ਕਪਾਹ ਨੇ ਲਿਆਂਦੀ ਪੰਜਾਬ ਦੇ ਕਿਸਾਨਾਂ ਦੇ ਚਿਹਰਿਆਂ ''ਤੇ ਰੌਣਕ

12/22/2017 3:06:15 PM

ਬਠਿੰਡਾ — ਕਪਾਹ ਦੀ ਕੀਮਤ 'ਚ ਵਾਧਾ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਮੁੜ ਪਰਤ ਆਈ ਹੈ। ਜਾਣਕਾਰੀ ਮੁਤਾਬਕ ਕਪਾਹ ਦੇ ਮੁੱਲ 'ਚ 5 ਹਜ਼ਾਰ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਜਿਸ ਕਾਰਨ ਪੰਜਾਬ ਦੇ ਕਿਸਾਨ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਉੱਤਰੀ ਭਾਰਤ ਕਪਾਹ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਅਸ਼ੋਕ ਕਪੂਰ ਮੁਤਾਬਕ ਇੰਡੀਅਨ ਕਾਟਨ ਪ੍ਰੋਡਕਸ਼ਨ ਨੇ 4 ਕਰੋੜ ਕਪਾਹ ਦੀਆਂ ਗੰਢਾਂ ਤਿਆਰ ਹੋਣ ਦਾ ਅੰਦਾਜ਼ਾ ਲਗਾਇਆ ਸੀ ਪਰ ਭਾਰਤ 'ਚ 3.5 ਕਰੋੜ ਗੰਢਾਂ ਹੀ ਤਿਆਰ ਕੀਤੀਆਂ ਜਾ ਸਕੀਆਂ। ਉਨ੍ਹਾਂ ਕਿਹਾ ਕਿ ਕਪਾਹ ਦੇ ਭਾਅ 'ਚ ਹੋਰ ਉਛਾਲ ਆ ਸਕਦਾ ਹੈ। 
ਪੰਜਾਬ ਕਪਾਹ ਫੈਕਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਬਾਂਸਲ ਨੇ ਕਿਹਾ ਕਿ ਕਪਾਹ ਦੇ ਮੁੱਲ 'ਚ ਵਾਧੇ ਦਾ ਕਾਰਨ ਮਹਾਰਾਸ਼ਟਰਾ, ਗੁਜਰਾਤ ਤੇ ਆਂਧਰਾ ਪ੍ਰਦੇਸ਼ 'ਚ ਕਪਾਹ ਦੀ ਫਸਲ ਦਾ ਖਰਾਬ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਨੁਕਸਾਨ ਗੁਜਰਾਤ ਦੇ ਕਿਸਾਨਾਂ ਦਾ ਹੋਇਆ ਜਿਥੇ ਮੱਖੀ ਦੀ ਮਾਰ ਤੇ ਹੜ੍ਹ ਦੀ ਵਜ੍ਹਾ ਨਾਲ ਕਿਸਾਨਾਂ ਵਲੋਂ ਬੀਜੀ ਕਪਾਹ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਜਿਸ ਕਾਰਨ ਕਪਾਹ 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਪਾਹ ਦੀ ਫਸਲ ਖਰਾਬ ਹੋਣ ਕਾਰਨ ਹੁਣ ਖਰੀਦਦਾਰਾਂ ਕੋਲ ਵਧੀਆ ਕਿਸਮ ਦੀ ਕਪਾਹ ਖਰੀਦਣ ਦਾ ਬਦਲ ਨਹੀਂ ਰਿਹਾ ਹੈ।