ਸ਼ਮਸ਼ਾਨਘਾਟ ''ਚ ਔਰਤ ਦੇ ਫੁੱਲ ਚੁਗਣ ਗਏ ਪਰਿਵਾਰ ਨੂੰ ਰਾਖ ''ਚੋਂ ਮਿਲੀ ਅਜਿਹੀ ਚੀਜ਼ ਦੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

08/21/2017 3:13:06 PM

ਲੰਬੀ\ਮਲੋਟ : ਡਿਲੀਵਰੀ ਤੋਂ ਬਾਅਦ ਮੌਤ ਦੇ ਮੂੰਹ 'ਚ ਗਈ ਔਰਤ ਦੇ ਸਸਕਾਰ ਤੋਂ ਬਾਅਦ ਸ਼ਮਸ਼ਾਨ ਘਾਟ ਵਿਚ ਫੁੱਲ ਚੁੱਗਣ ਦੌਰਾਨ ਰਾਖ 'ਚ ਕੈਂਚੀ ਦੇਖ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਟਨਾ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾਂ ਦੀ ਹੈ ਜਿੱਥੇ ਇਕ ਮਹਿਲਾ ਦੀ ਸਰਕਾਰੀ ਹਸਪਤਾਲ 'ਚ ਡਿਲੀਵਰੀ ਦੇ ਦੋ ਦਿਨਾਂ ਬਾਅਦ ਮੌਤ ਹੋ ਗਈ ਜਦੋਂ ਮਹਿਲਾ ਦੇ ਸਸਕਾਰ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਦੇ ਫੁੱਲ ਚੁਗਣ ਗਏ ਤਾਂ ਸਰੀਰ ਦੀ ਰਾਖ 'ਚ ਕੈਂਚੀ ਦੇਖ ਕੇ ਸਾਰਿਆ ਦੇ ਹੋਸ਼ ਉੱਡ ਗਏ।
ਫਿਲਹਾਲ ਸਿਵਲ ਸਰਜਨ ਨੇ ਮਾਮਲੇ ਦੀ ਜਾਂਚ ਲਈ ਸੀਨੀਅਰ ਮੈਡੀਕਲ ਅਧਿਕਾਰੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਸ਼ਰਨਜੀਤ ਕੌਰ (23) ਪਤਨੀ ਗੁਰਵਿੰਦਰ ਸਿੰਘ ਵਾਸੀ ਪਿੰਡ ਸਰਾਵਾਂ ਬੋਦਲਾਂ ਨੇ 15 ਅਗਸਤ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਵਿਚ ਇਕ ਬੱਚੇ ਨੂੰ ਜਨਮ ਦਿੱਤਾ। ਇਸ ਦੌਰਾਨ ਜੱਚਾ-ਬੱਚਾ ਦੋਵੇਂ ਠੀਕ ਸਨ ਪਰ ਥੋੜੀ ਦੇਰ ਬਾਅਦ ਸ਼ਰਨਜੀਤ ਕੌਰ ਦੀ ਹਾਲਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ 17 ਅਗਸਤ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਅਤੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। 18 ਅਗਸਤ ਨੂੰ ਸ਼ਰਨਜੀਤ ਦਾ ਸਸਕਾਰ ਕੀਤਾ ਗਿਆ। ਜਦੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਸ਼ਮਸ਼ਾਨਘਾਟ 'ਚ ਫੁੱਲ ਚੁਗਣ ਗਏ ਤਾਂ ਉਨ੍ਹਾਂ ਨੂੰ ਰਾਖ 'ਚੋਂ ਕੈਂਚੀ ਮਿਲੀ। ਮਾਮਲਾ ਪੁਲਸ ਕੋਲ ਪਹੁੰਚਣ 'ਤੇ ਪੁਲਸ ਨੇ ਪੂਰੀ ਸਮੱਗਰੀ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਸਿਵਲ ਹਸਪਤਾਲ ਮੁਕਤਸਰ ਦੇ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਵੱਡੇ ਆਪਰੇਸ਼ਨ ਤੋਂ ਬਾਅਦ ਉਕਤ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਇਸ ਮਹਿਲਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਹੁਣ ਉਕਤ ਮਾਮਲਾ ਸਾਹਮਣੇ ਆਉਣ 'ਤੇ ਉਨ੍ਹਾਂ ਇਕ ਸੀਨੀਅਰ ਮੈਡੀਕਲ ਅਧਿਕਾਰੀ ਸਮੇਤ ਟੀਮ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਦੀ ਰਿਪੋਰਟ ਆਉਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।