ਕੋਰੋਨਾ ਦਾ ਖੌਫ, ਜਦੋਂ ਵਿਅਕਤੀ ਦੀ ਮੌਤ ਹੋਣ ''ਤੇ ਪਰਿਵਾਰ ਨੇ ਮ੍ਰਿਤਕ ਦਾ ਟੈਸਟ ਕਰਨ ਲਈ ਕਿਹਾ

04/07/2020 6:18:53 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਨਜ਼ਦੀਕੀ ਪਿੰਡ ਡਾਢੀ (ਨੌ ਲੱਖਾ) ਵਿਖੇ ਇਕ ਵਿਅਕਤੀ ਦੀ ਦਿਲ ਦੀ ਗਤੀ ਰੁਕ ਜਾਣ ਕਾਰਨ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਸੀਆਂ ਨੇ ਉਸ ਦਾ ਕੋਵਿਡ-19 (ਕੋਰੋਨਾ) ਟੈਸਟ ਕਰਨ ਲਈ ਕਿਹਾ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਜਾਂਚ ਕਰਨ ਲਈ ਪੁੱਜੀ। ਜਾਂਚ ਕਰਨ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਇਸ ਨੂੰ ਹਾਰਟ ਅਟੈਕ ਕਾਰਨ ਹੋਈ ਮੌਤ ਦੱਸਿਆ ਅਤੇ ਮ੍ਰਿਤਕ ਦਾ ਸਸਕਾਰ ਬਿਨਾਂ ਡਰ ਤੋਂ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਸਵਰਨ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਾਬਕਾ ਫੌਜੀ ਬਾਲਕ ਸਿੰਘ (60) ਪੁੱਤਰ ਪ੍ਰਕਾਸ਼ ਸਿੰਘ ਸ਼ੂਗਰ ਅਤੇ ਦਿਲ ਦਾ ਮਰੀਜ਼ ਸੀ, ਉਸ ਦੇ ਸਟੰਟ ਵੀ ਪੈ ਚੁੱਕੇ ਸਨ। ਬੀਤੀ ਰਾਤ ਉਸ ਦੀ ਤਬੀਅਤ ਖਰਾਬ ਹੋ ਗਈ ਤਾਂ ਅਸੀਂ ਉਸ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲੈ ਗਏ ਤਾਂ ਉਥੇ ਡਾਕਟਰਾਂ ਨੇ ਉਸ ਦਾ ਚੈੱਕਅਪ ਕਰਨ ਤੋਂ ਬਾਅਦ ਦੱਸਿਆ ਕਿ ਇਸ ਦੀ ਸ਼ੂਗਰ ਕਾਫੀ ਵੱਧ ਗਿਆ ਹੈ, ਬੀ. ਪੀ. ਘੱਟ ਗਿਆ ਹੈ। ਤੁਸੀਂ ਇਸ ਨੂੰ ਚੰਡੀਗੜ੍ਹ 32 ਸੈਕਟਰ ਦੇ ਹਸਪਤਾਲ ਲੈ ਜਾਓ, ਜਦੋਂ ਅਸੀਂ ਉਸ ਨੂੰ ਲੈ ਕੇ ਜਾ ਰਹੇ ਸੀ ਤਾਂ ਰਸਤੇ 'ਚ ਉਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ, ਜਿਸ ਕਾਰਨ ਪਰਿਵਾਰਕ ਮੈਂਬਰ ਉਸ ਨੂੰ ਆਈ. ਬੀ. ਆਈ. ਹਸਪਤਾਲ ਲੈ ਗਏ। ਉਥੋਂ ਦੇ ਡਾਕਟਰਾਂ ਨੇ ਉਸ ਨੂੰ ਚੈੱਕ ਕਰਨ 'ਤੇ ਦੱਸਿਆ ਕਿ ਇਸ ਦੀ ਮੌਤ 15 ਮਿੰਟ ਪਹਿਲਾਂ ਦਿਲ ਦੀ ਗਤੀ ਰੁਕ ਜਾਣ ਕਾਰਨ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ 'ਚ ਸਸਕਾਰ ਦਾ ਹੋਇਆ ਵਿਰੋਧ
ਇਸ ਘਟਨਾ ਬਾਰੇ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਨੂੰ ਸੂਚਿਤ ਕੀਤਾ ਗਿਆ। ਅਚਾਨਕ ਹੋਈ ਇਸ ਮੌਤ ਬਾਰੇ ਆਪਣਾ ਅਤੇ ਪਿੰਡ ਵਾਸੀਆਂ ਦਾ ਸ਼ੱਕ ਦੂਰ ਕਰਨ ਲਈ ਮ੍ਰਿਤਕ ਬਾਲਕ ਸਿੰਘ ਦਾ ਟੈਸਟ ਕਰਨ ਲਈ ਕਿਹਾ। ਜਿਸ ਤੋਂ ਬਾਅਦ ਥਾਣਾ ਮੁਖੀ ਸੰਨੀ ਖੰਨਾ ਨੇ ਸਾਨੂੰ ਦੱਸਿਆ ਕਿ ਪਿੰਡ ਵਿਚ ਸਿਹਤ ਵਿਭਾਗ ਦੀ ਟੀਮ ਪਹੁੰਚ ਰਹੀ ਹੈ। ਮੌਕੇ 'ਤੇ ਸੀ. ਐੱਚ. ਸੀ ਭਰਤਗੜ੍ਹ ਤੋਂ ਐੱਸ. ਐੱਮ. ਓ ਡਾ. ਰਵਿੰਦਰ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਪੁੱਜੀ। ਸਿਹਤ ਵਿਭਾਗ ਦੀ ਟੀਮ ਨੇ ਜਾਂਚ ਪੜਤਾਲ ਤੋਂ ਬਾਅਦ ਦੱਸਿਆ ਕਿ ਇਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।ਇਸ ਲਈ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹ ਮ੍ਰਿਤਕ ਦਾ ਸਸਕਾਰ ਬਿਨਾਂ ਡਰ ਤੋਂ ਕਰ ਸਕਦੇ ਹਨ।

ਇਹ ਵੀ ਪੜ੍ਹੋ: ਕੋਰੋਨਾ ਕਹਿਰ : ਪੰਜਾਬ 'ਚ ਹੁਣ ਤੱਕ 91 ਕੇਸ ਆਏ ਸਾਹਮਣੇ, 7 ਮੌਤਾਂ, ਜਾਣੋ ਤਾਜ਼ਾ ਹਾਲਾਤ

shivani attri

This news is Content Editor shivani attri