ਹੋਰ ਪਰਿਵਾਰ ਕਾਊਂਸਲਿੰਗ ਕੇਂਦਰ ਕੀਤੇ ਜਾਣਗੇ ਸਥਾਪਤ : ਰੰਧਾਵਾ

06/20/2019 10:46:07 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਰਾਜ ਸਮਾਜਿਕ ਭਲਾਈ ਬੋਰਡ ਸੋਸ਼ਣ ਦੀਆਂ ਸ਼ਿਕਾਰ ਔਰਤਾਂ ਨੂੰ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਪਰਿਵਾਰਕ ਤੇ ਸਮਾਜਿਕ ਝਗੜਿਆਂ ਨੂੰ ਨਜਿੱਠਣ ਲਈ ਵਚਨਬੱਧ ਹੈ।”ਉਕਤ ਪ੍ਰਗਟਾਵਾ ਪੰਜਾਬ ਰਾਜ ਸਮਾਜਿਕ ਭਲਾਈ ਬੋਰਡ (ਪੀ. ਐੱਸ. ਐੱਸ. ਡਬਲਿਊ. ਬੀ.) ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਬੋਰਡ ਦੇ ਕੰਮਕਾਜ ਦਾ ਜਾਇਜ਼ਾ ਲੈਣ ਸਬੰਧੀ ਹੋਈ ਰੀਵੀਊ ਮੀਟਿੰਗ ਦੀ ਅਗਵਾਈ ਦੌਰਾਨ ਕੀਤਾ। ਮੀਟਿੰਗ ਸੂਬੇ 'ਚ ਕੇਂਦਰੀ ਸਮਾਜਿਕ ਭਲਾਈ ਬੋਰਡ, ਕੇਂਦਰੀ ਮੰਤਰਾਲਾ ਇਸਤਰੀ ਤੇ ਬਾਲ ਵਿਕਾਸ ਦੀ ਸਹਾਇਤਾ ਨਾਲ ਪੀ. ਐੱਸ. ਐੱਸ. ਡਬਲਿਊ. ਬੀ. ਵਲੋਂ ਚਲਾਏ ਜਾ ਰਹੇ 6 ਪਰਿਵਾਰ ਕਾਊਂਸਲਿੰਗ ਕੇਂਦਰਾਂ 'ਤੇ ਵਿਸ਼ੇਸ਼ ਕਰ ਕੇ ਕੇਂਦਰਿਤ ਰਹੀ।
ਇਸ ਮੀਟਿੰਗ ਦੌਰਾਨ ਪਰਿਵਾਰ ਕਾਊਂਸਲਿੰਗ ਕੇਂਦਰਾਂ ਦੇ ਕਾਊਂਸਲਰਾਂ ਤੇ ਅਹੁਦੇਦਾਰਾਂ ਨੇ ਜ਼ਿਲਾ ਪੱਧਰ 'ਤੇ ਹੋਰ ਨਵੇਂ ਪਰਿਵਾਰ ਕਾਊਂਸਲਿੰਗ ਕੇਂਦਰ ਖੋਲਣ ਦੀ ਮੰਗ ਕੀਤੀ ਅਤੇ ਕਾਊਂਸਲਰਾਂ ਦੀ ਤਨਖ਼ਾਹਾਂ ਅਤੇ ਹੋਰ ਦਫ਼ਤਰੀ ਖ਼ਰਚਿਆਂ ਦੇ ਮੱਦੇਨਜ਼ਰ ਬੱਜਟ ਵਿਚ ਵਾਧੇ ਦੀ ਮੰਗ ਵੀ ਰੱਖੀ। ਰੰਧਾਵਾ ਨੇ ਕੇਂਦਰੀ ਸਮਾਜਿਕ ਭਲਾਈ ਬੋਰਡ ਨਾਲ ਇਸ ਮਾਮਲੇ ਨੂੰ ਯਕੀਨੀ ਤੌਰ 'ਤੇ ਵਿਚਾਰਨ ਦਾ ਭਰੋਸਾ ਦਿੱਤਾ ਤਾਂ ਜੋ ਜ਼ਮੀਨੀ ਪੱਧਰ 'ਤੇ ਅਸਲ ਹੱਕਦਾਰਾਂ ਤੱਕ ਸਕੀਮ ਦੇ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਚੇਅਰਪਰਸਨ ਨੂੰ ਵੱਖ ਵੱਖ ਪਰਿਵਾਰ ਕਾਊਂਸਲਿੰਗ ਕੇਂਦਰਾਂ ਦੇ ਨੁਮਾਇੰਦਿਆਂ ਨੇ ਉਨਾਂ ਵੱਲੋਂ ਕੀਤੇ ਕੰਮਾਂ ਤੋਂ ਜਾਣੂੰ ਕਰਵਾਇਆ।

Babita

This news is Content Editor Babita