ਅਦਾਲਤ ਵੱਲੋਂ ਤਿੰਨੋਂ ਪੁਲਸ ਅਧਿਕਾਰੀ ਦੋਸ਼ ਮੁਕਤ

01/31/2018 1:24:36 PM

ਹੁਸ਼ਿਆਰਪੁਰ (ਜ.ਬ.)— ਝੂਠੇ ਕੇਸ 'ਚ ਫਸਾਉਣ ਦੇ ਬਹੁ-ਚਰਚਿਤ ਮਾਮਲੇ 'ਚ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ (ਸਪੈਸ਼ਲ ਕੋਰਟ) ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਦੋਵਾਂ ਪੱਖਾਂ ਦੀ ਬਹਿਸ ਮੁਕੰਮਲ ਹੋਣ ਉਪਰੰਤ ਤਿੰਨਾਂ ਪੁਲਸ ਅਧਿਕਾਰੀਆਂ 'ਤੇ ਲੱਗੇ ਦੋਸ਼ ਰੱਦ ਕਰਦਿਆਂ ਉਨ੍ਹਾਂ ਨੂੰ ਦੋਸ਼-ਮੁਕਤ ਕਰ ਕੇ ਕੇਸ ਖਤਮ ਕਰਨ ਦੇ ਹੁਕਮ ਦਿੱਤੇ। ਇਸ ਮਾਮਲੇ 'ਚ ਮੁਲਜ਼ਮ ਪੁਲਸ ਅਧਿਕਾਰੀਆਂ ਲੁਧਿਆਣਾ 'ਚ ਤਾਇਨਾਤ ਏ. ਸੀ.ਪੀ. ਲਖਬੀਰ ਸਿੰਘ ਵੱਲੋਂ ਐਡਵੋਕੇਟ ਐੱਮ. ਪੀ. ਸਿੰਘ ਅਤੇ ਹੁਸ਼ਿਆਰਪੁਰ 'ਚ ਤਾਇਨਾਤ ਏ. ਐੱਸ. ਆਈ. ਪ੍ਰਦੀਪ ਕੁਮਾਰ ਅਤੇ ਹੈੱਡ ਕਾਂਸਟੇਬਲ ਸਤੀਸ਼ ਕੁਮਾਰ ਵੱਲੋਂ ਐਡਵੋਕੇਟ ਐੱਸ. ਐੱਸ. ਸੈਣੀ ਪੇਸ਼ ਹੋਏ। ਉਨ੍ਹਾਂ ਦੇ ਵਕੀਲਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਦਾਲਤ ਨੇ ਪੁਲਸ ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਆਨ ਅਤੇ ਬਹਿਸ ਨੂੰ 340 ਕ੍ਰਿਮੀਨਲ ਪ੍ਰੋਸੀਜਰ ਕੋਡ ਤਹਿਤ ਸਵੀਕਾਰ ਕਰਦੇ ਹੋਏ ਇਸ ਮਾਮਲੇ ਨੂੰ ਅੱਜ ਬੰਦ ਕਰ ਕੇ ਤਿੰਨਾਂ ਪੁਲਸ ਅਧਿਕਾਰੀਆਂ ਨੂੰ ਦੋਸ਼-ਮੁਕਤ ਕਰ ਦਿੱਤਾ ਹੈ।
ਕੀ ਕਹਿੰਦੇ ਹਨ ਦੂਜੀ ਧਿਰ ਦੇ ਵਕੀਲ
ਦੂਜੇ ਪਾਸੇ ਪੀੜਤ ਧਿਰ ਦੇ ਵਕੀਲ ਐਡਵੋਕੇਟ ਸਰਬਜੀਤ ਸਿੰਘ ਭੂੰਗਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜੋ ਅਦਾਲਤ ਨੇ ਇਸ ਕੇਸ ਨੂੰ ਡਰਾਪ ਕੀਤਾ ਹੈ, ਦਾ ਫੈਸਲਾ ਆਪ ਅਦਾਲਤ ਨੇ ਹੀ ਲੈ ਲਿਆ ਸੀ, ਜਦਕਿ ਪੀੜਤ ਧਿਰ ਵੱਲੋਂ ਦਾਇਰ ਇਕ ਮਾਮਲਾ ਅਜੇ ਵੀ ਲੋਅਰ ਕੋਰਟ 'ਚ ਵਿਚਾਰ ਅਧੀਨ ਹੈ। ਲੋਅਰ ਕੋਰਟ 'ਚ ਏ. ਸੀ. ਪੀ. ਲਖਬੀਰ ਸਿੰਘ ਦਾ ਨਾਂ ਸ਼ਾਮਲ ਨਹੀਂ ਹੈ। ਤਿੰਨੋਂ ਪੁਲਸ ਅਧਿਕਾਰੀ ਇਸ ਮਾਮਲੇ ਨੂੰ ਹਾਈ ਕੋਰਟ ਵੀ ਲੈ ਕੇ ਗਏ ਹਨ, ਜਿਸ ਦੀ ਅਗਲੇਰੀ ਸੁਣਵਾਈ 23 ਫਰਵਰੀ ਨੂੰ ਹੋਣੀ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਥਾਣਾ ਮਾਡਲ ਟਾਊਨ 'ਚ ਤਾਇਨਾਤ ਏ. ਐੱਸ. ਆਈ. ਉਸ ਸਮੇਂ ਹੌਲਦਾਰ ਪ੍ਰਦੀਪ ਕੁਮਾਰ ਨੇ ਇਕ ਸਾਜ਼ਿਸ਼ ਤਹਿਤ ਰਾਜਬੀਰ ਕੌਰ ਦੇ ਪਤੀ ਬਿਕਰਮ ਸਿੰਘ 'ਤੇ ਝੂਠੀ ਕਾਰਵਾਈ ਕਰਦੇ ਹੋਏ 2 ਫਰਵਰੀ 2014 ਨੂੰ ਨਸ਼ੇ ਵਾਲੇ ਪਦਾਰਥ ਰੱਖਣ ਦਾ ਕੇਸ ਪਾ ਕੇ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ 'ਚ ਬਿਕਰਮ ਸਿੰਘ ਨੂੰ ਕਰੀਬ 7 ਮਹੀਨੇ ਜੇਲ ਵਿਚ ਰਹਿਣਾ ਪਿਆ ਸੀ। ਇਸ ਮਾਮਲੇ 'ਚ ਮਾਣਯੋਗ ਅਦਾਲਤ ਨੇ 10 ਅਕਤੂਬਰ 2017 ਨੂੰ ਬਿਕਰਮ ਸਿੰਘ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਪੁਲਸ ਵੱਲੋਂ ਬਿਕਰਮ ਨੂੰ ਝੂਠੇ ਕੇਸ 'ਚ ਫਸਾਉਣ ਦਾ ਸਖਤ ਨੋਟਿਸ ਲੈਂਦਿਆਂ ਧਾਰਾ 193 ਤਹਿਤ ਏ. ਸੀ.ਪੀ. ਲਖਬੀਰ (ਤਤਕਾਲੀਨ ਇੰਸਪੈਕਟਰ) ਦੇ ਨਾਲ-ਨਾਲ ਏ. ਐੱਸ. ਆਈ. ਪ੍ਰਦੀਪ ਕੁਮਾਰ ਅਤੇ ਹੈੱਡ ਕਾਂਸਟੇਬਲ ਸਤੀਸ਼ ਕੁਮਾਰ ਨੂੰ ਸੰਮਨ ਜਾਰੀ ਕਰ ਕੇ ਆਪਣਾ ਪੱਖ ਰੱਖਣ ਲਈ ਤਲਬ ਕੀਤਾ ਸੀ।