੇ ਕਾਂਗਰਸੀ ਆਗੂ ਅਰਵਿੰਦ ਕੁਮਾਰ ਨੇ ਮੇਰੀ ਮਾਂ ਤੇ ਭਾਬੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਅਰਵਿੰਦ ਕੁਮਾਰ ਨੇ ਆਪਣੇ ਰਿਸ਼ਤੇਦਾਰਾਂ ਤੇ ਅਣਪਛਾਤੇ ਸਾਥੀਆਂ ਨਾਲ ਮਿਲਕੇ ਸਾਡੇ ਮੋਟਰਸਾਈਕਲ ਦੀ ਭੰਨਤੋੜ ਕੀਤੀ ਤੇ ਮੇਰੀ ਮਾਤਾ ਵੱਲੋਂ ਰੋਕਣ 'ਤੇ ਸਾਡੇ ਘਰ ਅੰਦਰ ਆ ਕੇ ਮੇਰੇ ਪਿਤਾ ਅਸ਼ੋਕ ਕੁਮਾਰ ਤੇ ਮਾਂ ਤੇ ਭਾਬੀ ਦੀ ਕੁੱਟਮਾਰ ਕੀਤੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਮੇਰੇ ਭਰਾ ਪਵਨ ਕੁਮਾਰ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ।  ਦੂਸਰੇ ਪਾਸੇ ਕਾਂਗਰਸੀ ਆਗੂ ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਤੇ ਉਸ ਦੇ ਬੇਟੇ ਨੂੰ ਦੂਸਰੀ ਧਿਰ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਕਤ ਕਾਂਗਰਸੀ ਆਗੂ ਡੀ. ਐੱਮ. ਸੀ. ਵਿਖੇ ਜ਼ੇਰੇ ਇਲਾਜ ਹੈ। 'ਆਪ' ਆਗੂ ਰਮਨ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਤੇ ਪਿਤਾ ਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਸੁਧਾਰ ਵਿਖੇ ਲੈ ਕੇ ਗਿਆ ਤਾਂ ਉਥੇ ਪਿੱਛੇ ਆ ਕੇ ਕਾਂਗਰਸੀ ਆਗੂ ਨੇ ਹਸਪਤਾਲ 'ਚ ਹਮਲਾ ਕੀਤਾ। ਜਿਸ ਦੇ ਸਬੂਤ ਵਜੋਂ ਵੀਡੀਓ ਮੌਜੂਦ ਹੈ ਤੇ ਫਿਰ ਆਪਣੇ ਸੱਟਾਂ ਮਾਰ ਕੇ ਹਸਪਤਾਲ 'ਚ ਦਾਖਲ ਹੋ ਗਿਆ ਤੇ ਘਟਨਾ ਦੀ ਸੂਚਨਾ ਦਾਖਾ ਪੁਲਸ ਨੂੰ ਦੇਣ ਦੇ ਬਾਵਜੂਦ ਪੁਲਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।  ਥਾਣਾ ਦਾਖਾ ਦੇ ਇੰਸਪੈਕਟਰ ਵਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਦੇ ਵਿਅਕਤੀ ਜ਼ਖਮੀ ਹਨ ਤੇ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਧਿਰ ਦੋਸ਼ੀ ਹੋਈ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।