ਕੋਵਿਡ ਦੇ ਨਵੇਂ ਵੈਰੀਐਂਟ ਮਗਰੋਂ ਚੰਡੀਗੜ੍ਹ 'ਚ ਅਲਰਟ, ਜਾਰੀ ਹੋਏ ਇਹ ਹੁਕਮ

12/22/2022 12:54:35 PM

ਚੰਡੀਗੜ੍ਹ (ਪਾਲ) : ਵਿਸ਼ਵ ਭਰ 'ਚ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਿਹਤ ਵਿਭਾਗ ਨੇ ਸ਼ਹਿਰ ਦੇ ਸਰਕਾਰੀ ਹਸਪਤਾਲਾਂ 'ਚ ਵੀ ਅਲਰਟ ਜਾਰੀ ਕਰ ਦਿੱਤਾ ਹੈ। ਹਾਲਾਂਕਿ ਚੰਡੀਗੜ੍ਹ 'ਚ ਲੰਬੇ ਸਮੇਂ ਤੋਂ ਕੋਵਿਡ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਜੀ. ਐੱਮ. ਐੱਸ. ਐੱਚ. ਮੈਡੀਕਲ ਸੁਪਰੀਡੈਂਟ ਡਾ. ਵੀ. ਕੇ. ਨਾਗਪਾਲ ਮੁਤਾਬਿਕ ਸਾਵਧਾਨੀ ਵਜੋਂ ਅਲਰਟ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਵਿਡ ਦੀਆਂ ਪਿਛਲੀਆਂ ਦੋ ਲਹਿਰਾਂ 'ਚ ਸਿਹਤ ਵਿਭਾਗ ਨੇ ਵਧੀਆ ਕੰਮ ਕੀਤਾ ਹੈ। ਸਾਡੇ ਕੋਲ ਤਜਰਬੇ ਦੇ ਨਾਲ-ਨਾਲ ਹੋਰ ਸਾਰੀਆਂ ਸਹੂਲਤਾਂ ਹਨ, ਜਿਨ੍ਹਾਂ ਦੀ ਲੋੜ ਹੋ ਸਕਦੀ ਹੈ। ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਅਸੀਂ ਸਟਾਫ਼ ਅਤੇ ਲੋਕਾਂ ਨੂੰ ਸਾਵਧਾਨੀ ਵਜੋਂ ਕੋਵਿਡ ਦੇ ਮਾਸਕ ਅਤੇ ਹੋਰ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਜੋ ਕਿ ਜ਼ਰੂਰੀ ਵੀ ਹੈ। ਜਿੱਥੋਂ ਤੱਕ ਜ਼ਿਨੋਮ ਸੀਕਵੈਂਸਿੰਗ ਦਾ ਸਬੰਧ ਹੈ, ਫਿਲਹਾਲ ਇਸ ਲਈ ਕੋਈ ਹੁਕਮ ਨਹੀਂ ਆਏ ਹਨ। ਕੇਂਦਰ ਦੀ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਨਾਲ ਮੀਟਿੰਗ ਹੈ। ਇਸ ਸਬੰਧੀ ਜੋ ਵੀ ਹੁਕਮ ਜਾਂ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ, ਉਸ ਦੀ ਜਾਣਕਾਰੀ ਅੱਗੇ ਸਾਂਝੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ 'ਕੋਰੋਨਾ' ਨੂੰ ਲੈ ਕੇ ਧਿਆਨ ਦੇਣ ਵਾਲੀ ਖ਼ਬਰ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਇਆ ਅਲਰਟ
ਸੋਸ਼ਲ ਡਿਸਟੈਂਸ ਦਾ ਵੀ ਰੱਖਣਾ ਪਵੇਗਾ ਧਿਆਨ
ਯੂ. ਟੀ. ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਅਨੁਸਾਰ ਆਰ. ਟੀ. ਪੀ. ਸੀ. ਆਰ. ਟੈਸਟਿੰਗ ਵਧਾਉਣ ਲਈ ਕਿਹਾ ਗਿਆ ਹੈ। ਐਮਰਜੈਂਸੀ ਵਾਰਡ 'ਚ ਆਉਣ ਵਾਲੇ ਸਾਰੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ, ਜਿਸ 'ਚ ਨਿਰੀਖਣ ਅਤੇ ਦਾਖ਼ਲ ਮਰੀਜ਼ ਸ਼ਾਮਲ ਹੋਣਗੇ। ਨਾਲ ਹੀ ਓ. ਪੀ. ਡੀ. ਰਾਹੀਂ ਦਾਖ਼ਲ ਸਾਰੇ ਮਰੀਜ਼ਾਂ ਦੀ ਕੋਵਿਡ ਟੈਸਟਿੰਗ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦਾਖ਼ਲੇ ਦੌਰਾਨ ਕੀਤਾ ਗਿਆ ਨੈਗੇਟਿਵ ਰੈਪਿਡ ਐਂਟੀਜੇਨ ਟੈਸਟ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਓ. ਪੀ. ਡੀ. ਆਉਣ ਵਾਲੇ ਮਰੀਜ਼, ਜਿਨ੍ਹਾਂ ਨੂੰ ਬੁਖ਼ਾਰ ਅਤੇ ਜ਼ੁਕਾਮ-ਖੰਘ ਵਰਗੇ ਲੱਛਣ ਹੋਣ ਅਤੇ ਈ. ਐੱਨ. ਟੀ. ਦੇ ਮਰੀਜ਼ਾਂ ਨੂੰ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਉਣ ਲਈ ਕਿਹਾ ਜਾਵੇਗਾ, ਜਿਸ ਤੋਂ ਬਾਅਦ ਹੀ ਉਸ ਨੂੰ ਓ. ਪੀ. ਡੀ. ਵਿਚ ਜਾਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸਾਈਕਲ ਇੰਡਸਟਰੀ ਲਈ ਖ਼ੁਸ਼ੀ ਦੀ ਖ਼ਬਰ : ਵੈਸਟ ਬੰਗਾਲ ਤੋਂ ਮਿਲਿਆ 10.50 ਲੱਖ ਸਾਈਕਲਾਂ ਦਾ ਆਰਡਰ

ਇਨ੍ਹਾਂ ਮਰੀਜ਼ਾਂ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਲੋੜੀਂਦਾ ਇਲਾਜ ਦਿੱਤਾ ਜਾਵੇਗਾ। ਡਾ. ਨਾਗਪਾਲ ਦਾ ਕਹਿਣਾ ਹੈ ਕਿ ਸਾਰੇ ਸਿਹਤ ਸੰਭਾਲ ਕਰਮਚਾਰੀ ਅਤੇ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਫੇਸ ਮਾਸਕ ਪਾਉਣੇ ਚਾਹੀਦੇ ਹਨ। ਸਮਾਜਿਕ ਦੂਰੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। ਇਹ ਹੁਕਮ ਹਸਪਤਾਲ ਦੇ ਸਮੂਹ ਵਿਭਾਗਾਂ ਅਤੇ ਫੈਕਲਟੀ ਸਟਾਫ਼ ਨੂੰ ਦਿੱਤੇ ਗਏ ਹਨ। ਡਾਕਟਰਾਂ ਮੁਤਾਬਕ ਇਸ ਸਮੇਂ ਕੋਵਿਡ-19 ਦੇ ਮਾਮਲੇ ਕੁੱਝ ਹੀ ਦੇਸ਼ਾਂ 'ਚ ਵੱਧੇ ਹਨ। ਭਾਰਤ 'ਚ ਕੋਵਿਡ ਕੇਸਾਂ ਦੀ ਗਿਣਤੀ ਇਸ ਸਮੇਂ ਗੰਭੀਰ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita