ਵੋਟਰਾਂ ਦੀ ਗਿਣਤੀ ਲਈ ਉਲਟੀ ਗਿਣਤੀ ਸ਼ੁਰੂ, 3 ਦਿਨ ਰਹਿ ਗਏ ਬਾਕੀ

03/08/2017 11:51:55 AM

ਸੁਲਤਾਨਪੁਰ ਲੋਧੀ (ਧੀਰ) : 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ 117 ਹਲਕਿਆਂ ਲਈ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਣ ਜਾ ਰਹੀ ਹੈ, ਸਬੰਧੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਜਿਉਂ-ਜਿਉਂ ਤਾਰੀਕ ਨਜ਼ਦੀਕ ਆ ਰਹੀ ਹੈ, ਤਿਉਂ-ਤਿਉਂ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧ ਗਈਆਂ ਹਨ। ਜਿਥੇ ਆਮ ਲੋਕਾਂ ''ਚ ਵੋਟਾਂ ਦੇ ਨਤੀਜਿਆਂ ਬਾਰੇ ਉਤਸ਼ਾਹ ਹੈ, ਉਥੇ ਹੀ ਵੋਟਾਂ ਦੀ ਗਿਣਤੀ ਨੂੰ ਅਮਨ ਤੇ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਵਾਸਤੇ ਸਾਰੇ ਹੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀਆਂ ਨੂੰ ਸੁਰੱਖਿਆ ਨੂੰ ਯਕੀਨੀ ਤੇ ਪੁਖਤਾ ਬਣਾਉਣ ਦੇ ਸਖਤ ਨਿਰਦੇਸ਼ ਦਿੱਤੇ ਹੋਏ ਹਨ, ਜਿਸ ਸਬੰਧੀ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਸ ਵਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। 11 ਮਾਰਚ ਨੂੰ ਸਵੇਰੇ 8 ਵਜੇ ਗਿਣਤੀ ਆਰੰਭ ਹੋ ਜਾਵੇਗੀ ਤੇ ਬਾਅਦ ਦੁਪਹਿਰ ਤਕ ਕਰੀਬ ਸਾਰੇ ਹਲਕਿਆਂ ਦੀ ਤਸਵੀਰ ਸਾਫ ਹੋ ਜਾਵੇਗੀ। ਇਸ ਵਾਰ ਚੋਣਾਂ ਦੇ ਨਤੀਜੇ ਬੇਹੱਦ ਦਿਲਚਸਪ ਹੋਣ ਦੀ ਉਮੀਦ ਹੈ, ਕਿਉਂਕਿ ਚੋਣਾਂ ''ਚ ਪਹਿਲੀ ਵਾਰ ਉਤਰੀ ਆਮ ਆਦਮੀ ਪਾਰਟੀ ਨੇ ਦੋਵੇਂ ਹੀ ਪ੍ਰਮੁੱਖ ਰਾਜ ਕਰਦੀਆਂ ਪਾਰਟੀਆਂ, ਅਕਾਲੀ ਦਲ-ਭਾਜਪਾ ਤੇ ਕਾਂਗਰਸ ਦੇ ਸਾਰੇ ਸਮੀਕਰਨ ਵਿਗਾੜ ਦਿੱਤੇ ਹਨ।
ਅਕਾਲੀ-ਭਾਜਪਾ, ਕਾਂਗਰਸ ਤੇ ''ਆਪ'' ਵਲੋਂ ਸਰਕਾਰ ਬਣਾਉਣ ਦੇ ਦਾਅਵੇ
ਵੋਟਾਂ ਦੀ ਗਿਣਤੀ ਨੂੰ ਹੁਣ ਜਿਥੇ ਸਿਰਫ 3 ਦਿਨ ਹੀ ਰਹਿ ਗਏ ਹਨ ਪਰ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ, ਜਿਨ੍ਹਾਂ ''ਚ ਪ੍ਰਮੁੱਖ ਅਕਾਲੀ-ਭਾਜਪਾ, ਕਾਂਗਰਸ ਤੇ ''ਆਪ'' ਹੈ, ਵਲੋਂ ਜਿੱਤ ਤੇ ਦਾਅਵੇ ਕੀਤੇ ਜਾ ਰਹੇ ਹਨ। ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਸ ਦੇ ਹਮਾਇਤੀ ਸਾਬਕਾ ਪ੍ਰਧਾਨ ਨਗਰ ਕੌਂਸਲ ਦਿਨੇਸ਼ ਧੀਰ ਤੇ ਹੋਰ ਆਗੂ ਅਕਾਲੀ ਉਮੀਦਵਾਰ ਦੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਤੇ ਫਿਰ ਵਿਕਾਸ ਦੇ ਨਾਮ ''ਤੇ ਤੀਜੀ ਵਾਰ ਸੂਬੇ ''ਚ ਅਕਾਲੀ-ਭਾਜਪਾ ਸਰਕਾਰ ਬਣਨ ਦੀਆਂ ਸ਼ਰਤਾਂ ਵੀ ਲਗਾ ਰਹੇ ਹਨ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਹਮਾਇਤੀ ਪ੍ਰਦੇਸ਼ ਪੰਜਾਬ ਸਕੱਤਰ ਦੀਪਕ ਧੀਰ ਰਾਜੂ, ਮੁਖਤਾਰ ਸਿੰਘ ਭਗਤਪੁਰ, ਪਰਵਿੰਦਰ ਸਿੰਘ ਪੱਪਾ, ਸੰਜੀਵ ਮਰਵਾਹਾ ਆਦਿ ਵੀ ਕਾਂਗਰਸ ਪਾਰਟੀ ਦੇ ਵਿਧਾਇਕ ਦੀ ਦੁਬਾਰਾ ਜਿੱਤ ਦੇ ਦਾਅਵੇ ਕਰਦੇ ਪੰਜਾਬ ''ਚ ਕਾਂਗਰਸ ਦੀ 70 ਸੀਟਾਂ ਤੋਂ ਵੱਧ ਜਿੱਤ ਕੇ ਪੰਜਾਬ ''ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਉਣ ਦੇ ਲਈ ਕਹਿ ਰਹੇ ਹਨ।
ਜਸ਼ਨਾਂ ਲਈ ਹਲਵਾਈਆਂ ਨਾਲ ਕੀਤਾ ਜਾ ਰਿਹਾ ਸੰਪਰਕ
ਵੋਟਾਂ ਦੇ ਨਤੀਜੇ ਕਿਸ ਉਮੀਦਵਾਰ ਦੇ ਚਿਹਰੇ ''ਤੇ ਖੁਸ਼ੀ ਲਿਆਉਣਗੇ, ਇਹ ਤਾਂ ਵੋਟਾਂ ਦੀ ਗਿਣਤੀ ਮੌਕੇ ਹੀ ਪਤਾ ਲੱਗੇਗਾ ਪਰ ਸਾਰੇ ਹੀ ਪਾਰਟੀਆਂ ਦੇ ਸਮਰਥਕਾਂ ਨੇ ਆਪਣੇ-ਆਪਣੇ ਤੌਰ ''ਤੇ ਜਸ਼ਨਾਂ ਲਈ ਵੰਡੇ ਜਾਣ ਵਾਲੇ ਲੱਡੂਆਂ ਵਾਸਤੇ ਹਲਵਾਈਆਂ ਨਾਲ ਸੰਪਰਕ ਕਾਇਮ ਕੀਤਾ ਹੈ।

Gurminder Singh

This news is Content Editor Gurminder Singh