ਪੰਜਾਬ ਸਰਕਾਰ ਨੇ ਕੋਵਿਡ-19 ਦੇ ਟਾਕਰੇ ਲਈ ਹਸਪਤਾਲਾਂ ਨੂੰ ਕੀਤਾ ਤਿਆਰ

04/02/2020 1:44:38 AM

ਚੰਡੀਗੜ੍ਹ,(ਸ਼ਰਮਾ) : ਪੰਜਾਬ 'ਚ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 41 ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਤਿੰਨ ਮੈਡੀਕਲ ਕਾਲਜ 'ਚ ਟਰਸ਼ਰੀ ਕੇਅਰ ਸੈਂਟਰ ਅਤੇ ਹਸਪਤਾਲਾਂ 'ਚ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਤਿਆਰੀਆਂ ਕਰ ਲਈਆਂ ਹਨ। ਇਨ੍ਹਾਂ ਤਿਆਰੀਆਂ ਤਹਿਤ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ 'ਚ ਟਰਸ਼ਰੀ ਕੇਅਰ ਸੈਂਟਰ ਅਤੇ ਹਸਪਤਾਲਾਂ 'ਚ 1360 ਬੈੱਡ ਕੋਵਿਡ-19 ਪੀੜਤ ਮਰੀਜ਼ਾਂ ਦੇ ਇਲਾਜ ਲਈ ਰਾਖਵੇਂ ਕੀਤੇ ਗਏ ਹਨ, ਜਿਨ੍ਹਾਂ 'ਚੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ 600 ਬੈੱਡ ਅਤੇ 40 ਵੈਂਟੀਲੇਟਰ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 180 ਬੈੱਡ ਅਤੇ 35 ਵੈਂਟੀਲੇਟਰ ਜਦਕਿ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ 580 ਬੈੱਡ ਅਤੇ 26 ਵੈਂਟੀਲੇਟਰ ਰਾਖਵੇਂ ਰੱਖੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੂੰ ਕੋਵਿਡ-19 ਸਬੰਧੀ ਮੈਨੂਅਲ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਮੈਨੂਅਲ ਕੋਵਿਡ 19 ਤੋਂ ਪੀੜਤ ਮਰੀਜ਼ਾਂ ਦੇ ਇਲਾਜ ਦੌਰਾਨ ਅਪਣਾਏ ਜਾਣ ਵਾਲੇ ਸਾਰੇ ਨਿਯਮਾਂ 'ਤੇ ਰੌਸ਼ਨੀ ਪਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਯੂਨੀਵਰਸਿਟੀ ਨੂੰ ਦਿਨ ਪ੍ਰਤੀ ਦਿਨ ਬੀਮਾਰੀ ਸਬੰਧੀ ਅੰਦਾਜ਼ਾ ਲਗਾਉਣ ਦਾ ਵੀ ਕੰਮ ਦਿੱਤਾ ਗਿਆ ਹੈ।
 

Deepak Kumar

This news is Content Editor Deepak Kumar