ਆਪਣੀ ਹੀ ਹਾਰ ''ਤੇ ਮੋਟਾ ਸੱਟਾ ਲਾ ਕੇ ਲੱਖਾਂ ਕਮਾਉਣ ਵਾਲੇ ਨੇਤਾ ਸਬੰਧੀ ਪੋਸਟ ਵਾਇਰਲ

03/12/2018 12:35:18 PM

ਲੁਧਿਆਣਾ (ਪੰਕਜ)-ਨਿਗਮ ਚੋਣਾਂ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਉਤਰੇ ਨੌਜਵਾਨ ਵੱਲੋਂ ਆਪਣੀ ਹੀ ਹਾਰ 'ਤੇ ਸੱਟਾ ਲਾ ਕੇ ਲੱਖਾਂ ਰੁਪਏ ਸਬੰਧੀ ਫੇਸਬੁਕ 'ਤੇ ਪਾਈ ਪੋਸਟ ਚਰਚਾ ਵਿਚ ਹੈ, ਸਿਆਸੀ ਨੇਤਾਵਾਂ, ਆਮ ਲੋਕਾਂ ਤੋਂ ਲੈ ਕੇ ਖਾਕੀਧਾਰੀਆਂ 'ਚ ਇਹ ਪੋਸਟ ਗਰਮ-ਗਰਮ ਬਹਿਸ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਿਰ ਉਹ ਕਿਹੜਾ ਨੌਜਵਾਨ ਹੈ, ਕਿਸ ਵਾਰਡ ਤੋਂ ਅਤੇ ਕਿਸ ਪਾਰਟੀ ਦੀ ਟਿਕਟ 'ਤੇ ਚੋਣ ਮੈਦਾਨ ਵਿਚ ਉਤਰਿਆ ਸੀ।
ਅਜਿਹਾ ਨਹੀਂ ਹੈ ਕਿ ਹਿੰਦੂ ਨੇਤਾ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਤੱਥਹੀਣ ਹੈ। ਚੋਣਾਂ ਦੌਰਾਨ ਵੀ ਇਸ ਨੌਜਵਾਨ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਉਸ ਸਮੇਂ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਸਨ, ਜਦੋਂ ਬਾਕੀ ਪਾਰਟੀਆਂ ਦੇ ਨੇਤਾ ਅਜੇ ਆਪਣੀ ਟਿਕਟ ਨੂੰ ਲੈ ਕੇ ਸੰਘਰਸ਼ਸ਼ੀਲ ਸਨ। ਪਹਿਲੀ ਵਾਰ ਚੋਣ ਦੰਗਲ 'ਚ ਉਤਰੇ ਇਸ ਨੌਜਵਾਨ ਨੇ 30 ਸਾਲਾਂ ਤੋਂ ਸਿਆਸਤ ਕਰ ਰਹੇ ਆਪਣੇ ਵਿਰੋਧੀ ਨੂੰ ਨਾ ਸਿਰਫ ਹੱਥਾਂ-ਪੈਰਾਂ ਦੀ ਪਾ ਦਿੱਤੀ ਸਗੋਂ ਥੋੜ੍ਹੀਆਂ ਵੋਟਾਂ ਦੇ ਫਰਕ ਨਾਲ ਮਾਤ ਖਾ ਗਿਆ। ਉਥੇ ਕੌਮੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਤੀਸਰੇ ਨੰਬਰ 'ਤੇ ਰਹਿ ਕੇ ਸਬਰ ਕਰਨਾ ਪਿਆ। ਆਪਣੇ ਵਾਰਡ 'ਚ ਲੱਖਾਂ ਰੁਪਏ ਹੋਰਡਿੰਗਾਂ 'ਤੇ ਖਰਚ ਕਰਨ ਵਾਲੇ ਇਸ ਨੌਜਵਾਨ ਨੇਤਾ 'ਤੇ ਵੋਟਰਾਂ ਨੂੰ ਲੁਭਾਉਣ ਲਈ ਉਨ੍ਹਾਂ ਦੀ ਮਨਮਰਜ਼ੀ ਦੇ ਤੋਹਫੇ ਵੰਡਣ ਦੀ ਚੋਣਾਂ ਦੌਰਾਨ ਖੂਬ ਚਰਚਾ ਰਹੀ ਸੀ।
ਚੋਣ ਹਾਰਨ ਵਾਲੇ ਇਸ ਨੌਜਵਾਨ ਨੇਤਾ ਦੇ ਇਕ ਵਾਰ ਫਿਰ ਸੁਰਖੀਆਂ ਵਿਚ ਆਉਣ ਦੀ ਵਜ੍ਹਾ ਹਿੰਦੂ ਨੇਤਾ ਵੱਲੋਂ ਸੋਸ਼ਲ ਮੀਡੀਆ 'ਤੇ ਕੀਤੀ ਟਿੱਪਣੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੋਣਾਂ 'ਚ ਲੱਖਾਂ ਖਰਚਣ ਵਾਲੇ ਇਸ ਉਮੀਦਵਾਰ ਨੇ ਚੋਣਾਂ ਵਿਚ ਆਪਣੀ ਹਾਰ 'ਤੇ ਮੋਟਾ ਸੱਟਾ ਲਾ ਕੇ ਚੋਣ ਖਰਚੇ ਤੋਂ ਕਈ ਗੁਣਾ ਵੱਧ ਪੈਸਾ ਕਮਾ ਲਿਆ।

ਭਾਅ ਜੀ! ਵਾਰਡ ਨੰਬਰ ਤਾਂ ਦੱਸੋ
ਹਾਲਾਂਕਿ ਜ਼ਿਆਦਾਤਰ ਲੋਕ ਇਸ ਪੇਸ਼ੇਵਰ ਖਿਡਾਰੀ ਨੂੰ ਜਾਣਦੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਸੀ, ਉਹ ਨਾ ਸਿਰਫ ਪੋਸਟ ਤੇ ਵਾਰਡ ਨੰ. ਦੱਸਣ ਦੇ ਕੁਮੈਂਟਸ ਪਾਉਦੇ ਰਹੇ, ਉਥੇ ਖਾਕੀ ਤੇ ਖਾਦੀ ਵੀ ਇਸ ਦੀ ਪਛਾਣ ਨੂੰ ਲੈ ਕੇ ਸਰਗਰਮ ਰਹੀ।