ਸ਼ਰਮਨਾਕ: ਮੁਕੇਰੀਆਂ 'ਚ ਕੋਰੋਨਾ ਪੀੜਤ ਮਾਂ ਦਾ ਸਸਕਾਰ ਕਰਨ ਪੁੱਜੇ ਨੂੰਹ-ਪੁੱਤ ਨਾਲ ਕੁੱਟਮਾਰ, ਲਾਸ਼ ਵੀ ਕੱਢੀ ਬਾਹਰ

05/16/2021 6:44:50 PM

ਮੁਕੇਰੀਆਂ (ਨਾਗਲਾ)- ਮੁਕੇਰੀਆਂ ’ਚ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ, ਜਦੋਂ ਕੋਰੋਨਾ ਨਾਲ ਮੌਤ ਦਾ ਸ਼ਿਕਾਰ ਹੋਈ ਆਪਣੀ ਮਾਂ ਦਾ ਅੰਤਿਮ ਸੰਸਕਾਰ ਕਰਨ ਪੁੱਜੇ ਪੁੱਤਰ ਅਤੇ ਨੂੰਹਾਂ ਨਾਲ ਸ਼ਮਸ਼ਾਨਘਾਟ ’ਚ ਹੀ ਕੁਝ ਮੁਹੱਲਾ ਨਿਵਾਸੀ ਨੌਜਵਾਨਾਂ ਨੇ ਕੁੱਟਮਾਰ ਕੀਤੀ। ਪੀੜਤ ਰਾਜੀਵ ਕੁਮਾਰ ਨਿਵਾਸੀ ਬਾਦਲ ਮਾਰਕੀਟ ਮੁਕੇਰੀਆਂ, ਜੋ ਕਿ ਪੰਜਾਬ ਵਿਧਾਨ ਸਭਾ ’ਚ ਡਿਪਟੀ ਵਾਚ ਐਂਡ ਵਾਰਡ ਅਫਸਰ ਹੈ, ਨੇ ਦੱਸਿਆ ਕਿ ਉਸ ਦੀ ਮਾਤਾ ਸਰਿਸ਼ਟਾ ਦੇਵੀ ਪਤਨੀ ਰਮੇਸ਼ ਚੰਦ ਦੀ ਸ਼ਨੀਵਾਰ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਬੀਮਾਰੀ ਕਾਰਨ ਮੌਤ ਹੋ ਗਈ। ਜਦੋਂ ਉਹ ਐਂਬੂਲੈਂਸ ਲੈ ਕੇ ਲਾਸ਼ ਦਾ ਸਸਕਾਰ ਕਰਨ ਲਈ ਮੁਹੱਲਾ ਖੁਰਸ਼ੀਦਪੁਰ ਵਿਖੇ ਸਥਿਤ ਡੇਰਾ ਬਾਬਾ ਸਤਨਾਮ ਸ਼ਿਵਪੁਰੀ ਮੁਕੇਰੀਆਂ ਪਹੁੰਚੇ ਤਾਂ ਸ਼ਮਸ਼ਾਨਘਾਟ ’ਚ ਪਹਿਲਾਂ ਤੋਂ ਮੌਜੂਦ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ। 

ਇਹ ਵੀ ਪੜ੍ਹੋ:  ਜਲੰਧਰ: ਪਿਮਸ ਹਸਪਤਾਲ ਦੀ ਵੱਡੀ ਲਾਪਰਵਾਹੀ, ਮਹਿਲਾ ਮਰੀਜ਼ ਨੂੰ ਲਾਇਆ ਖ਼ਾਲੀ ਆਕਸੀਜਨ ਸਿਲੰਡਰ, ਹੋਈ ਮੌਤ

ਉਨ੍ਹਾਂ ਦੱਸਿਆ ਕਿ ਵਿਰੋਧ ਕਰਨ ’ਤੇ ਇਨ੍ਹਾਂ ਅਣਪਛਾਤੇ ਨੌਜਵਾਨਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵੇਖਦੇ ਹੀ ਵੇਖਦੇ 20-25 ਨੌਜਵਾਨਾਂ ਨੇ ਐਂਬੂਲੈਂਸ ਗੱਡੀ, ਜਿਸ ਵਿਚ ਮੇਰੀ ਮਾਂ ਦੀ ਲਾਸ਼ ਪਈ ਹੋਈ ਸੀ, ਨੂੰ ਸ਼ਮਸ਼ਾਨਘਾਟ ਦੇ ਗੇਟ ਤੋਂ ਬਾਹਰ ਕੱਢ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਹੀ ਤੁਰੰਤ ਥਾਣਾ ਮੁਖੀ ਬਲਵਿੰਦਰ ਸਿੰਘ ਘਟਨਾ ਵਾਲੀ ਜਗ੍ਹਾ ’ਤੇ ਭਾਰੀ ਪੁਲਸ ਫੋਰਸ ਲੈ ਕੇ ਪੁੱਜੇ। ਉਨ੍ਹਾਂ ਤੁਰੰਤ ਸ਼ਮਸ਼ਾਨਘਾਟ ਦੇ ਆਸਪਾਸ ਦੇ ਇਲਾਕੇ ਦੀ ਨਾਕਾਬੰਦੀ ਕਰਕੇ ਲਾਸ਼ ਨੂੰ ਸ਼ਮਸ਼ਾਨਘਾਟ ਮੰਗਵਾਇਆ।

ਇਹ ਵੀ ਪੜ੍ਹੋ:  ਧੀ ਦੀ ਲਾਸ਼ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਲਿਜਾਣ ਦੇ ਮਾਮਲੇ 'ਚ ਹਰਕਤ 'ਚ ਆਇਆ ਜਲੰਧਰ ਪ੍ਰਸ਼ਾਸਨ, ਆਖੀ ਵੱਡੀ ਗੱਲ

ਫਿਰ ਜਾ ਕੇ ਰਾਜੀਵ ਕੁਮਾਰ ਨੇ ਪੀ. ਪੀ. ਈ. ਕਿੱਟ ਪਾ ਕੇ ਸਿਹਤ ਕਰਮਚਾਰੀਆਂ ਦੀ ਦੇਖ-ਰੇਖ ਅਤੇ ਥਾਣਾ ਮੁਖੀ ਬਲਵਿੰਦਰ ਸਿੰਘ ਦੀ ਮੌਜੂਦਗੀ ’ਚ ਆਪਣੀ ਮਾਤਾ ਦੀ ਲਾਸ਼ ਨੂੰ ਅਗਨੀ ਭੇਟ ਕੀਤਾ। ਇਸ ਮੌਕੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਮੁਹੱਲੇ ਦੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਅਸਲ ਦੋਸ਼ੀਆਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਕੁੜੀ ਨਾਲ ਗੈਂਗਰੇਪ ਦੇ ਮਾਮਲੇ 'ਚ ਖੁੱਲ੍ਹੀਆਂ ਕਈ ਪਰਤਾਂ, ਪੁਲਸ ਮੁਲਾਜ਼ਮ ਦਾ ਨਾਂ ਵੀ ਜੁੜਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri