ਨਾਬਾਲਗ ਦੀ ਪੱਗ ਉੇਤਾਰਨ, ਦਾੜ੍ਹੀ ਪੁੱਟਣ ਅਤੇ ਗੋਲੀ ਮਾਰਨ ਦੇ ਦੋਸ਼ ''ਚ 7 ਖਿਲਾਫ ਕੇਸ ਦਰਜ

06/24/2017 3:50:19 AM

ਮੁੱਲਾਂਪੁਰ ਦਾਖਾ(ਸੰਜੀਵ)-ਨੈਸ਼ਨਲ ਹਾਈਵੇ 'ਤੇ ਪਿੰਡ ਗਹੌਰ ਨੇੜੇ ਬੀਤੇ ਦਿਨੀਂ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ਨਾਬਾਲਗ ਲੜਕੇ ਦੇ ਹੋਸ਼ ਵਿਚ ਆਉਣ ਤੋਂ ਬਾਅਦ ਮਾਡਲ ਥਾਣਾ ਦਾਖਾ ਦੀ ਪੁਲਸ ਨੇ ਜ਼ਖਮੀ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਦਾਖਾ ਦੇ ਬਿਆਨਾਂ 'ਤੇ ਉਸ ਦੀ ਪਿੱਠ ਵਿਚ ਗੋਲੀ ਮਾਰਨ, ਪੱਗ ਉਤਾਰ ਕੇ, ਦਾੜ੍ਹੀ ਪੁੱਟਣ ਦੇ ਦੋਸ਼ 'ਚ ਜਸਪ੍ਰੀਤ ਸਿੰਘ ਵਾਸੀ ਬੱਦੋਵਾਲ, ਰਾਜੂ, ਯਾਦੀ, ਪਰਮਜੀਤ ਸਿੰਘ ਪੰਚ, ਲਵਲੀ ਖੁਰਮਾ, ਗੁਰਵਿੰਦਰ ਮੁਕੰਦਪੁਰੀਆ, ਗੋਗੀ ਜਗਰਾਓਂ ਤੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 307, 323, 148, 149, ਆਈ. ਪੀ. ਸੀ. 25, 27, 54/ 59 ਅਸਲਾ ਐਕਟ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਥਾਣੇਦਾਰ ਜਗਰੂਪ ਸਿੰਘ ਅਨੁਸਾਰ ਅੰਮ੍ਰਿਤਪਲ ਸਿੰਘ ਵਾਸੀ ਪਿੰਡ ਦਾਖਾ ਨੇ ਸੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ 20 ਜੂਨ ਨੂੰ ਸ਼ਾਮ ਦੇ ਸਮੇਂ ਆਪਣੇ ਦੋਸਤ ਯਾਦਵਿੰਦਰ ਸਿੰਘ ਉਰਫ ਸ਼ੈਂਟਾ, ਹਰਵਿੰਦਰ ਸਿੰਘ ਵਾਸੀ ਪਿੰਡ ਦਾਖਾ ਦੇ ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਬਾ ਜ਼ਾਹਿਰ ਬਲੀ ਸ਼ਾਹ ਦੀ ਦਰਗਾਹ ਬੱਦੋਵਾਲ ਵਿਖੇ ਮੱਥਾ ਟੇਕਣ ਲਈ ਗਿਆ ਸੀ ਤਾਂ ਸਾਡੇ ਪਿੱਛੇ ਦੋ ਗੱਡੀਆਂ ਇਕ ਫਾਰਚੂਨਰ ਤੇ ਇੰਡੀਕਾ ਕਾਰ ਆਈਆਂ ਅਤੇ ਗੱਡੀਆਂ 'ਚੋਂ ਤਿੰਨ ਚਾਰ ਵਿਅਕਤੀ ਬਾਹਰ ਨਿਕਲੇ ਅਤੇ ਸਾਡੇ 'ਤੇ ਦੋ ਹਵਾਈ ਫਾਇਰ ਕੀਤੇ। ਗੋਲੀਆਂ ਦੀ ਆਵਾਜ਼ ਸੁਣ ਕੇ ਅਸੀਂ ਡਰਦੇ ਹੋਏ ਗਰਾਊਂਡ ਵਾਲੀ ਸਾਈਡ ਨੂੰ ਭੱਜਣ ਲੱਗੇ ਪਰ ਉਥੇ ਪਹਿਲਾਂ ਹੀ ਹਨੇਰੇ ਵਿਚ ਇਨੋਵਾ ਗੱਡੀ ਖੜ੍ਹੀ ਸੀ, ਜਿਸ ਵਿਚੋਂ ਚਾਰ ਵਿਅਕਤੀ ਬਾਹਰ ਨਿਕਲੇ ਤੇ ਸਾਡੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਪਾਸੇ ਤੋਂ ਘੇਰਾ ਪਾਇਆ ਹੋਣ ਕਾਰਨ ਉਹ ਭੱਜ ਨਹੀਂ ਸਕਿਆ ਤਾਂ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਬੱਦੋਵਾਲ ਨੇ ਆਪਣੇ ਪਿਸਤੌਲ ਨਾਲ ਮੇਰੇ ਪਿੱਛੇ ਤੋਂ ਗੋਲੀ ਮਾਰੀ, ਜੋ ਮੇਰੇ ਆਰ-ਪਾਰ ਹੋ ਗਈ ਤੇ ਉਹ ਥੱਲੇ ਡਿੱਗ ਪਿਆ ਤਾਂ ਉਕਤ ਕਥਿਤ ਦੋਸ਼ੀਆਂ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ, ਨੇ ਡਿੱਗੇ ਪਏ ਦੀ ਪੱਗ ਉਤਾਰ ਦਿੱਤੀ ਤੇ ਦਾੜ੍ਹੀ ਦੇ ਵਾਲ ਪੁੱਟ ਕੇ ਬੇਅਦਬੀ ਕੀਤੀ ਤੇ ਮੈਨੂੰ ਮਰਿਆ ਹੋਇਆ ਸਮਝ ਕੇ ਉਥੋਂ ਫਰਾਰ ਹੋ ਗਏ। ਹਸਪਤਾਲ 'ਚ ਜ਼ੇਰੇ ਇਲਾਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵਜ੍ਹਾ ਇਹ ਹੈ ਕਿ ਉਸ ਦੇ ਦੋਸਤ ਬਲਜਿੰਦਰ ਸਿੰਘ ਵਾਸੀ ਗਹੌਰ ਦਾ ਆਪਣੇ ਪਿੰਡ ਦੇ ਲੜਕੇ ਨਾਲ ਕੋਈ ਝਗੜਾ ਸੀ ਅਤੇ ਘਟਨਾ ਸਮੇਂ ਉਹ ਬਲਜਿੰਦਰ ਸਿੰਘ ਕੋਲ ਖੜ੍ਹਾ ਸੀ ਪਰ ਕਥਿਤ ਦੋਸ਼ੀਆਂ ਨੇ ਮੇਰੇ 'ਤੇ ਇਹ ਸੋਚ ਕੇ ਹਮਲਾ ਕੀਤਾ ਕਿ ਮੈਂ ਬਲਜਿੰਦਰ ਸਿੰਘ ਦੀ ਮਦਦ ਕਰਨ ਲਈ ਆਇਆ ਹਾਂ। ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਸਿੱਖ ਹੈ ਪਰ ਜਿਸ ਤਰ੍ਹਾਂ ਉਸ ਦੀ ਦਾੜ੍ਹੀ ਦੇ ਵਾਲ ਪੁੱਟਣ ਦੇ ਨਾਲ ਹੀ ਪੱਗ ਦੀ ਬੇਅਦਬੀ ਕੀਤੀ ਗਈ ਹੈ, ਉਹ ਇਹ ਮਾਮਲਾ ਡੀ. ਜੀ. ਪੀ. ਪੰਜਾਬ ਪੁਲਸ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਲਿਜਾ ਕੇ ਇਨਸਾਫ ਦੀ ਮੰਗ ਕਰਨਗੇ ਤਾਂ ਜੋ ਕਥਿੱਤ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ। ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਦੋਵਾਂ ਧਿਰਾਂ ਵੱਲੋਂ ਕ੍ਰਾਸ ਕੇਸ ਦਰਜ ਕਰਵਾਏ ਗਏ ਹਨ, ਜਿਨ੍ਹਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਜਦੋਂ ਉਕਤ ਮਾਮਲੇ ਸਬੰਧੀ ਦੂਸਰੀ ਧਿਰ ਦੇ ਜਸਪ੍ਰੀਤ ਸਿੰਘ ਨਾਲ ਉਸ ਦੇ ਫੋਨ 'ਤੇ ਗੱਲ ਕੀਤੀ ਤਾਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੀ ਅੰਮ੍ਰਿਤਪਾਲ ਸਿੰਘ ਨਾਲ ਕੋਈ ਵੀ ਨਿੱਜੀ ਰੰਜਿਸ਼ ਨਹੀਂ ਹੈ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਮੇਰੇ ਤੇ ਮੇਰੇ ਸਾਥੀਆਂ 'ਤੇ ਜੋ ਦੋਸ਼ ਲਾਏ ਜਾ ਰਹੇ ਹਨ, ਉਹ ਝੂਠੇ ਹਨ, ਕਿਉਂਕਿ ਜਿਸ ਸਮੇਂ ਇਹ ਘਟਨਾ ਹੋਈ, ਉਸ ਸਮੇਂ ਮੈਂ ਇਕੱਲਾ ਸੀ ਅਤੇ ਮੈਂ ਆਪਣੀ ਆਤਮਰੱਖਿਆ ਲਈ ਗੋਲੀ ਚਲਾਈ ਸੀ।