ਮੇਅਰ ਸਬੰਧੀ ਹਾਈਕਮਾਨ ਦਾ ਹਰ ਫੈਸਲਾ ਹੋਵੇਗਾ ਮਨਜ਼ੂਰ : ਬਲਰਾਜ ਠਾਕੁਰ

01/14/2018 11:41:03 AM

ਜਲੰਧਰ (ਚੋਪੜਾ)— ਮੇਰੇ ਲਈ ਪਾਰਟੀ ਸਭ ਤੋਂ ਉੱਪਰ ਹੈ ਅਤੇ ਨਗਰ ਨਿਗਮ ਦੇ ਮੇਅਰ ਨੂੰ ਲੈ ਕੇ ਹਾਈਕਮਾਨ ਦਾ ਹਰੇਕ ਫੈਸਲਾ ਮਨਜ਼ੂਰ ਹੋਵੇਗਾ। ਉਕਤ ਸ਼ਬਦ ਕੌਂਸਲਰ ਬਲਰਾਜ ਠਾਕੁਰ ਨੇ ਇਕ ਮੁਲਾਕਾਤ ਦੌਰਾਨ ਕਹੇ। ਠਾਕੁਰ ਨੇ ਦੱਸਿਆ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ ਕਿ ਉਹ ਕਿਸ ਨੇਤਾ ਦੇ ਹੱਥ ਨਿਗਮ ਦੀ ਕਮਾਨ ਸੌਂਪਣਗੇ, ਕਿਉਂਕਿ ਕਾਂਗਰਸ ਦੇ ਚਾਰੇ ਵਿਧਾਇਕ ਅਤੇ 65 ਕੌਂਸਲਰਾਂ ਨੇ ਪਹਿਲਾਂ ਹੀ ਇਕ ਪ੍ਰਸਤਾਵ ਪਾਸ ਕਰਕੇ ਮੁੱਖ ਮੰਤਰੀ ਕੋਲ ਭੇਜਿਆ ਹੈ ਅਤੇ ਸਾਰੇ ਇਕ ਮੱਤ ਹਨ ਕਿ ਕੈਪਟਨ ਅਮਰਿੰਦਰ ਖੁਦ ਹੀ ਮੇਅਰ ਦੇ ਨਾਂ ਦਾ ਫੈਸਲਾ ਕਰਨ। 
ਠਾਕੁਰ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਨਿਗਮ 'ਤੇ ਅਕਾਲੀ-ਭਾਜਪਾ ਗਠਜੋੜ ਕਾਬਜ਼ ਸੀ ਅਤੇ ਗਠਜੋੜ ਦੇ ਕਾਰਜਕਾਲ ਵਿਚ ਸ਼ਹਿਰ ਦੀ ਹੋਈ ਦੁਰਦਸ਼ਾ ਕਿਸੇ ਤੋਂ ਲੁਕੀ ਨਹੀਂ ਹੈ। ਠਾਕੁਰ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਦਾ ਚਹੁੰਪੱਖੀ ਵਿਕਾਸ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਜਨਤਾ ਨੇ ਵੀ ਇਸੇ ਵਿਸ਼ਵਾਸ ਵਿਚ ਕਾਂਗਰਸ ਨੂੰ ਇਤਿਹਾਸਕ ਬਹੁਮਤ ਦਿੱਤਾ ਹੈ ਅਤੇ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ, ਜਿਸ ਦੇ ਹੱਥਾਂ ਵਿਚ ਉਨ੍ਹਾਂ ਦੇ ਹਿੱਤ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਸੜਕਾਂ, ਸੀਵਰੇਜ਼ ਸਿਸਟਮ, ਸਟਰੀਟ ਲਾਈਟਾਂ, ਕੂੜੇ ਦੀ ਸਮੱਸਿਆ ਅਤੇ ਸਾਫ ਪੀਣ ਵਾਲੇ ਪਾਣੀ ਵਰਗੀਆਂ ਸਹੂਲਤਾਂ  ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸੰਕਟ 'ਚੋਂ ਲੰਘ ਰਹੇ ਨਿਗਮ ਨੂੰ ਇਸ ਸਥਿਤੀ ਤੋਂ ਬਾਹਰ ਕੱਢਿਆ ਜਾਵੇਗਾ। ਨਿਗਮ ਦੇ ਕੰਮਾਂ ਵਿਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ।