ਕ੍ਰਿਕਟਰ ਹਰਮਨਪ੍ਰੀਤ ਤੇ ਮਨਦੀਪ ਲਈ ਵੱਡੀ ਰਾਹਤ, ਮਿਲੇਗਾ ਡੀ. ਐੱਸ. ਪੀ. ਦਾ ਅਹੁਦਾ!

07/17/2018 12:45:27 PM

ਚੰਡੀਗੜ੍ਹ : ਗ੍ਰੇਜੂਏਸ਼ਨ ਦੀ ਫਰਜ਼ੀ ਡਿਗਰੀ ਕਾਰਨ ਵਿਵਾਦਾਂ 'ਚ ਫਸੀਆਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਣਾਂ ਹਰਮਨਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਨਰਮ ਰੁਖ ਅਪਣਾਉਂਦੇ ਹੋਏ ਦੋਹਾਂ ਖਿਡਾਰਣਾਂ ਨੂੰ ਡੀ. ਐੱਸ. ਪੀ. ਬਣਾਈ ਰੱਖਣ ਦਾ ਮਨ ਬਣਾ ਲਿਆ ਹੈ।
ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਖਿਡਾਰਣਾਂ ਨੂੰ ਆਨਰੇਰੀ ਡੀ. ਐੱਸ. ਪੀ. ਬਣਾਈ ਰੱਖਦੇ ਹੋਏ ਤਿੰਨ ਸਾਲਾਂ 'ਚ ਡਿਗਰੀ ਦੀ ਪੜ੍ਹਾਈ ਪੂਰੀ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ। ਡਿਗਰੀ ਹਾਸਲ ਕਰਨ ਤੋਂ ਬਾਅਦ ਦੋਵੇਂ ਖਿਡਾਰਣਾਂ ਰੈਗੂਲਰ ਤੌਰ 'ਤੇ ਡੀ. ਐੱਸ. ਪੀ. ਦੇ ਅਹੁਦੇ 'ਤੇ ਤਨਖਾਹ ਸਮੇਤ ਸਾਰੀਆਂ ਸਹੂਲਤਾਵਾਂ ਲੈਣ ਦੀਆਂ ਹੱਕਦਾਰ ਹੋ ਜਾਣਗੀਆਂ। 


ਜ਼ਿਕਰਯੋਗ ਹੈ ਕਿ ਅਰਜੁਨ ਐਵਾਰਡੀ ਹਰਮਨਪ੍ਰੀਤ ਕੌਰ ਦੀ ਬੀ. ਏ. ਦੀ ਡਿਗਰੀ ਦਾ ਰਿਕਾਰਡ ਨਾ ਮਿਲਣ 'ਤੇ ਪੰਜਾਬ ਸਰਕਾਰ ਨੇ ਉਸ ਨੂੰ ਡੀ. ਐੱਸ. ਪੀ. ਦੇ ਅਹੁਦੇ ਤੋਂ ਹਟਾ ਕੇ ਕਾਂਸਟੇਬਲ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਦੇ ਪਿਤਾ ਇਹ ਪੇਸ਼ਕਸ਼ ਇਸ ਲਈ ਠੁਕਰਾ ਦਿੱਤੀ ਕਿ ਇਸੇ ਡਿਗਰੀ ਦੇ ਸਹਾਰੇ ਹਰਮਨਪ੍ਰੀਤ ਨੇ ਰੇਲਵੇ 'ਚ ਨੌਕਰੀ ਕੀਤੀ ਹੈ ਅਤੇ ਡੀ. ਐੱਸ. ਪੀ. ਦਾ ਅਹੁਦਾ ਪਾਉਣ ਲਈ ਉਸ ਨੇ ਇਹ ਨੌਕਰੀ ਛੱਡ ਦਿੱਤੀ ਸੀ। ਅਜਿਹੀ ਹੀ ਹਾਲਤ ਅੰਤਰਰਾਸ਼ਟਰੀ ਐਥਲੀਟ ਮਨਦੀਪ ਕੌਰ ਦੀ ਹੈ। ਉਸ ਨੂੰ ਵੀ ਸਰਕਾਰ ਨੇ ਇਹ ਕਹਿੰਦੇ ਹੋਏ ਡੀ. ਐੱਸ. ਪੀ. ਦੇ ਅਹੁਦੇ ਤੋਂ ਹਟਾ ਦਿੱਤਾ ਸੀ ਕਿ ਉਹ ਗ੍ਰੇਜੂਏਟ ਨਹੀਂ ਹੈ।