ਪੁਲਸ ਵੱਲੋਂ ਬਿਨਾਂ ਕਾਰਨ ਮਾਰਕੁੱਟ ਦੇ ਦੋਸ਼

Tuesday, Aug 01, 2017 - 12:33 AM (IST)

ਫਾਜ਼ਿਲਕਾ(ਨਾਗਪਾਲ)—ਪਿੰਡ ਜੰਡ ਵਾਲਾ ਮੀਰਾ ਸਾਂਗਲਾ ਵਾਸੀ ਰਾਜ ਕੁਮਾਰ ਨੇ ਉਸਨੂੰ ਪੁਲਸ ਵੱਲੋਂ ਅਖੌਤੀ ਰੂਪ ਨਾਲ ਕੁੱਟੇ ਜਾਣ ਦੇ ਦੋਸ਼ ਲਾਏ ਹਨ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਰਾਜ ਕੁਮਾਰ (38) ਨੇ ਦੱਸਿਆ ਕਿ ਉਸਨੇ ਲਗਭਗ ਇਕ ਮਹੀਨਾ ਪਹਿਲਾਂ ਸਜਾਵਲਪੁਰ ਰਾਜਸਥਾਨ ਵਾਸੀ ਕੁਝ ਵਿਅਕਤੀਆਂ ਨੂੰ ਆਪਣੇ ਖੇਤ ਵਿਚ ਪਈ ਤੂੜੀ ਵੇਚੀ ਸੀ। ਜਦੋਂ ਉਕਤ ਵਿਅਕਤੀ ਤੂੜੀ ਲੈ ਕੇ ਜਾਣ ਲੱਗੇ ਤਾਂ ਟਰਾਲਿਆਂ ਵਿਚ ਭਰੀ ਹੋਈ ਤੂੜੀ ਮੀਂਹ ਕਾਰਨ ਗਿੱਲੀ ਹੋ ਗਈ, ਜਿਸ ਤੋਂ ਬਾਅਦ ਤੂੜੀ ਖਰੀਦਣ ਵਾਲੇ ਵਿਅਕਤੀ ਗਿੱਲੀ ਤੂੜੀ ਨੂੰ ਟਰਾਲਿਆਂ 'ਚੋਂ ਉਤਾਰ ਕੇ ਸੁੱਕੀ ਪਈ ਤੂੜੀ ਭਰ ਲੈ ਗਏ ਅਤੇ ਗਿੱਲੀ ਤੂੜੀ ਬਾਅਦ ਵਿਚ ਲੈ ਜਾਣ ਦੀ ਗੱਲ ਕਹੀ। ਉਸਨੇ ਦੱਸਿਆ ਕਿ ਬੀਤੇ ਇਕ ਮਹੀਨੇ ਤੋਂ ਉਸਨੇ ਕਈ ਵਾਰ ਤੂੜੀ ਖਰੀਦਣ ਵਾਲੇ ਵਿਅਕਤੀਆਂ ਨੂੰ ਤੂੜੀ ਚੁੱਕਣ ਅਤੇ ਰੁਪਏ ਦੇਣ ਲਈ ਕਿਹਾ ਪਰ ਉਹ ਵਿਅਕਤੀ ਉਸ ਨੂੰ ਲਾਰੇ ਲਾਉਂਦੇ ਰਹੇ। ਰਾਜ ਕੁਮਾਰ ਨੇ ਦੱਸਿਆ ਕਿ 25 ਜੁਲਾਈ ਨੂੰ ਉਸਨੂੰ ਤੂੜੀ ਖਰੀਦਣ ਵਾਲੇ ਵਿਅਕਤੀ ਪਿੰਡ ਦੇ ਨੇੜੇ ਮਿਲ ਗਏ, ਜਿਸ ਤੋਂ ਬਾਅਦ ਉਸਨੇ ਉਨ੍ਹਾਂ ਦਾ ਟਰੈਕਟਰ ਆਪਣੇ ਘਰ ਦੇ ਨੇੜੇ ਖੜ੍ਹਾ ਕਰਨ ਲਈ ਕਿਹਾ। ਟਰੈਕਟਰ ਉਸਦੇ ਘਰ ਦੇ ਨੇੜੇ ਖੜ੍ਹਾ ਕਰਨ ਤੋਂ ਬਾਅਦ ਟਰੈਕਟਰ ਮਾਲਕ ਨੇ ਰਾਜ ਕੁਮਾਰ ਦੇ ਖਿਲਾਫ਼ ਪੁਲਸ ਵਿਚ ਸ਼ਿਕਾਇਤ ਕਰ ਦਿੱਤੀ ਅਤੇ ਮੰਗਲਵਾਰ ਦੀ ਰਾਤ ਨੂੰ ਜਦੋਂ ਉਹ ਘਰ ਵਿਚ ਸੋ ਰਿਹਾ ਸੀ ਤਾਂ ਉਕਤ ਵਿਅਕਤੀ ਥਾਣਾ ਖੂਈਆਂ ਸਰਵਰ ਦੇ ਪੁਲਸ ਕਰਮਚਾਰੀਆਂ ਦੇ ਨਾਲ ਆਏ ਅਤੇ ਅਖੌਤੀ ਰੂਪ ਨਾਲ ਮਾਰਕੁੱਟ ਕੀਤੀ। ਜਦੋਂ ਉਸਦੀ ਪਤਨੀ ਅਬਨਾਸ਼ ਰਾਣੀ ਅਤੇ ਬੇਟੀ ਪੂਜਾ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨਾਲ ਵੀ ਦੁਰਵਿਹਾਰ ਕੀਤਾ। ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਕੁੱਟੇ ਜਾਣ ਕਾਰਨ ਉਸਦੇ ਪੈਰ ਅਤੇ ਸਰੀਰ ਦੇ ਹੋਰਨਾਂ ਹਿੱਸਿਆ 'ਤੇ ਸੱਟਾਂ ਲੱਗੀਆਂ ਹਨ।  


Related News