ਪ੍ਰੇਮ ਵਿਆਹ ਕਰਨ ਵਾਲੇ ਜੋੜੇ ਨੂੰ ਲੜਕੀ ਦੇ ਮਾਪਿਆਂ ਕੀਤਾ ਅਗਵਾ

07/19/2018 7:43:59 AM

ਮੋਗਾ (ਅਾਜ਼ਾਦ) - ਪਿੰਡ ਕੋਠੇ ਪੱਤੀ ਮੁਹੱਬਤ ਦੀ ਰਹਿਣ ਵਾਲੀ ਇਕ ਲਡ਼ਕੀ ਨੂੰ ਸੰਗੀਤ ਸਿਖਾਉਣ ਦੇ ਬਹਾਨੇ ਉਸ ਨਾਲ ਪ੍ਰੇਮ ਸਬੰਧ ਬਣਾ ਕੇ ਉਸ ਨਾਲ  ਵਿਆਹ ਕਰਵਾਉਣ ਵਾਲੇ ਲਡ਼ਕੇ ਨੂੰ ਲਡ਼ਕੀ ਦੇ ਪਰਿਵਾਰ ਵਾਲਿਆਂ ਵੱਲੋਂ ਆਪਣੀ ਲਡ਼ਕੀ ਸਮੇਤ ਜ਼ਿਲਾ ਕਚਹਿਰੀ  ਮੂਹਰਿਓਂ ਅਗਵਾ ਕਰ ਕੇ ਜਗਰਾਓਂ ਪੁਲਸ ਹਵਾਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਮੋਗਾ ਵੱਲੋਂ ਮੱਖਣ ਸਿੰਘ ਪੁੱਤਰ ਮੰਗਾ ਸਿੰਘ ਨਿਵਾਸੀ ਕਿਸ਼ਨਪੁਰਾ ਕਲਾਂ ਦੀ ਸ਼ਿਕਾਇਤ ’ਤੇ ਲਛਮਣ ਸਿੰਘ, ਕਰਮਜੀਤ ਕੌਰ, ਪਾਲ ਸਿੰਘ, ਜਸਪਾਲ ਸਿੰਘ, ਜਗਰੂਪ ਸਿੰਘ, ਦਵਿੰਦਰ ਸਿੰਘ, ਸਰਬਜੀਤ ਸਿੰਘ, ਸੰਦੀਪ ਕੌਰ ਸਾਰੇ ਨਿਵਾਸੀ ਕੋਠੇ ਪੱਤੀ ਮੁਹੱਬਤ ਜਗਰਾਓਂ ਅਤੇ ਪੰਜ-ਛੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦੇ ਬਾਅਦ ਚਾਰ ਨੂੰ ਗ੍ਰਿਫਤਾਰ ਕਰ ਲਿਆ  ਗਿਆ ਹੈ।
ਇਸ ਸਬੰਧੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਨਿਵਾਸੀ ਕਿਸ਼ਨਪੁਰਾ ਕਲਾਂ, ਜੋ ਗਾਇਕ ਕਲਾਕਾਰ ਹੋਣ ਦੇ ਇਲਾਵਾ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਦਿੰਦਾ ਹੈ, ਨੇ ਕਿਹਾ ਕਿ ਉਸ ਦੇ ਕੋਠੇ ਪੱਤੀ ਮੁਹੱਬਤ (ਜਗਰਾਓਂ) ਨਿਵਾਸੀ ਇਕ 19 ਸਾਲਾ ਲਡ਼ਕੀ ਨਾਲ ਕਥਿਤ ਪ੍ਰੇਮ ਸਬੰਧ ਹੋ ਗਏ ਸਨ ਅਤੇ ਉਕਤ ਦੋਵਾਂ ਨੇ ਕੁੱਝ ਦਿਨ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ, ਉਹ ਉਕਤ ਲਡ਼ਕੀ ਨੂੰ ਨਾਲ ਲੈ ਕੇ ਜ਼ਿਲਾ ਕਚਹਿਰੀ ਮੋਗਾ ’ਚ ਆਪਣੀ ਕੋਰਟ ਮੈਰਿਜ ਕਰਵਾਉਣ ਅਤੇ ਸੁਰੱਖਿਆ ਲੈਣ ਲਈ ਆਇਆ ਸੀ, ਜਦੋਂ ਹੀ ਉਹ ਗੇਟ ਕੋਲ ਪੁੱਜਾ ਤਾਂ ਅਤੇ ਉਥੇ ਲਡ਼ਕੀ ਦੇ ਪਰਿਵਾਰ ਵਾਲੇ ਆ ਪਹੁੰਚੇ ਅਤੇ ਉਨ੍ਹਾਂ ਆਪਣੀ ਬੇਟੀ ਨੂੰ ਗੱਡੀ ’ਚ ਬਿਠਾ ਲਿਆ ਅਤੇ ਮੈਨੂੰ ਕੁੱਟ-ਮਾਰ ਕਰਨ ਦੇ ਬਾਅਦ ਛੋਟੇ ਹਾਥੀ ’ਚ ਬਿਠਾ ਕੇ ਜਗਰਾਓਂ ਵੱਲ ਲੈ ਗਏ, ਜਦੋਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਮਾਮਲਾ ਮਾਣਯੋਗ ਅਦਾਲਤ   ਦੇ ਧਿਆਨ ਵਿਚ ਆ ਗਿਆ  ਹੈ ਤਾਂ ਉਨ੍ਹਾਂ ਮੈਨੂੰ ਤੇ ਲਡ਼ਕੀ ਨੂੰ ਜਗਰਾਓਂ ਪੁਲਸ  ਹਵਾਲੇ ਕਰ ਦਿੱਤਾ, ਉਥੇ ਅਸੀਂ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ  ਹੈ, ਜਿਸ ’ਤੇ ਉਨ੍ਹਾਂ ਸਾਨੂੰ ਛੱਡ ਦਿੱਤਾ।
ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਡ਼ਕੀ ਦੇ ਪਰਿਵਾਰ ਵਾਲਿਆਂ ਵੱਲੋਂ ਸਿਟੀ ਜਗਰਾਓਂ ਵਿਚ ਪਹਿਲਾਂ ਹੀ ਆਪਣੀ ਲਡ਼ਕੀ ਨੂੰ ਭਜਾ ਕੇ ਲੈ ਜਾਣ ਵਾਲੇ ਲਡ਼ਕੇ  ਖਿਲਾਫ ਸ਼ਿਕਾਇਤ ਪੱਤਰ ਦਿੱਤਾ  ਗਿਆ ਸੀ। ਉਕਤ ਮਾਮਲੇ ’ਚ ਲਡ਼ਕੀ ਦੇ ਪਿਤਾ ਲਛਮਣ ਸਿੰਘ, ਕਰਮਜੀਤ ਕੌਰ, ਜੋਗਿੰਦਰ ਸਿੰਘ ਅਤੇ ਜਸਮੇਲ ਸਿੰਘ ਜੱਸਾ ਸਾਰੇ ਨਿਵਾਸੀ ਕੋਠੇ ਪੱਤੀ ਮੁਹੱਬਤ ਜਗਰਾਓਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀਆਂ ਦੀ ਗ੍ਰਿਫਤਾਰੀ ਬਾਕੀ ਹੈ।