ਨਿਗਮ ਦੀ ਟੀਮ ਨੇ ਕਬਜ਼ਾਧਾਰੀਆਂ ਤੋਂ ਮੁਕਤ ਕਰਵਾਈ ਸਰਾਏ ਰੋਡ

12/13/2017 7:14:42 AM

ਟੀਮ ਨੇ ਬੱਸ ਸਟੈਂਡ ਤੇ ਸਰਾਏ ਰੋਡ 'ਤੇ ਇਕ ਦਰਜਨ ਤੋਂ ਜ਼ਿਆਦਾ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ਿਆਂ ਨੂੰ ਜੇ. ਸੀ. ਬੀ. ਨਾਲ ਖਤਮ ਕੀਤਾ। ਇਸ ਕੰਮ ਵਿਚ ਕਈ ਜਾਇਜ਼ ਤੌਰ 'ਤੇ ਬਣੇ ਥੜ੍ਹੇ ਵੀ ਟੀਮ ਨੇ ਤੋੜਨ ਵਿਚ ਕੋਈ ਕਸਰ ਨਹੀਂ ਛੱਡੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਰਾਏ ਰੋਡ ਕਈ ਸਾਲਾਂ ਤੋਂ ਦੁਕਾਨਦਾਰਾਂ, ਰੇਹੜੀ ਵਾਲਿਆਂ ਨੇ ਆਪਣੇ ਕਬਜ਼ੇ ਵਿਚ ਲੈ ਰੱਖੀ ਸੀ ਪਰ ਨਿਗਮ ਟੀਮ ਦੇ ਸਖ਼ਤ ਰਵੱਈਏ ਨੂੰ ਦੇਖਦੇ ਹੋਏ ਦੁਕਾਨਦਾਰ ਵੀ ਖੁਦ ਕਬਜ਼ੇ ਹਟਾਉਣ ਲੱਗ ਪਏ। ਸਰਾਏ ਰੋਡ ਦਾ ਆਕਾਰ ਲਗਭਗ ਇਕ ਦਹਾਕੇ ਬਾਅਦ ਖੁੱਲ੍ਹ ਗਿਆ ਦਿਸਿਆ।
ਰੇਹੜੀ-ਫੜ੍ਹੀ ਵਾਲਿਆਂ ਤੋਂ ਵੀ ਕਰਵਾ ਰੱਖਿਆ ਸੀ ਕਬਜ਼ਾ
ਜਾਣਕਾਰੀ ਅਨੁਸਾਰ ਸਰਾਏ ਰੋਡ ਦੇ ਕਾਫੀ ਦੁਕਾਨਦਾਰਾਂ ਨੇ ਖੁਦ ਤਾਂ ਕਬਜ਼ੇ ਕੀਤੇ ਹੋਏ ਸਨ, ਨਾਲ ਹੀ 15 ਤੋਂ 20 ਫੁੱਟ ਕਬਜ਼ਾ ਕਰ ਕੇ ਆਪਣੀਆਂ ਦੁਕਾਨਾਂ ਦੇ ਬਾਹਰ ਰੇਹੜੀਆਂ ਦੇ ਇਲਾਵਾ ਫੜ੍ਹੀ ਵਾਲਿਆਂ ਨੂੰ ਕਬਜ਼ਾ ਕਰਵਾ ਕੇ ਰੋਜ਼ਾਨਾ ਸੈਂਕੜੇ ਰੁਪਇਆਂ ਦੇ ਹਿਸਾਬ ਨਾਲ ਵਸੂਲਦੇ ਸਨ।  ਇੰਨਾ ਹੀ ਨਹੀਂ, ਰੇਹੜੀ ਵਾਲਿਆਂ ਨੂੰ ਬਿਜਲੀ ਦੀ ਸਪਲਾਈ ਵੀ ਨਾਜਾਇਜ਼ ਤੌਰ 'ਤੇ ਪ੍ਰਦਾਨ ਕਰਵਾਉਂਦੇ ਸਨ। ਨਗਰ ਨਿਗਮ ਦੀ ਅੱਜ ਦੀ ਕਾਰਵਾਈ ਨੂੰ ਦੇਖ ਕੇ ਹਰੇਕ ਨਾਗਰਿਕ ਦੇ ਮੂੰਹ ਤੋਂ ਇਹੀ ਆਵਾਜ਼ ਸੁਣਾਈ ਦੇ ਰਹੀ ਸੀ ਕਿ ਇਹ ਕਾਰਵਾਈ 1-2 ਦਿਨ ਚੱਲੇਗੀ ਜਾਂ ਫਿਰ ਇਹ ਕਾਰਵਾਈ ਲਗਾਤਾਰ ਚੱਲ ਕੇ ਸ਼ਹਿਰ ਨੂੰ ਕਬਜ਼ਾ ਮੁਕਤ ਕਰਵਾਏਗੀ। ਲੋਕ ਇਹ ਵੀ ਚਰਚਾ ਕਰ ਰਹੇ ਸਨ ਕਿ ਸ਼ਹਿਰ ਦੇ ਨੇਤਾ ਲੋਕ ਵੋਟਾਂ ਦੀ ਖਾਤਰ ਅਧਿਕਾਰੀਆਂ ਨੂੰ ਰੋਕਣ ਵਿਚ ਪੂਰਾ ਜ਼ੋਰ ਲਾ ਦੇਣਗੇ। 


ਲਗਾਤਾਰ ਜਾਰੀ ਰਹੇਗੀ ਮੁਹਿੰਮ : ਨਿਗਮ ਕਮਿਸ਼ਨਰ
ਇਸ ਮੁੱਦੇ 'ਤੇ ਫਗਵਾੜਾ ਨਗਰ ਨਿਗਮ ਦੇ ਕਮਿਸ਼ਨਰ ਬਖਤਾਵਰ ਸਿੰਘ ਨੇ ਕਿਹਾ ਕਿ ਹਾਈਕੋਰਟ ਦੇ ਸਖ਼ਤ ਨਿਰਦੇਸ਼ਾਂ 'ਤੇ ਇਹ ਕਾਰਵਾਈ ਆਰੰਭ ਕਰਵਾਈ ਗਈ ਹੈ, ਜੋ ਲਗਾਤਾਰ ਜਾਰੀ ਰਹੇਗੀ। ਅਸਿਸਟੈਂਟ ਕਮਿਸ਼ਨਰ ਸੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਰੋਜ਼ਾਨਾ ਕਬਜ਼ੇ ਹਟਾਉਣ ਵਿਚ ਲੱਗੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਕਬਜ਼ੇ ਹਟਾ ਲੈਣ, ਨਹੀਂ ਤਾਂ ਉਨ੍ਹਾਂ ਦੀ ਟੀਮ ਸਖ਼ਤ ਐਕਸ਼ਨ ਲਵੇਗੀ। 
ਨਗਰ ਨਿਗਮ ਟੀਮ ਨੂੰ ਉਪਲੱਬਧ ਕਰਵਾਵਾਂਗੇ ਮੁਲਾਜ਼ਮ : ਐੱਸ. ਪੀ.
ਫਗਵਾੜਾ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਨੂੰ ਜਦ ਵੀ ਮੁਲਾਜ਼ਮਾਂ ਤੇ ਸਟਾਫ ਦੀ ਕਬਜ਼ੇ ਹਟਾਉਣ ਲਈ ਜ਼ਰੂਰਤ ਹੋਵੇਗੀ, ਉਹ ਤੁਰੰਤ ਉਨ੍ਹਾਂ ਨੂੰ ਮੁਲਾਜ਼ਮ ਅਤੇ ਅਧਿਕਾਰੀ ਉਪਲੱਬਧ ਕਰਵਾਉਣਗੇ, ਜੋ ਦੁਕਾਨਦਾਰ ਸਰਕਾਰੀ ਟੀਮ ਦੇ ਨਾਲ ਬਦਸਲੂਕੀ ਕਰੇਗਾ, ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।