ਪੁਲਸ ਦੇ ਭੇਸ ''ਚ ਗੰਨ ਪੁਆਇੰਟ ''ਤੇ ਗਹਿਣੇ ਅਤੇ ਲੱਖਾਂ ਦੀ ਨਕਦੀ ਲੁੱਟੀ

06/24/2017 6:34:58 AM

ਲੁਧਿਆਣਾ(ਅਨਿਲ)-ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਹਜ਼ੂਰੀ ਬਾਗ ਕਾਲੋਨੀ 'ਚ ਅੱਜ ਦਿਨ-ਦਿਹਾੜੇ ਇਕ ਮਹਿਲਾ ਦੇ ਘਰ 'ਚ ਦਾਖਲ ਹੋ ਕੇ ਦੋ ਲੁਟੇਰਿਆਂ ਨੇ ਗੰਨ ਪੁਆਇੰਟ 'ਤੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਦੀ ਨਕਦੀ ਲੁੱਟ ਲਈ। ਗੁਰਦੇਵ ਕੌਰ ਪਤਨੀ ਧਰਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਉਸਦੇ ਘਰ 'ਚ 2 ਵਿਅਕਤੀ ਆਏ। ਦੋਵਾਂ ਨੇ ਦੱਸਿਆ ਕਿ ਉਹ ਲਾਡੋਵਾਲ ਥਾਣਾ ਤੋਂ ਆਏ ਹਨ, ਕਿਉਂਕਿ ਤੁਹਾਡੇ ਵਲੋਂ ਪੁਲਸ ਨੂੰ ਮਿਲੀ ਸ਼ਿਕਾਇਤ ਸਬੰਧੀ ਬਿਆਨ ਲੈਣੇ ਹਨ। ਗੁਰਦੇਵ ਕੌਰ ਨੇ ਦੱਸਿਆ ਕਿ ਉਹ ਉਸਦੇ ਨਾਲ ਘਰ ਦੇ ਅੰਦਰ ਚਲੇ ਗਏ, ਜਿਨ੍ਹਾਂ ਉਸ ਨੂੰ ਕੋਲਡ ਡਿੰ੍ਰਕ ਦਿੱਤੀ ਪਰ ਇਕ ਵਿਅਕਤੀ ਨੇ ਕਿਹਾ ਕਿ ਉਹ ਕੋਲਡ ਡ੍ਰਿੰਕ ਨਹੀਂ ਪੀਂਦਾ, ਇਸ ਲਈ ਸਾਦਾ ਪਾਣੀ ਦੇ ਦਿਉ। ਜਿਵੇਂ ਹੀ ਉਹ ਪਾਣੀ ਲੈਣ ਰਸੋਈ 'ਚ ਗਈ ਤਾਂ ਦੋਵਾਂ ਨੇ ਪਿੱਛੇ ਆ ਕੇ ਗੰਨ ਸਿਰ 'ਤੇ ਲਾ ਲਈ। ਇਸ ਦੇ ਬਾਅਦ ਲੁਟੇਰਿਆਂ ਨੇ ਕਰੀਬ 30-35 ਮਿੰਟ ਤਕ ਘਰ 'ਚ ਰੱਖੀ ਅਲਮਾਰੀ, ਬੈੱਡ ਅਤੇ ਸਾਰੇ ਕਮਰਿਆਂ ਦੀ ਤਲਾਸ਼ੀ ਲੈ ਕੇ ਲਗਭਗ 15-16 ਤੋਲੇ ਸੋਨਾ ਅਤੇ ਡੇਢ ਲੱਖ ਦੇ ਕਰੀਬ ਦੀ ਨਕਦੀ ਲੁੱਟ ਲਈ। ਇਸ ਦੇ ਬਾਅਦ ਉਹ ਘਰ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਅਤੇ ਡੀ. ਵੀ. ਆਰ. ਵੀ ਨਾਲ ਲੈ ਗਏ, ਜਿਸ ਤੋਂ ਬਾਅਦ ਰੌਲਾ ਪਾਇਆ ਤਾਂ ਮੁਹੱਲੇ ਵਾਲੇ ਇਕੱਠੇ ਹੋ ਗਏ, ਜਿਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. 3 ਸੁਰਿੰਦਰ ਸਿੰਘ ਲਾਂਬਾ, ਏ. ਸੀ. ਆਰ. ਐੱਸ. ਬਰਾੜ, ਥਾਣਾ ਇੰਚਾਰਜ ਰਵਿੰਦਰ ਸਿੰਘ, ਥਾਣੇਦਾਰ ਸੁਰਿੰਦਰ ਕੁਮਾਰ, ਸੀ. ਆਈ. ਏ. , ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਟੀਮ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਜਦ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਮਹਿਲਾ ਦਾ ਪਤੀ ਅਤੇ ਉਸ ਦਾ ਬੇਟਾ ਲੁਧਿਆਣਾ ਤੋਂ ਸਾਮਾਨ ਲੈਣ ਗਏ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਪੁਲਸ ਦੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।