ਸਰਕਾਰੀ ਗਊਸ਼ਾਲਾ ''ਚ ਰੋਜ਼ਾਨਾ ਠੰਡ ਅਤੇ ਭੁੱਖ ਨਾਲ ਤੜਫ ਕੇ ਮਰ ਰਹੀਆਂ ਹਨ ਗਊਆਂ

12/16/2019 5:05:36 PM

ਲਾਲੜੂ (ਗੁਰਪ੍ਰੀਤ) : ਲਾਲੜੂ ਨੇੜਲੇ ਪਿੰਡ ਮਗਰਾ ਵਿਖੇ ਸਰਕਾਰੀ ਗਊਸ਼ਾਲਾ 'ਚ ਜ਼ਿਲਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਰੋਜ਼ਾਨਾ ਠੰਡ ਅਤੇ ਭੁੱਖ ਕਾਰਨ ਗਊਆਂ ਤੜਫ-ਤੜਫ ਕੇ ਦਮ ਤੋੜ ਰਹੀਆਂ ਹਨ। ਪਿਛਲੇ 15 ਦਿਨਾਂ 'ਚ 45 ਦੇ ਕਰੀਬ ਗਊਆਂ ਮਰ ਚੁੱਕੀਆਂ ਹਨ। ਬੀਤੇ ਸ਼ਨੀਵਾਰ ਨੂੰ ਹੀ ਇਕ ਦਰਜਨ ਗਊਆਂ ਤੜਫ-ਤੜਫ ਕੇ ਮਰ ਗਈਆਂ ਹਨ। ਬਾਕੀ ਰਹਿੰਦੀ ਗਊਆਂ ਦੀ ਹਾਲਤ ਵੀ ਕਾਫੀ ਤਰਸਯੋਗ ਹੈ। ਸਰਕਾਰੀ ਗਊੁਸ਼ਾਲਾ 'ਚ ਗਊਆਂ ਦੀ ਅਜਿਹੀ ਹਾਲਤ ਦੇਖ ਕੇ ਹਰ ਕਿਸੇ ਦਾ ਮਨ ਰੋਵੇਗਾ। ਇਕ ਪਾਸੇ ਤਾਂ ਗਾਂ ਨੂੰ ਮਾਤਾ ਕਹਿ ਕੇ ਪੁਜਾ ਕੀਤੀ ਜਾਂਦੀ ਹੈ, ਦੂਜੇ ਪਾਸੇ ਠੰਡ ਅਤੇ ਭੁੱਖ ਕਾਰਨ ਮਰ ਰਹੀਆਂ ਗਊਆਂ ਸਬੰਧੀ ਕੋਈ ਨਹੀਂ ਬੋਲ ਰਿਹਾ ਹੈ। ਪ੍ਰਸ਼ਾਸਨ ਨੇ ਤਾਂ ਅੱਖਾਂ ਮੀਟ ਰੱਖੀਆਂ ਹਨ। ਗਉੂ ਰੱਖਿਆ ਦਲ ਵੀ ਚੁੱਪ ਹਨ।

ਸੂਬੇ ਦੀ ਸਰਕਾਰ ਬਦਲੀ ਪਰ ਗਊਸ਼ਾਲਾ ਦੀ ਹਾਲਤ ਨਹੀਂ
ਜਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਸਮੇ ਪਿੰਡ ਮਗਰਾ 'ਚ ਕਰੀਬ 30 ਏਕੜ ਜਮੀਨ 'ਚ ਜ਼ਿਲਾ ਪੱਧਰੀ ਗਊੁਸ਼ਾਲਾ ਖੁੱਲ੍ਹੀ ਗਈ ਸੀ ਅਤੇ ਲੱਖਾਂ ਰੁਪਏ ਖਰਚ ਕੀਤੇ ਗਏ ਹਨ। ਉਸ ਸਮੇਂ ਵੀ ਦਰਜਨਾਂ ਗਊਆਂ ਭੁੱਖ ਅਤੇ ਠੰਡ ਕਾਰਨ ਤੜਫ-ਤੜਫ ਕੇ ਮਰਦੀਆਂ ਸਨ ਅਤੇ ਹੁਣ ਜਦ ਸੂਬੇ 'ਚ ਕਾਂਗਰਸ ਦੀ ਸਰਕਾਰ ਹੈ ਤਾਂ ਵੀ ਹਾਲਤ ਪਹਿਲਾਂ ਵਾਂਗ ਹੀ ਹਨ। ਨਾ ਤਾਂ ਉਸ ਸਮੇਂ ਜ਼ਿਲਾ ਪ੍ਰਸ਼ਾਸਨ ਨੇ ਕਦੀ ਧਿਆਨ ਦਿੱਤਾ ਅਤੇ ਨਾ ਹੀ ਅੱਜ ਕੋਈ ਅਧਿਕਾਰੀ ਦੇ ਰਿਹਾ ਹੈ। ਹਾਂ ਇੰਨਾ ਜ਼ਰੂਰ ਹੈ ਕਿ ਜਦ ਕਦੇ ਖਬਰ ਪ੍ਰਕਾਸ਼ਿਤ ਹੁੰਦੀ ਹੈ ਤਾਂ ਇਕਦਮ ਪ੍ਰਸ਼ਾਸਨ ਅਤੇ ਆਗੂ ਹਰਕਤ 'ਚ ਆਉਂਦੇ ਹਨ। ਕਾਂਗਰਸ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਜਿਨ੍ਹਾਂ ਕੋਲ ਕੁਝ ਸਮਾਂ ਪਹਿਲਾਂ ਪਸ਼ੂ ਪਾਲਮ ਮੰਤਰਾਲਾ ਸੀ ਤਾਂ ਉਨ੍ਹਾਂ ਕਈ ਵਾਰ ਗਊਸ਼ਾਲਾ ਦਾ ਦੌਰਾ ਕਰ ਸੁਧਾਰ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ। ਹੁਣ ਉਹ ਸੂਬੇ ਦੇ ਸਿਹਤ ਮੰਤਰੀ ਹੈ। ਕੋਈ ਗਉੂਸ਼ਾਲਾ ਦੀ ਅਜਿਹੀ ਦੁਰਦਸ਼ਾ ਨੂੰ ਸੁਧਾਰਨ ਵੱਲ ਧਿਆਨ ਨਹੀਂ ਦੇ ਰਿਹਾ ਹੈ।

ਠੰਡ ਤੋਂ ਬਚਣ ਦਾ ਨਹੀਂ ਕੋਈ ਪ੍ਰਬੰਧ
ਗਊਸ਼ਾਲਾ 'ਚ 350 ਦੇ ਕਰੀਬ ਗਊਆਂ, ਸਾਂਢ ਆਦਿ ਪਸ਼ੂ ਹਨ ਪਰ ਠੰਡ ਤੋਂ ਬਚਣ ਲਈ ਜੋ ਸ਼ੈੱਡ ਇਥੇ ਬਣਿਆ ਹੈ ਉਥੇ ਕੇਵਲ 100 ਦੇ ਲਗਭਗ ਗਊਆਂ ਹੀ ਰਹਿ ਸਕਦੀਆਂ ਹਨ। ਬਾਕੀ ਗਊਆਂ ਠੰਡ ਤੋਂ ਬਚਣ ਲਈ ਇਧਰ-ਓਧਰ ਭਟਕਦੀਆਂ ਰਹਿੰਦੀਆਂ ਹਨ। ਹੱਡ ਤੋੜਵੀ ਠੰਡ 'ਚ ਤੜਫ-ਤੜਫ ਕੇ ਗਊਆਂ ਦਮ ਤੋੜ ਰਹੀਆਂ ਹਨ। ਤੜਫਦੀਆਂ ਗਊਆਂ ਨੂੰ ਠੰਡ ਤੋਂ ਬਚਾਉਣ ਲਈ ਜਲਦ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਦਰਜਨਾਂ ਗਊਆਂ ਹੋਰ ਦਮ ਤੋੜ ਦੇਣਗੀਆਂ।

ਬਾਰਿਸ਼ ਬਣੀ ਆਫਤ
ਬਾਰਿਸ਼ ਗਊਸ਼ਾਲਾ 'ਚ ਆਫਤ ਬਣ ਗਈ ਹੇ। ਬਾਰਿਸ਼ ਤੋਂ ਬਚਣ ਲਈ ਇਥੇ ਜਰੂਰੀ ਪ੍ਰਬੰਧ ਨਾ ਹੋਣ ਕਾਰਨ ਸੈਂਕੜੇ ਗਊਆਂ ਕੜਕਦੀ ਠੰਡ 'ਚ ਬਾਰਿਸ਼ ਵਿਚ ਭਿੱਜਦੀਆਂ ਰਹੀਆਂ। ਗਊਸ਼ਾਲਾ 'ਚ ਬਾਰਿਸ਼ ਦੇ ਪਾਣੀ ਕਾਰਨ ਜਮੀਨ ਵੀ ਦਲਦਲੀ ਹੋ ਗਈ ਹੈ, ਜਿਸ ਕਾਰਨ ਗਊਆਂ ਬੈਠ ਨਹੀਂ ਸਕਦੀਆਂ ਅਤੇ ਹਾਲਤ ਇਸ ਕਦਰ ਖਰਾਬ ਹਨ ਕਿ ਹੁਣ ਤਕ ਇਥੇ ਚਿੱਕੜ ਹੀ ਚਿੱਕੜ ਹੈ। 200 ਤੋਂ ਵੱਧ ਗਊਆਂ ਚਿੱਕੜ 'ਚ ਦਿਨ-ਰਾਤ ਖੜ੍ਹੀਆਂ ਹਨ। ਬੈਠਣ ਲਈ ਗਊਆਂ ਤੜਫ ਰਹੀਆਂ ਹਨ। ਇਸਦੇ ਬਾਅਦ ਮੌਤ ਦਾ ਸਿਲਸਿਲਾ ਤੇਜ਼ ਹੋ ਗਿਆ।

ਅਸ਼ਿਆਨਾ ਲੈਣ ਪੁੱਜੀਆਂ ਗਊਆਂ ਨੂੰ ਮਿਲ ਰਹੀ ਹੈ ਮੌਤ!
ਗਊਸ਼ਾਲਾ ਦੀ ਹਾਲਤ ਅਜਿਹੀ ਕਿ ਵੱਖ-ਵੱਖ ਥਾਵਾਂ ਤੋਂ ਇਥੇ ਅਸ਼ਿਆਨਾ ਦੇਣ ਲਈ ਛੱਡੀ ਜਾ ਰਹੀਆਂ ਸੈਂਕੜੇ ਗਊਆਂ ਨੂੰ ਜ਼ਿਲਾ ਪ੍ਰਸ਼ਾਸਨ ਦੀ ਲਪਰਵਾਹੀ ਕਾਰਨ ਮੌਤ ਮਿਲ ਰਹੀ ਹੈ। ਮੌਤ ਵੀ ਅਜਿਹੀ ਕਿ ਕਈ ਕਈ ਦਿਨ ਤੜਫ-ਤੜਫ ਕੇ ਗਊਆਂ ਦਮ ਤੋੜ ਰਹੀਆਂ ਹਨ। ਗਊਆਂ ਦੀ ਅਜਿਹੀ ਹਾਲਤ ਸ਼ਾਇਦ ਹੀ ਕਿਥੇ ਹੋਰ ਦੇਖਣ ਨੂੰ ਮਿਲੇਗੀ। ਲਾਚਾਰ ਤੇ ਤੜਫਦੀਆਂ ਗਊਆਂ ਦੀ ਅਜਿਹੀ ਦੁਰਦਸ਼ਾ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ।

ਜੇਕਰ ਸੰਭਾਲ ਨਹੀਂ ਸਕਦੇ ਤਾਂ ਬੰਦ ਹੋਵੇ ਗਊਸ਼ਾਲਾ
ਗਊਸ਼ਾਲਾ 'ਚ ਰੋਜ਼ਾਨਾ ਮਰ ਰਹੀਆਂ ਗਊਆਂ ਕਾਰਨ ਸਥਾਨਕ ਲੋਕਾਂ 'ਚ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਗਊਆਂ ਹਿੰਦੂ ਧਰਮ 'ਚ ਗਊ ਮਾਤਾ ਕਹਿ ਕੇ ਪੂਜਾ ਕੀਤੀ ਜਾਂਦੀ ਹੈ ਪਰ ਇਥੇ ਗਊਆਂ ਨੂੰ ਭੁੱਖ ਅਤੇ ਠੰਡ 'ਚ ਤੜਫ-ਤੜਫ ਕੇ ਮਰਨ ਲਈ ਛੱਡਿਆ ਜਾ ਰਿਹਾ ਹੈ ਜੇਕਰ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਇਨ੍ਹਾਂ ਗਊਆਂ ਨੂੰ ਸੰਭਾਲ ਨਹੀਂ ਸਕਦੇ ਤਾਂ ਇਸ ਗਊਸ਼ਾਲਾ 'ਚ ਰੱਖੀਆਂ ਗਊਆਂ ਕਿਥੇ ਹੋਰ ਸ਼ਿਫਟ ਕਰ ਕੇ ਇਸ ਗਊਸ਼ਾਲਾ ਨੂੰ ਬੰਦ ਕਰ ਦੇਵੇ। ਪ੍ਰਸ਼ਾਸਨ ਗਊੁਵੰਸ਼ ਨਾਲ ਅਜਿਹਾ ਭੱਦਾ ਮਜ਼ਾਕ ਨਾ ਕਰੇ।

ਐੱਨ.ਜੀ.ਓ. ਨੂੰ ਦਿੱਤੀ ਜ਼ਿੰਮੇਵਾਰੀ
ਪ੍ਰਸ਼ਾਸਨ ਵੱਲੋਂ ਪਿਛਲੇ ਕਾਫੀ ਸਮੇ ਤੋਂ ਧਿਆਨ ਫਾਊਂਡੇਸਨ ਨਾਮਕ ਇਕ ਸੰਸਥਾ ਨੂੰ ਇਸ ਗਊਸ਼ਾਲਾ ਦੇ ਦੇਖ-ਰੇਖ ਦਾ ਜ਼ਿੰਮਾ ਦਿੱਤਾ ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਫੰਡ ਵੀ ਦਿੱਤਾ ਜਾਂਦਾ ਹੈ ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਲਪਰਵਾਹੀ ਕਾਰਨ ਇਹ ਫਾਊਂਡੇਸ਼ਨ ਗਊਸ਼ਾਲਾ ਦੇ ਸਾਂਭ-ਸੰਭਾਲ 'ਚ ਕੋਈ ਦਿਲਚਸਪੀ ਨਹੀਂ ਲੈ ਰਹੀ ਹੇ।

ਧਿਆਨ ਫਾਊਂਡੇਸ਼ਨ ਵੱਲੋਂ ਇਥੇ ਤਾਇਨਾਤ ਮੈਨੇਜਰ ਸੁਭਾਸ਼ ਨਾਲ ਜਦ ਸੰਪਰਕ ਕੀਤਾ ਤਾਂ ਗਊਆਂ ਦੀ ਅਜਿਹੀ ਹਾਲਤ 'ਤੇ ਉਨ੍ਹਾਂ ਠੀਕ ਢੰਗ ਨਾਲ ਪ੍ਰਬੰਧ ਨਾ ਕੀਤੇ ਜਾਣ 'ਤੇ ਪੂਰਾ ਠੀਕਰਾ ਪ੍ਰਸ਼ਾਸਨ ਦੇ ਸਿਰ 'ਤੇ ਭੰਨਿਆ। ਉਨ੍ਹਾਂ ਦਾਅਵਾ ਕੀਤਾ ਕਿ ਇਥੇ ਗਊਆਂ ਦੇ ਖਾਣ-ਪੀਣ ਦੀ ਕੋਈ ਕਮੀ ਨਹੀਂ ਹੈ। ਠੰਡ ਤੋਂ ਬਚਾਅ ਲਈ ਇਥੇ ਗਊਆਂ ਦੀ ਸੰਖਿਆ ਮੁਤਾਬਕ ਪ੍ਰਬੰਧ ਨਹੀਂ ਕੀਤਾ ਗਿਆ ਹੈ। ਠੰਡ ਕਾਰਨ ਹੀ ਗਊਆਂ ਦੀ ਅਜਿਹੀ ਹਾਲਤ ਹੋਈ ਹੇ। ਪ੍ਰਸ਼ਾਸਨ ਦਾ ਪੱਖ ਲੈਣ ਲਈ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਬਰਜਿੰਦਰ ਸਿੰਘ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਓਧਰ ਡਿਪਟੀ ਕਮਿਸ਼ਨਰ ਗਰੀਸ਼ਨ ਦਿਆਲਨ ਨਾਲ ਜਦੋਂ ਫੋਨ 'ਤੇ ਸੰਪਰਕ ਕੀਤਾ ਤਾਂ ਕਿਸੇ ਹੋਰ ਨੇ ਫੋਨ ਚੁੱਕਿਆ ਤਾਂ ਕਿਹਾ ਕਿ ਸਾਬ੍ਹ ਕਿਤੇ ਹੋਰ ਰੁੱਝੇ ਹੋਏ ਹਨ।
 

Anuradha

This news is Content Editor Anuradha