ਚੈਕਿੰਗ ਦੌਰਾਨ 21 ਬਿਜਲੀ ਚੋਰੀ ਦੇ ਕੇਸ ਫੜੇ ਸਾਢੇ 11 ਲੱਖ ਰੁਪਏ ਜੁਰਮਾਨਾ ਵਸੂਲਿਆ

07/20/2017 1:33:07 AM

ਮੂਨਕ(ਸੈਣੀ)-ਪਾਵਰਕਾਮ ਦੇ ਸੀ. ਐੱਮ. ਡੀ. ਕਮ ਚੇਅਰਮੈਨ ਵੀਨੂ ਪ੍ਰਸਾਦ ਆਈ. ਏ. ਐੱਸ. ਵੱਲੋਂ ਸੂਬੇ ਵਿਚ ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਤਹਿਤ ਨਿਗਰਾਨ ਇੰਜੀਨੀਅਰ ਇਨਫੋਰਸਮੈਂਟ ਪਟਿਆਲਾ ਦੀ ਅਗਵਾਈ ਹੇਠ ਇਨਫੋਰਸਮੈਂਟ ਵਿੰਗ ਪਟਿਆਲਾ ਵੱਲੋਂ ਮੂਨਕ ਇਲਾਕੇ ਦੀ ਚੈਕਿੰਗ ਕੀਤੀ ਗਈ।  ਜਾਣਕਾਰੀ ਦਿੰਦਿਆਂ ਇਨਫੋਰਸਮੈਂਟ ਦੇ ਵਧੀਕ ਨਿਗਰਾਨ ਇੰਜੀਨੀਅਰ ਬਸੰਤ ਜਿੰਦਲ ਨੇ ਦੱਸਿਆ ਕਿ ਇਲਾਕੇ ਵਿਚ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਕੱਢਣ ਵਿਰੁੱਧ ਲੋਕਾਂ ਦੇ ਕੀਤੇ ਵਿਰੋਧ ਤੇ ਰਾਜਨੀਤਕ ਕਾਰਨਾਂ ਕਰ ਕੇ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਨਹੀਂ ਕੱਢੇ ਜਾ ਸਕੇ, ਜਿਸ ਕਾਰਨ ਇਲਾਕੇ ਵਿਚ ਬਿਜਲੀ ਦੀ ਚੋਰੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਬਿਜਲੀ ਵਿਭਾਗ ਦਾ ਵਿੱਤੀ ਤੌਰ 'ਤੇ ਬਹੁਤ ਨੁਕਸਾਨ ਹੋ ਰਿਹਾ ਹੈ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਨਫੋਰਸਮੈਂਟ ਵਿੰਗ ਪਟਿਆਲਾ ਦੀਆਂ ਪੰਜ ਟੀਮਾਂ ਵੱਲੋਂ ਇਲਾਕੇ ਦੇ ਜਿਨ੍ਹਾਂ ਘਰਾਂ ਦੇ ਮੀਟਰ ਬਾਹਰ ਨਹੀਂ ਕੱਢੇ ਗਏ ਖਾਸ ਤੌਰ 'ਤੇ ਉਨ੍ਹਾਂ ਘਰਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ 21 ਬਿਜਲੀ ਚੋਰੀ ਦੇ ਕੇਸ ਫੜੇ ਗਏ ਤੇ ਇਨ੍ਹਾਂ ਤੋਂ 11 ਲੱਖ 50 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਅਤੇ ਚੋਰੀ ਕਰਦੇ ਫੜੇ ਵਿਅਕਤੀਆਂ ਖਿਲਾਫ ਪੁਲਸ ਥਾਣਾ ਐਂਟੀ ਪਾਵਰ ਥੈਫਟ ਨੂੰ ਐੱਫ. ਆਈ. ਆਰ. ਦਰਜ ਕਰਨ ਲਈ ਵੀ ਲਿਖਿਆ ਗਿਆ ਹੈ।  ਇੰਜੀਨੀਅਰ ਜਿੰਦਲ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਸ਼ਹੀਦ ਊਧਮ ਸਿੰਘ ਸਟੇਡੀਅਮ ਵੀ ਸਿੱਧੀ ਬਿਜਲੀ ਚੋਰੀ ਫੜੀ ਗਈ, ਜਿਸ ਦੀਆਂ ਦਿਨ ਵਿਚ ਵੀ ਲਾਈਟਾਂ ਚੱਲਦੀਆਂ ਪਾਈਆਂ ਗਈਆਂ ਤੇ ਸਟੇਡੀਅਮ ਦੀ ਬਿਜਲੀ ਚੋਰੀ ਦਾ ਕੇਸ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਖਿਲਾਫ ਦਰਜ ਕੀਤਾ ਗਿਆ।