ਮੁਸ਼ਕਿਲਾਂ ਸਹਿਣ ਲਈ ਪੱਥਰ ਦਾ ਜਿਗਰ ਪੈਦਾ ਕਰੋ, ਕੌਮ ਖਾਤਿਰ ਜੋ ਕੱਟ ਸਕੇ ਉਹ ਸਿਰ ਪੈਦਾ ਕਰੋ : ਸਿੱਧੂ

07/20/2021 9:39:11 PM

ਨਵਾਂਸ਼ਹਿਰ,ਖਟਕੜਕਲਾਂ(ਤ੍ਰਿਪਾਠੀ,ਰਾਕੇਸ਼,ਮਨੋਰੰਜਨ)- ਪੰਜਾਬ ਸੂਬਾ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਹੀਦ ਭਗਤ ਸਿੰਘ ਦੀ ਬੁੱਤ ’ਤੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ, ਬਲਿਦਾਨ ਸਮਾਂ ਨਹੀਂ ਦੇਖਦਾ ਸਗੋਂ ਸਮੇਂ ਦੇ ਮੱਥੇ ’ਤੇ ਅੰਕਿਤ ਹੋ ਜਾਂਦਾ ਹੈ।

ਇਹ ਵੀ ਪੜ੍ਹੋ- ਸ਼ਰਮਨਾਕ ! ਰਾਏਕੋਟ ਦੇ ਪਿੰਡ ਬੱਸੀਆਂ ’ਚ ਰੂੜੀਆਂ ਤੋਂ ਮਿਲਿਆ ਨਵਜੰਮਿਆ ਬੱਚਾ, ਫੈਲੀ ਸਨਸਨੀ
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਆਵਾਜ਼ ਗੂੰਜਦੀ ਹੈ ਕਿ ਮੁਸ਼ਕਿਲਾਂ ਸਹਿਣ ਲਈ ਪੱਥਰ ਦਾ ਜਿਗਰ ਪੈਦਾ ਕਰੋ ਅਤੇ ਕੌਮ ਲਈ ਜੋ ਕੱਟ ਸਕੇ ਉਹ ਸਿਰ ਪੈਦਾ ਕਰੋ। ਇਹ ਸ਼ਹੀਦ ਦੀ ਭਾਵਨਾ, ਇਸ ਤੋਂ ਸਰਵਉੱਚ ਭਾਵਨਾ ਕੋਈ ਨਹੀਂ ਹੋ ਸਕਦੀ ਹੈ ਅਤੇ ਆਪਣੀ ਮਾਤਭੂਮੀ ਦੀ ਚੜ੍ਹਦੀ ਕਲਾਂ ਲਈ ਸਭ ਕੁਝ ਤਿਆਗ ਕਰ ਦਿਓ। ਉਨ੍ਹਾਂ ਕਿਹਾ ਕਿ ਉਹ ਅੱਜ ਸ਼ਹੀਦ ਭਗਤ ਸਿੰਘ ਦੇ ਇਸ ਜ਼ੱਦੀ ਧਰਤੀ ’ਤੇ ਸ਼ਹੀਦਾਂ ਤੋਂ ਸੇਧ ਲੈਣ ਆਏ ਹਨ ਅਤੇ ਐਲਾਨ ਕਰਦੇ ਹਨ ਕਿ ਕਾਂਗਰਸ ਦੇ ਹਰ ਵਰਕਰ ਅਤੇ ਹਰ ਪੰਜਾਬੀ ’ਚ ਹਕੀਕਤ ਅਤੇ ਸੱਚਾਈ ਦੀ ਅਲਖ ਜਗਾ ਕੇ ਪੰਜਾਬ ਦੀ ਚੜ੍ਹਦੀ ਕਲਾਂ ਦੇ ਸਾਧਨ ਉਨ੍ਹਾਂ ਤਕ ਪਹੁੰਚਾਉਣ ਦਾ ਕੰਮ ਕਰਨਗੇ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਜਾਰੀ 18 ਨੁਕਾਤੀ ਪ੍ਰੋਗਰਾਮ ਹੀ ਇਸ ਟੀਚੇ ਦੀ ਪ੍ਰਾਪਤੀ ਦਾ ਸਾਧਨ ਬਣੇਗਾ।

ਇਹ ਵੀ ਪੜ੍ਹੋ- ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ

ਉਨ੍ਹਾਂ ਪੰਜਾਬ ਦੇ ਯੂਥ ਨੂੰ ਸੱਦਾ ਦਿੰਦੇ ਕਿਹਾ ਕਿ ਪੰਜਾਬ ਸਾਡੀ ਸੋਚ ਹੋਣੀ ਚਾਹੀਦੀ ਹੈ, ਇਕ ਦੂਜੇ ਨੂੰ ਕੋਸ ਕੇ ਪੰਜਾਬ ਦਾ ਵਿਕਾਸ ਸੰਭਵ ਨਹੀਂ ਹੈ, ਸਗੋਂ ਇਕੱਠੇ ਹੋ ਕੇ ਅੱਗੇ ਵੱਧਣ ਨਾਲ ਹੀ ਪੰਜਾਬ ਵਿਚ ਖੁਸ਼ਹਾਲੀ ਅਤੇ ਸਮ੍ਰਿਧੀ ਸੰਭਵ ਹੈ। ਇਸ ਤੋਂ ਪਹਿਲਾਂ ਹਲਕਾ ਵਿਧਾਇਕ ਅੰਗਦ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸੂਬਾ ਕਾਂਗਰਸ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ। ਸੂਬਾ ਪ੍ਰਧਾਨ ਨੇ ਸ਼ਹੀਦ ਭਗਤ ਸਿੰਘ ਦੀ ਬੁੱਤ ਅਤੇ ਉਨ੍ਹਾਂ ਦੇ ਚਾਚਾ ਅਜੀਤ ਸਿੰਘ ਦੀ ਸਮਾਧ ਸਥਾਨ ’ਤੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਇਸ ਮੌਕੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਹਲਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਰਾਜਕੁਮਾਰ ਵੇਰਕਾ, ਵਿਧਾਇਕ ਬਲਾਚੌਰ ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਅਤੇ ਸਾਬਕਾ ਵਿਧਾਇਕ ਮੋਹਨ ਸਿੰਘ ਆਦਿ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਸ਼ਾਮਲ ਸਨ।

Bharat Thapa

This news is Content Editor Bharat Thapa