ਜਿੱਥੇ ਲੋੜ ਪੈਂਦੀ ਉਥੇ ਵੈਂਟੀਲੇਟਰ ਲੈ ਕੇ ਪਹੁੰਚ ਜਾਂਦੇ ਨੇ ਐੱਸ. ਪੀ. ਸਿੰਘ ਓਬਰਾਏ (ਵੀਡੀਓ)

05/20/2020 2:41:29 PM

ਰੂਪਨਗਰ (ਸੱਜਣ ਸੈਣੀ)—ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦੇ ਪੰਜਾਬ 'ਚ ਇਲਾਜ ਲਈ ਆਈ ਵੈਂਟੀਲੇਟਰਾਂ ਦੀ ਘਾਟ ਨੂੰ ਦੇਖਦੇ ਹੋਏ ਵਿਸ਼ਵ ਭਰ 'ਚ ਸਮਾਜ ਸੇਵਾ ਦੇ ਕੰਮ ਕਰਦੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ 20 ਵੈਂਟੀਲੇਟਰ ਦਾਨ ਕੀਤੇ ਗਏ ਹਨ। ਇਨ੍ਹਾਂ 'ਚੋਂ ਦੋ ਵੈਂਟੀਲੇਟਰ ਸਿਵਲ ਹਸਪਤਾਲ ਰੂਪਨਗਰ ਨੂੰ ਦਾਨ ਕੀਤੇ ਗਏ ਹਨ। ਇਹ ਵੈਂਟੀਲੇਟਰ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਐੱਸ. ਪੀ. ਸਿੰਘ ਓਬਰਾਏ ਵੱਲੋਂ ਖੁਦ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸਿਵਲ ਹਸਪਤਾਲ ਵਿਖੇ ਭੇਟ ਕੀਤੇ ਗਏ ।

ਇਸ ਮੌਕੇ ਸਰਬਤ ਦਾ ਭਲਾ ਟਰੱਸਟ ਦੇ ਸੰਸਥਾਪਕ ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਗਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਵਿਸ਼ਵ ਭਰ 'ਚ ਬਿਨਾਂ ਕਿਸੇ ਭੇਦ ਭਾਵ ਤੋਂ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਹਾਮਾਰੀ ਦੌਰਾਨ ਜਿੱਥੇ ਸਰਬਤ ਦਾ ਭਲਾ ਟਰੱਸਟ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ, ਉਥੇ ਹੀ ਲੋਕਾਂ ਦੀ ਸਿਹਤ ਸੰਭਾਲ ਲਈ ਵੈਂਟੀਲੇਟਰ ਅਤੇ ਹੋਰ ਮੈਡੀਕਲ ਦਾ ਸਾਜ਼ੋ ਸਾਮਾਨ ਦਿੱਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਉਨ੍ਹਾਂ ਪੰਜਾਬੀਆਂ ਨੂੰ ਨੇਕ ਸਲਹਾ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ 'ਚੋਂ ਲੇਬਰ ਚਲੀ ਗਈ ਹੈ ਤਾਂ ਪੰਜਾਬੀਆਂ ਨੂੰ ਆਪ ਕੰਮ ਕਰਨਾ ਚਾਹੀਦਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਰੂਪਨਗਰ ਨੇ ਦੱਸਿਆ ਕਿ ਸਰਬਤ ਦਾ ਭਲਾ ਟਰੱਸਟ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਲੋਕ ਕਰਫਿਊ ਖੁੱਲ੍ਹਣ ਦੇ ਨਾਲ ਇਹ ਨਾ ਸਮਝਣ ਕਿ ਕੋਰੋਨਾ ਵਾਇਰਸ ਖਤਰਾ ਖਤਮ ਹੋ ਚੁੱਕਾ ਹੈ ਸਗੋਂ ਇਹ ਹਾਲੇ ਵੀ ਬਰਕਰਾਰ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਲੋਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਪਹਿਨਣ ਅਤੇ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਮਾਸਕ ਨਾ ਪਹਿਨਣ, ਸਮਾਜਿਕ ਦੂਰੀ ਨਾ ਰੱਖਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਉੱਤੇ ਜੁਰਮਾਨੇ ਵੀ ਤੈਅ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਪੰਜਾਬ 'ਚ ਮਹਾਮਾਰੀ ਦੌਰਾਨ ਕਰਫਿਊ ਕਰਕੇ ਲੋਕ ਰਾਸ਼ਨ ਅਤੇ ਹੋਰ ਸਾਮਾਨ ਲਈ ਆਵਾਜਾਰ ਹੋ ਚੁੱਕੇ ਸਨ, ਅਜਿਹੇ 'ਚ ਜੇਕਰ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਨਾ ਆਉਂਦੀਆਂ ਤਾਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਸਕਦੇ ਸਨ।

shivani attri

This news is Content Editor shivani attri