16 ਲੱਖ ਦੀ ਡਿਕੈਤੀ ਕਰਨ ਵਾਲੇ ਮਾਸਟਰ ਮਾਈਂਡ ਦੇ ਕਚਹਿਰੀ ਤੋਂ ਫਰਾਰ ਹੋਣ ਤੋਂ ਬਾਅਦ ਵੀ ਨਹੀਂ ਲਿਆ ਸਬਕ

10/28/2017 4:37:23 AM

ਲੁਧਿਆਣਾ(ਰਿਸ਼ੀ)-ਕੋਚਰ ਮਾਰਕੀਟ ਪੀ. ਐੱਨ. ਬੀ. 'ਚ 16 ਲੱਖ ਦੀ ਡਿਕੈਤੀ ਦੀ ਯੋਜਨਾ ਬਣਾਉਣ ਵਾਲੇ ਮਾਸਟਰ ਮਾਈਂਡ ਸੁਖਵਿੰਦਰ ਸਿੰਘ ਦੇ ਕਚਹਿਰੀ ਕੰਪਲੈਕਸ ਦੀ 8ਵੀਂ ਮੰਜ਼ਿਲ ਤੋਂ ਫਰਾਰ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੁਲਸ ਵਲੋਂ ਕਚਹਿਰੀ ਕੰਪਲੈਕਸ 'ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰਨ ਦਾ ਯਤਨ ਕੀਤਾ ਗਿਆ। ਫਿਰ ਵੀ ਰਿਸ਼ਤੇਦਾਰ ਕੈਦੀਆਂ ਅਤੇ ਹਵਾਲਾਤੀਆਂ ਨੂੰ ਆਸਾਨੀ ਨਾਲ ਆਉਂਦੇ-ਜਾਂਦੇ ਅਤੇ ਬਖਸ਼ੀਖਾਨੇ ਤੋਂ ਬਾਹਰ ਮਿਲਦੇ ਦਿਖੇ ਪਰ ਉਨ੍ਹਾਂ ਨੂੰ ਰੋਕਣ-ਟੋਕਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਸੀ, ਜੋ ਸੁਰੱਖਿਆ ਇੰਤਜ਼ਾਮਾਂ ਦੀ ਪੋਲ ਖੋਲ੍ਹ ਰਹੇ ਸਨ।  ਸ਼ੁੱਕਰਵਾਰ ਨੂੰ ਜੇਲ ਤੋਂ ਲਗਭਗ 122 ਕੈਦੀਆਂ ਨੂੰ ਪੇਸ਼ੀ ਲਈ ਲਿਆਂਦਾ ਗਿਆ, ਜਿਨ੍ਹਾਂ ਦੀ ਸੁਰੱਖਿਆ ਲਈ 49 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਇਨ੍ਹਾਂ 'ਚ 5 ਐੱਨ. ਜੀ. ਓ. ਸਨ। ਇਸ ਮੌਕੇ 1 ਮੁਲਾਜ਼ਮ ਇਕੋ ਸਮੇਂ ਦੋ ਦੋਸ਼ੀਆਂ ਨੂੰ ਪੇਸ਼ੀ 'ਤੇ ਲੈ ਕੇ ਜਾਂਦੇ ਦਿਖੇ। ਇਸ ਤੋਂ ਇਲਾਵਾ ਥਾਣਾ ਡਵੀਜ਼ਨ ਨੰ.7 ਦੇ ਇੰਚਾਰਜ ਐੱਸ. ਆਈ. ਵਿਕਰਮਜੀਤ ਸਿੰਘ ਦੀ ਵੀ ਉਥੇ ਡਿਊਟੀ ਲੱਗੀ ਸੀ, ਜੋ ਆਪਣੇ ਥਾਣੇ ਦੇ ਲਗਭਗ 15 ਮੁਲਾਜ਼ਮਾਂ ਦੇ ਨਾਲ ਉਥੇ ਤਾਇਨਾਤ ਸਨ। ਦੂਜੇ ਪਾਸੇ ਕਚਹਿਰੀ ਤੋਂ ਫਰਾਰ ਹੋਏ ਮਾਸਟਰ ਮਾਈਂਡ ਨੂੰ ਫੜਨ ਲਈ ਪੁਲਸ ਦੀਆਂ ਕਈ ਟੀਮਾਂ ਕੰਮ ਕਰ ਰਹੀਆਂ ਹਨ ਪਰ 24 ਘੰਟੇ ਗੁਜ਼ਰ ਜਾਣ 'ਤੇ ਵੀ ਸ਼ਾਤਰ ਪੁਲਸ ਦੇ ਹੱਥ ਨਹੀਂ ਲੱਗਿਆ। 
ਜੇਲ ਪ੍ਰਸ਼ਾਸਨ ਤੋਂ ਮੰਗਵਾਇਆ ਰਿਕਾਰਡ 
ਪੁਲਸ ਵਲੋਂ ਸੈਂਟਰਲ ਜੇਲ ਦੇ ਪ੍ਰਸ਼ਾਸਨ ਤੋਂ ਰਿਕਾਰਡ ਮੰਗਵਾਇਆ ਗਿਆ ਹੈ। ਰਿਕਾਰਡ 'ਚ ਚੈੱਕ ਕੀਤਾ ਜਾ ਰਿਹਾ ਹੈ ਕਿ ਸ਼ਾਤਰ ਨੂੰ 14 ਮਹੀਨਿਆਂ 'ਚ ਕੌਣ-ਕੌਣ ਕਿੰਨੀ ਵਾਰ ਮਿਲਣ ਆਇਆ। ਇੰਨਾ ਹੀ ਨਹੀਂ ਆਖਰੀ ਵਾਰ ਇਸ ਨੂੰ ਮਿਲਣ ਕੌਣ ਆਇਆ ਸੀ।
ਸੀ. ਆਈ. ਏ. ਅਤੇ ਸਪੈਸ਼ਲ ਬ੍ਰਾਂਚ ਦੇ ਮੁਲਾਜ਼ਮ ਦਿਖੇ 
ਸਿਵਲ ਵਰਦੀ 'ਚ ਸੀ. ਆਈ. ਏ. ਅਤੇ ਸਪੈਸ਼ਲ ਬ੍ਰਾਂਚ ਦੇ ਮੁਲਾਜ਼ਮਾਂ ਨੂੰ ਅੱਜ ਕਚਹਿਰੀ ਕੰਪਲੈਕਸ 'ਚ ਦੇਖਿਆ ਜਾ ਸਕਦਾ ਸੀ, ਜੋ ਹਰ ਆਉਣ ਜਾਣ ਵਾਲੇ 'ਤੇ ਨਜ਼ਰ ਰੱਖੇ ਹੋਏ ਸਨ, ਇਸ ਦੇ ਨਾਲ ਸ਼ੱਕੀਆਂ ਨੂੰ ਰੋਕ ਕੇ ਪੁੱਛਗਿੱਛ ਕਰ ਰਹੇ ਸਨ।
ਸਜ਼ਾ ਸੁਣਾਉਣ 'ਤੇ ਹੋਇਆ ਫਰਾਰ, ਦਬੋਚਿਆ ਗਿਆ 
ਸੂਤਰਾਂ ਦੇ ਅਨੁਸਾਰ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਇਕ ਵਾਰ ਸਾਰਿਆਂ ਦੇ ਹੱਥ-ਪੈਰ ਫੁੱਲ ਗਏ ਜਦ ਕਚਹਿਰੀ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਇਕ ਦੋਸ਼ੀ ਮਾਣਯੋਗ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਾਹਰ ਆ ਕੇ ਫਰਾਰ ਹੋ ਗਿਆ ਪਰ ਪੁਲਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਚੰਦ ਕਦਮਾਂ ਦੀ ਦੂਰੀ 'ਤੇ ਦਬੋਚ ਲਿਆ ਗਿਆ। ਇਸ ਬਾਰੇ 'ਚ ਜਦ ਥਾਣਾ ਡਵੀਜ਼ਨ ਨੰ. 5 ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਤੋਂ ਇਨਕਾਰ ਕਰ ਦਿੱਤਾ। 
ਬਿਨਾਂ ਸੁਰੱਖਿਆ ਦੇ ਦਿਖੇ ਐਂਟਰੀ ਪੁਆਇੰਟ 
ਕਚਹਿਰੀ ਕੰਪਲੈਕਸ 'ਚ ਦਾਖਲ ਹੋਣ ਵਾਲੇ ਐਂਟਰੀ ਪੁਆਇੰਟ ਪੁਲਸ ਮੁਲਾਜ਼ਮ ਦੇ ਨਾ ਹੋਣ ਕਾਰਨ ਖਾਲੀ ਨਜ਼ਰ ਆਏ, ਜਦਕਿ ਉਥੇ ਹਰ ਸਮੇਂ ਸਕਿਓਰਟੀ ਕਾਰਨ ਮੁਲਾਜ਼ਮ ਦਾ ਖੜ੍ਹੇ ਹੋਣਾ ਜ਼ਰੂਰੀ ਹੈ, ਤਾਂ ਕਿ ਕੋਈ ਕਚਹਿਰੀ 'ਚ ਦਾਖਲ ਹੋ ਕੇ ਵਾਰਦਾਤ ਨਾ ਕਰ ਸਕੇ।