ਫੁਟੇਜ ਹੱਥ ''ਚ ਹੋਣ ਦੇ ਬਾਵਜੂਦ ਪੁਲਸ ਬਦਮਾਸ਼ਾਂ ਨੂੰ ਫੜਨ ''ਚ ਨਾਕਾਮ

07/22/2017 6:19:04 AM

ਲੁਧਿਆਣਾ(ਮਹੇਸ਼)-ਸਲੇਮ ਟਾਬਰੀ ਇਲਾਕੇ ਵਿਚ ਇਕ ਪੈਟਰੋਲ ਪੰਪ 'ਤੇ ਹੋਈ ਲੁੱਟ ਦੇ ਮਾਮਲੇ 'ਚ 6 ਦਿਨ ਬੀਤਣ ਦੇ ਬਾਵਜੂਦ ਪੁਲਸ ਹਾਲੇ ਤੱਕ ਬਦਮਾਸ਼ਾਂ ਨੂੰ ਫੜਨ 'ਚ ਨਾਕਾਮ ਰਹੀ ਹੈ, ਜਦੋਂ ਕਿ ਉਸ ਦੇ ਹੱਥ ਵਿਚ ਸੀ. ਸੀ. ਟੀ. ਵੀ. ਕੈਮਰੇ ਦੀ ਉਹ ਫੁਟੇਜ ਵੀ ਹੈ ਜਿਸ ਵਿਚ ਪੂਰੀ ਘਟਨਾ ਕੈਦ ਹੈ ਅਤੇ ਉਸ ਵਿਚ ਬਦਮਾਸ਼ਾਂ ਦਾ ਹੁਲੀਆ ਅਤੇ ਇਕ ਨੂੰ ਛੱਡ ਕੇ ਤਿੰਨਾਂ ਦੇ ਚਿਹਰੇ ਸਾਫ਼ ਵਿਖਾਈ ਦੇ ਰਹੇ ਹਨ, ਜਿਸ ਤਰ੍ਹਾਂ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਤੋਂ ਇਕ ਗੱਲ ਸਾਫ਼ ਹੈ ਕਿ ਨਾ ਤਾਂ ਉਨ੍ਹਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਹੈ ਅਤੇ ਨਾ ਹੀ ਖੌਫ । ਉਧਰ ਪੁਲਸ ਹਾਲੇ ਤੱਕ ਉਹੀ ਪੁਰਾਣਾ ਰਾਗ ਅਲਾਪ ਰਹੀ ਹੈ ਕਿ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ, ਛੇਤੀ ਹੀ ਬਦਮਾਸ਼ਾਂ ਨੂੰ ਦਬੋਚ ਲਿਆ ਜਾਵੇਗਾ । ਇਹ ਵਾਰਦਾਤ ਸ਼ਿਵਪੁਰੀ ਇਲਾਕੇ ਵਿਚ ਉਸ ਵੇਲੇ ਵਾਪਰੀ ਜਦੋਂ ਬਾਈਕ ਸਵਾਰ 2 ਬਦਮਾਸ਼ਾਂ ਨੇ ਪੀਰੂਬੰਦਾ ਇਲਾਕੇ ਵਿਚ ਗਿਰਜਾਘਰ ਦੇ ਬਾਹਰ ਖੜ੍ਹੇ ਉਸ ਦੇ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਅਤੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਦੇ ਪੁਲਸ ਅਧਿਕਾਰੀ ਖੁਦ ਸੜਕਾਂ 'ਤੇ ਉਤਰੇ ਹੋਏ ਸਨ । ਬਾਵਜੂਦ ਇਸ ਦੇ 2 ਮੋਟਰਸਾਈਕਲਾਂ 'ਤੇ ਸਵਾਰ 4 ਬਦਮਾਸ਼ਾਂ ਨੇ ਇਸ ਘਟਨਾ ਦੇ ਸਿਰਫ 1 ਘੰਟੇ ਬਾਅਦ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਆਰਾਮ ਨਾਲ ਫਰਾਰ ਹੋ ਗਏ । ਇਸ ਸਬੰਧ ਵਿਚ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਲੁੱਟਾਂ ਕਰਨ ਵਾਲੇ ਬਦਮਾਸ਼ਾਂ ਦਾ ਰਿਕਾਰਡ ਫਰੋਲਿਆ ਜਾ ਰਿਹਾ ਹੈ, ਜਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਕਿਸੇ ਬਾਹਰੀ ਪ੍ਰਫੈਸ਼ਨਲ ਗੈਂਗ ਦਾ ਕੰਮ ਹੈ । ਉਨ੍ਹਾਂ ਨੇ ਦੱਸਿਆ ਕਿ ਪੁਲਸ ਹੁਣ ਤੱਕ 2 ਦਰਜਨ ਦੇ ਕਰੀਬ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ ।  
18 ਸਕਿੰਟਾਂ 'ਚ ਲੁੱਟ ਕੇ ਲੈ ਗਏ ਨਕਦੀ 
ਵਟਸਐਪ ਅਤੇ ਫੇਸਬੁਕ 'ਤੇ ਵਾਇਰਲ ਹੋਈ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ 'ਚ ਵਾਰਦਾਤ ਨੂੰ ਸਿਰਫ 18 ਸਕਿੰਟਾਂ 'ਚ ਅੰਜਾਮ ਦਿੱਤਾ ਗਿਆ । ਪੈਟਰੋਲ ਭਰਵਾਉਣ ਦੇ ਬਹਾਨੇ ਸ਼ਨੀਵਾਰ ਸ਼ਾਮ ਨੂੰ ਕਰੀਬ 10 ਵਜੇ 2 ਮੋਟਰਸਾਈਕਲਾਂ 'ਤੇ ਪੁੱਜੇ 4 ਬਦਮਾਸ਼ਾਂ ਨੇ ਪੰਪ 'ਤੇ ਆਵਾਜਾਈ ਘੱਟ ਹੋਣ ਦਾ ਇੰਤਜ਼ਾਰ ਕੀਤਾ, ਜਿਉਂ ਹੀ ਆਵਾਜਾਈ ਘਟੀ, ਉਹ ਟੈਂਕੀ ਭਰਵਾਉਣ ਬਹਾਨੇ ਵੱਖ-ਵੱਖ ਮਸ਼ੀਨਾਂ 'ਤੇ ਖੜ੍ਹ ਗਏ ਅਤੇ ਮੌਕਾ ਮਿਲਦੇ ਹੀ ਇਕੱਠੇ ਹੀ ਦੋਵਾਂ ਕਰਿੰਦਿਆਂ 'ਤੇ ਟੁੱਟ ਪਏ ।ਇਕ ਬਦਮਾਸ਼ ਨੇ ਤੇਜ਼ਧਾਰ ਹਥਿਆਰ ਦੇ ਜ਼ੋਰ 'ਤੇ ਇਕ ਕਰਿੰਦੇ ਦਾ ਅਤੇ ਦੂਜੇ ਬਦਮਾਸ਼ ਨੇ ਤਮੰਚੇ ਦੇ ਜ਼ੋਰ 'ਤੇ ਦੂਜੇ ਕਰਿੰਦੇ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ । ਜਦੋਂ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਕ ਬਦਮਾਸ਼ ਨੇ ਤਮੰਚਾ ਦਿਖਾ ਕੇ ਉਨ੍ਹਾਂ ਨੂੰ ਆਪਣੇ ਕੋਲ ਤੱਕ ਫਟਕਣ ਨਹੀਂ ਦਿੱਤਾ । ਫੁਟੇਜ ਮੁਤਾਬਕ 15 ਜੁਲਾਈ ਨੂੰ ਸ਼ਾਮ ਨੂੰ 10 ਵਜੇ ਕੇ 3 ਮਿੰਟ ਅਤੇ 22 ਸੈਕਿੰਟ 'ਤੇ ਬਦਮਾਸ਼ਾਂ ਨੇ ਕਰਿੰਦਿਆਂ 'ਤੇ ਹਮਲਾ ਕੀਤਾ ਅਤੇ 18 ਸੈਕਿੰਡ ਵਿਚ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ।