ਮਾਲੇਰਕੋਟਲਾ: ਪ੍ਰਸ਼ਾਸਨ ਦੇ ਸਬਰ ਦਾ ਟੁੱਟਿਆ ਬੰਨ੍ਹ, ਭੀੜ ਨੂੰ ਖਦੇੜਨ ਲਈ ਪੁਲਸ ਨੇ ਵਰ੍ਹਾਈਆਂ ਡਾਂਗਾਂ

04/29/2020 9:56:24 AM

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ/ਮਹਿਬੂਬ)— ਪਿਛਲੇ ਇਕ ਮਹੀਨੇ ਤੋਂ ਮਾਲੇਰਕੋਟਲਾ ਦੀ ਸਥਾਨਕ ਸਬਜ਼ੀ ਮੰਡੀ ਮਾਲੇਰਕੋਟਲਾ ਪ੍ਰਸ਼ਾਸਨ ਲਈ ਸਿਰਸਰਦੀ ਦਾ ਸਬੱਬ ਬਣ ਚੁੱਕੀ ਸੀ। ਸਬਜ਼ੀ ਮੰਡੀ 'ਚ ਹਰ ਰੋਜ਼ ਇਕੱਠੀ ਹੋ ਰਹੀ ਸੈਂਕੜੇ ਲੋਕਾਂ ਦੀ ਭੀੜ ਅਤੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਦੇ ਮਾਮਲੇ 'ਚ ਆਖਿਰਕਾਰ ਪ੍ਰਸ਼ਾਸਨ ਦੇ ਸਬਰ ਦਾ ਬੰਨ੍ਹ ਲੰਘੀ ਦੇਰ ਰਾਤ 10 ਵਜੇ ਦੇ ਕਰੀਬ ਉਸ ਸਮੇਂ ਟੁੱਟ ਹੀ ਗਿਆ ਜਦੋਂ ਸਬਜ਼ੀ ਮੰਡੀ 'ਚ ਨਿਯਮਾਂ ਦੀ ਉਲੰਘਣਾ ਕਰਦੇ ਲੋਕਾਂ ਨੂੰ ਸਮਝਾ ਰਹੀ ਪੁਲਸ ਨਾਲ ਹੀ ਮੰਡੀ ਦੇ ਲੋਕ ਉਲਝ ਪਏ।

ਮੌਕੇ 'ਤੇ ਹਾਜ਼ਰ ਪੁਲਸ ਅਧਿਕਾਰੀਆਂ ਨੇ ਮੰਡੀ ਦੇ ਆੜ੍ਹਤੀਆਂ, ਫੜੀਆਂ, ਰੇਹੜੀਆਂ ਵਾਲਿਆਂ ਸਮੇਤ ਸੂਬੇ ਦੇ ਕਈ ਹੋਰ ਜ਼ਿਲਿਆਂ ਅਤੇ ਸ਼ਹਿਰਾਂ ਤੋਂ ਸਬਜ਼ੀ-ਫਰੂਟ ਖਰੀਦਣ ਵੇਚਣ ਲਈ ਆਏ ਲੋਕਾਂ ਦੀ ਵੱਡੀ ਭੀੜ ਨੂੰ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦਿਆਂ 15 ਮਿੰਟਾਂ 'ਚ ਮੰਡੀ ਖਾਲੀ ਕਰ ਦੇਣ ਦੀ ਚਿਤਾਵਨੀ ਦਿੱਤੀ, ਜਿਸ ਦਾ ਲੋਕਾਂ 'ਤੇ ਬਹੁਤਾ ਕੋਈ ਅਸਰ ਨਾ ਹੋਇਆ ਪਰ ਇਸ ਦੌਰਾਨ ਜਦੋਂ ਪੁਲਸ ਮੁਲਾਜ਼ਮਾਂ ਅਤੇ ਮੰਡੀ ਦੇ ਲੋਕਾਂ ਵਿਚਕਾਰ ਸ਼ੁਰੂ ਹੋਈ ਨੋਕ-ਝੋਕ ਦੌਰਾਨ ਹਾਲਾਤ ਵਿਗੜਦੇ ਦਿਖੇ ਤਾਂ ਪੁਲਸ ਨੇ ਸਬਜ਼ੀ ਮੰਡੀ ਅੰਦਰਲੀਆਂ ਸਰਕਾਰੀ ਲਾਈਟਾਂ ਕਥਿਤ ਤੌਰ 'ਤੇ ਬੰਦ ਕਰਕੇ ਪੁਲਸੀਆ ਡੰਡੇ ਦਾ ਇਸਤੇਮਾਲ ਕਰਦੇ ਹੋਏ ਭੀੜ 'ਤੇ ਡਾਂਗ ਫੇਰਨੀ ਸ਼ੁਰੂ ਕਰ ਦਿੱਤੀ।

ਪੁਲਸ ਦਾ ਸਖਤ ਰਵੱਈਆ ਦੇਖ ਮੰਡੀ 'ਚ ਮੱਚੀ ਭਗਦੜ ਦੌਰਾਨ ਲੋਕ ਸਬਜ਼ੀਆਂ ਮੰਡੀ 'ਚ ਹੀ ਛੱਡ ਕੇ ਜਿਸ ਪਾਸੇ ਰਸਤਾ ਦਿੱਖਿਆ ਆਪੋ-ਆਪਣੇ ਵ੍ਹੀਕਲ ਅਤੇ ਰੇਹੜੀਆਂ ਲੈ ਕੇ ਭੱਜ ਨਿਕਲੇ। ਦੇਰ ਰਾਤ ਤੱਕ ਸਬਜ਼ੀ-ਫਰੂਟ ਦੀਆਂ ਰੇਹੜੀਆਂ ਅਤੇ ਟੈਂਪੂ ਸ਼ਹਿਰ ਦੀਆਂ ਸੜਕਾਂ 'ਤੇ ਆਪੋ-ਆਪਣੀਆਂ ਮੰਜਲਾਂ ਵੱਲ ਦੌੜਦੇ ਰਹੇ ਅਤੇ ਲੋਕਾਂ 'ਚ ਪਈ ਅਫੜਾ-ਤਫੜੀ ਉਪਰੰਤ ਮੰਡੀ ਦੇ ਫਰਸ਼ਾਂ 'ਤੇ ਸਬਜ਼ੀ ਰੁਲਦੀ ਦਿਖਾਈ ਦਿੱਤੀ।

ਇਹ ਵੀ ਪੜ੍ਹੋ:  ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ

ਲੋਕ ਕਰਫਿਊ ਦੇ ਨਿਯਮਾਂ ਦੀਆਂ ਉਡਾ ਰਹੇ ਧੱਜੀਆਂ
ਜ਼ਿਕਰਯੋਗ ਹੈ ਕਿ ਆਲੇ-ਦੁਆਲੇ ਦੇ ਬਹੁਤੇ ਸ਼ਹਿਰਾਂ ਵਾਲੀਆਂ ਸਬਜ਼ੀ ਮੰਡੀਆਂ ਨੂੰ ਉਥੋਂ ਦੇ ਪ੍ਰਸ਼ਾਸਨ ਨੇ ਲੋਕਾਂ ਦੀਆਂ ਜੁੜਦੀਆਂ ਵੱਡੀਆਂ ਭੀੜਾਂ ਨੂੰ ਦੇਖਦੇ ਹੋਏ ਬੰਦ ਕਰਨ ਦੇ ਹੁਕਮ ਜਾਰੀ ਕਰ ਰੱਖੇ ਹਨ। ਜਿਸ ਕਾਰਣ ਧੂਰੀ, ਸੰਗਰੂਰ, ਬਰਨਾਲਾ, ਨਾਭਾ, ਪਟਿਆਲਾ, ਅਹਿਮਦਗੜ੍ਹ, ਮਲੌਦ, ਖੰਨਾ, ਲੁਧਿਆਣਾ, ਸੰਦੌੜ, ਰਾਏਕੋਟ ਸਮੇਤ ਕਈ ਹੋਰ ਜ਼ਿਲਿਆਂ ਅਤੇ ਸ਼ਹਿਰਾਂ ਇਥੋਂ ਤੱਕ ਕਿ ਬਠਿੰਡਾ ਤੋਂ ਵੀ ਵੱਡੀ ਗਿਣਤੀ ਲੋਕ ਸਬਜ਼ੀਆਂ ਫਰੂਟ ਵਗੈਰਾ ਖਰੀਦਣ ਲਈ ਆਪੋ-ਆਪਣੇ ਟਰੈਕਟਰ-ਟਰਾਲੀਆਂ, ਟੈਂਪੂ, ਕਾਰਾਂ, ਜੀਪਾਂ ਅਤੇ ਥ੍ਰੀ ਵ੍ਹੀਲਰ ਲੈ ਕੇ ਸ਼ਾਮ ਨੂੰ 5 ਵਜੇ ਹੀ ਮਾਲੇਰਕੋਟਲਾ ਸਬਜ਼ੀ ਮੰਡੀ ਪੁੱਜਣੇ ਸ਼ੁਰੂ ਹੋ ਜਾਂਦੇ ਹਨ, ਜਦਕਿ ਕਿਸਾਨ ਵੀ ਸ਼ਾਮ ਨੂੰ 4-5 ਵਜੇ ਦੇ ਕਰੀਬ ਆਪਣੇ ਖੇਤਾਂ 'ਚੋਂ ਸਬਜ਼ੀਆਂ ਤੋੜਣ ਉਪਰੰਤ ਟਰਾਲੀਆਂ ਰੇਹੜੀਆਂ ਅਤੇ ਵਾਹਨਾਂ 'ਚ ਭਰ ਕੇ ਮੰਡੀ ਲਿਆਉਣਾ ਸ਼ੁਰੂ ਕਰ ਦਿੰਦੇ ਹਨ। ਰਾਤ ਨੂੰ 7-8 ਵਜੇ ਤੋਂ ਬਾਅਦ ਮੰਡੀ 'ਚ ਇੰਨੀ ਕੁ ਭੀੜ ਹੋ ਜਾਂਦੀ ਹੈ ਕਿ ਕਈ ਵਾਰ ਤਾਂ ਤਿਲ ਸੁੱਟਣ ਨੂੰ ਵੀ ਜਗ੍ਹਾ ਦਿਖਾਈ ਨਹੀਂ ਦਿੰਦੀ, ਸੋਸ਼ਲ ਡਿਸਟੈਂਸ ਨਾਂ ਦੀ ਚੀਜ਼ ਤਾਂ ਬਹੁਤ ਦੂਰ ਦੀ ਗੱਲ ਜਾਪਦੀ ਹੁੰਦੀ ਹੈ। ਸ਼ਾਮ 5 ਵਜੇ ਦੇ ਕਰੀਬ ਸ਼ੁਰੂ ਹੋਇਆ ਸਬਜ਼ੀਆਂ ਤੇ ਫਰੂਟ ਦੀ ਖ੍ਰੀਦੋ-ਫਰੋਖਤ ਦਾ ਕੰਮ ਸਾਰੀ ਰਾਤ ਚਲਦਾ ਹੋਇਆ ਅਗਲੀ ਸਵੇਰ 6-7 ਵਜੇ ਜਾ ਕੇ ਬੰਦ ਹੁੰਦਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਸਬਜ਼ੀਆਂ ਫਰੂਟ ਸਮੇਤ ਰਾਸ਼ਨ ਵਰਗੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਲਈ ਕੁਝ ਢਿੱਲ ਦਿੱਤੀ ਹੋਈ ਹੈ ਪਰ ਇਸ ਢਿੱਲ ਦਾ ਫਾਇਦਾ ਉਠਾਉਂਦੇ ਹੋਏ ਕੁਝ ਲੋਕ ਕਰਫਿਊ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।

ਇਹ ਵੀ ਪੜ੍ਹੋ:  ਕੈਪਟਨ ਨੂੰ ਸਾਬਕਾ ਸਿੱਖਿਆ ਮੰਤਰੀ ਜ. ਸੇਵਾ ਸਿੰਘ ਸੇਖਵਾਂ ਨੇ ਲਿਖੀ ਖੁੱਲ੍ਹੀ ਚਿੱਠੀ

ਅਣਪਛਾਤੇ ਵਿਅਕਤੀਆਂ ਖਿਲਾਫ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ
ਲੰਘੀ ਰਾਤ ਮੌਕੇ ਸਬਜ਼ੀ ਮੰਡੀ ਦੀ ਭੀੜ ਵਾਲੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਕੁਝ ਵੀਡੀਓ ਕਲਿੱਪ 'ਚ ਸੈਂਕੜਿਆਂ ਦੀ ਗਿਣਤੀ ਵਾਲੇ ਇਕੱਠ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੋਕ ਸੋਸ਼ਲ ਡਿਸਟੈਂਸ ਦੇ ਨਿਯਮਾਂ ਨੂੰ ਤੋੜ ਰਹੇ ਹਨ। ਇਸੇ ਕਾਰਨ ਪ੍ਰਸ਼ਾਸਨ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਸਬਜ਼ੀ ਮੰਡੀ 'ਚ ਇਕੱਠੀ ਹੋਣ ਵਾਲੀ ਸੈਂਕੜਿਆਂ ਦੀ ਗਿਣਤੀ ਵਾਲੀ ਭੀੜ ਕਿਤੇ ਸਬਜ਼ੀ ਮੰਡੀ ਨੂੰ ਕੋਰੋਨਾ ਦਾ ਕੇਂਦਰ ਬਿੰਦੂ ਹੀ ਨਾ ਬਣਾ ਦੇਵੇ। ਰਾਤ ਦੀ ਘਟਨਾ ਕਾਰਣ ਜਿਥੇ ਅੱਜ ਸਬਜ਼ੀ ਮੰਡੀ ਬੰਦ ਰਹੀ ਉਥੇ ਸ਼ਹਿਰ 'ਚ ਸਬਜ਼ੀ ਅਤੇ ਫਰੂਟ ਦੀਆਂ ਰੇਹੜੀਆਂ ਵਾਲੇ ਵੀ ਘੱਟ ਹੀ ਦਿਖਾਈ ਦਿੱਤੇ। ਉੱਧਰ, ਮਾਲੇਰਕੋਟਲਾ ਪੁਲਸ ਨੇ ਆਪਣੇ ਏ. ਐੱਸ. ਆਈ. ਜਗਰੂਪ ਸਿੰਘ ਦੇ ਬਿਆਨਾਂ 'ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਲਾਕਡਾਊਨ-ਕਰਫਿਊ ਦੇ ਨਿਯਮਾਂ ਦੀ ਉਲਘਣਾ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੁਣ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੇ ਸਮੇਂ ਮੁਤਾਬਕ ਹੀ ਖੁੱਲ੍ਹੇਗੀ ਸਬਜ਼ੀ ਮੰਡੀ : ਚੇਅਰਮੈਨ ਲਾਲਾ, ਪ੍ਰਧਾਨ ਸ਼ਕੀਲ
ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਮੁਹੰਮਦ ਇਕਬਾਲ ਲਾਲਾ ਅਤੇ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਸ਼ਕੀਲ ਨੇ ਕਿਹਾ ਕਿ ਰਿਟੇਲ ਸਬਜ਼ੀ ਵਾਲਿਆਂ ਵੱਲੋਂ ਮੰਡੀ 'ਚ ਹੀ ਅੱਡੇ ਲਾ ਕੇ ਸਬਜ਼ੀ ਵੇਚਣ ਅਤੇ ਆਲੇ-ਦੁਆਲੇ ਦੇ ਪਿੰਡਾਂ ਕਸਬਿਆਂ ਦੇ ਸਬਜ਼ੀ ਵਿਕੇਰਤਾਵਾਂ ਵਾਲਿਆਂ ਵੱਲੋਂ ਵੱਡੀਆਂ ਟੋਲੀਆਂ ਬਣਾ ਕੇ ਆਪਣੇ ਵਾਹਨਾਂ ਰਾਹੀਂ ਮੰਡੀ 'ਚ ਸਬਜ਼ੀ ਖਰੀਦਣ ਲਈ ਆਉਣ ਕਾਰਣ ਮੰਡੀ 'ਚ ਕਾਫੀ ਭੀੜ ਜਮ੍ਹਾ ਹੋ ਜਾਂਦੀ ਹੈ। ਜਿਨ੍ਹਾਂ ਨੂੰ ਪੁਲਸ ਵੱਲੋਂ ਰੋਜ਼ਾਨਾ ਆ ਕੇ ਸਮਝਾਇਆ ਵੀ ਜਾਂਦਾ ਰਿਹਾ ਹੈ ਪਰ ਉਹ ਫਿਰ ਵੀ ਨਹੀਂ ਹਟੇ। ਜਿਸ ਕਾਰਣ ਲੰਘੀ ਰਾਤ ਮੰਡੀ ਦੇ ਲੋਕਾਂ ਦੀ ਪੁਲਸ ਨਾਲ ਮਾਮੂਲੀ ਨੋਕ-ਝੋਕ ਹੋ ਗਈ ਸੀ ਪਰ ਅਸੀਂ ਅੱਜ ਸਿਵਲ ਤੇ ਪੁਲਸ ਪ੍ਰਸ਼ਾਸਨ ਨਾਲ ਬੈਠ ਕੇ ਸਾਰਾ ਮਾਮਲਾ ਸੁਲਝਾ ਲਿਆ ਹੈ। ਪ੍ਰਸ਼ਾਸਨ ਆਪਸੀ ਸਹਿਮਤੀ ਨਾਲ ਸਾਨੂੰ ਜੋ ਸਮਾਂ ਮੰਡੀ ਖੋਲ੍ਹਣ ਅਤੇ ਬੰਦ ਕਰਨ ਦਾ ਦੇਵੇਗਾ ਉਸ ਮੁਤਾਬਕ ਹੀ ਮੰਡੀ 'ਚ ਸਬਜ਼ੀ ਦੀ ਖਰੀਦ ਵੇਚ ਹੋਵੇਗੀ। ਸਾਰੇ ਆੜ੍ਹਤੀਆਂ ਤੇ ਹੋਰ ਮੰਡੀ ਦੇ ਲੋਕਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੰਡੀ 'ਚ ਸੋਸ਼ਲ ਡਿਸਟੈਂਸ ਦਾ ਪੂਰਾ ਖਿਆਲ ਰੱਖਿਆ ਜਾਵੇ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਲਾ ਡਰਾਈਵਰ ''ਕੋਰੋਨਾ'' ਪਾਜ਼ੀਟਿਵ

ਸਰਕਾਰੀ ਤੌਰ 'ਤੇ ਮੰਡੀ 'ਚ ਸਬਜ਼ੀ ਖਰੀਦਣ ਵੇਚਣ ਦਾ ਸਮਾਂ ਸਵੇਰੇ 5 ਤੋਂ 7 ਵਜੇ ਤੱਕ ਦਾ ਨਿਰਧਾਰਤ ਕੀਤਾ ਹੋਇਆ ਹੈ। ਇਸ ਨਿਰਧਾਰਤ ਸਮੇਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਵੀ ਵਿਸ਼ੇਸ਼ ਹਦਾਇਤਾਂ ਸਬੰਧੀ ਲਿਖਤੀ ਹੁਕਮ ਜਾਰੀ ਨਹੀਂ ਹੋਏ ਹਨ। ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਬਜ਼ੀ ਮੰਡੀ 'ਚ ਖਰੀਦ ਵੇਚ ਲਈ ਆਉਂਦੀਆਂ ਸਬਜ਼ੀਆਂ ਤੇ ਫਰੂਟ ਵਗੈਰਾ ਦੀ ਪੂਰੀ ਨੋਟਿੰਗ ਕਰਦੇ ਹਾਂ, ਜਿਸ ਲਈ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰਾਂ ਸਮੇਤ ਹੋਰ ਦਫਤਰੀ ਅਮਲੇ ਨੂੰ ਤਾਇਨਾਤ ਕੀਤਾ ਹੋਇਆ ਹੈ ਪਰ ਮੰਡੀ 'ਚ ਨਿਰਧਾਰਤ ਸਮੇਂ ਤੋਂ ਬਾਅਦ ਆਉਂਦੇ ਲੋਕਾਂ 'ਤੇ ਕਰਫਿਊ ਦੇ ਨਿਯਮਾਂ ਨੂੰ ਲਾਗੂ ਕਰਾਉਣਾ ਪੁਲਸ ਦੀ ਜ਼ਿੰਮੇਵਾਰੀ ਹੈ। ਜਿਸ ਨੂੰ ਪੁਲਸ ਨੇ ਰਾਤ ਨਿਭਾਇਆ ਵੀ ਹੈ।-ਸੁਰਿੰਦਰ ਕੁਮਾਰ ਵਾਲੀਆ , ਮਾਰਕੀਟ ਕਮੇਟੀ ਦੇ ਸਕੱਤਰ।

ਲੰਘੀ ਰਾਤ ਸਥਾਨਕ ਸਬਜ਼ੀ ਮੰਡੀ 'ਚ ਆੜ੍ਹਤੀਆਂ, ਵਪਾਰੀਆਂ ਅਤੇ ਆਮ ਲੋਕਾਂ ਦਾ ਵੱਡਾ ਇਕੱਠ ਹੋਣ ਸਬੰਧੀ ਜਦੋਂ ਮੈਨੂੰ ਜਾਣਕਾਰੀ ਮਿਲੀ ਤਾਂ ਮੈਂ ਤੁਰੰਤ ਦੋਵੇਂ ਥਾਣਾ ਮੁਖੀਆਂ ਅਤੇ ਹੋਰ ਪੁਲਸ ਫੋਰਸ ਸਮੇਤ ਮੰਡੀ 'ਚ ਪੁੱਜ ਕੇ ਲੋਕਾਂ ਨੂੰ ਆਪੋ-ਆਪਣੇ ਘਰਾਂ 'ਚ ਜਾਣ ਦਾ ਐਲਾਨ ਕੀਤਾ। ਪੁਲਸ ਦੀ ਚਿਤਾਵਨੀ ਨੂੰ ਸਮਝਦਿਆਂ ਭਾਵੇਂ ਤੁਰੰਤ ਲੋਕ ਆਪੋ-ਆਪਣੇ ਸਾਧਨਾਂ ਰਾਹੀਂ ਘਰਾਂ ਨੂੰ ਜਾਣ ਲੱਗੇ ਪਰ ਕੁਝ ਲੋਕ ਉਲਟਾ ਸਾਡੇ ਪੁਲਸ ਮੁਲਾਜ਼ਮਾਂ ਨਾਲ ਉਲਝਣ ਲੱਗ ਪਏ। ਜਿਸ ਕਾਰਣ ਕੁਝ ਸਖਤੀ ਵਰਤਦੇ ਹੋਏ ਸਾਰਿਆਂ ਨੂੰ ਘਰਾਂ 'ਚ ਭੇਜ ਦਿੱਤਾ। ਇਸ ਦੌਰਾਨ ਲਾਕਡਾਊਨ ਕਰਫਿਊ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਕੁਝ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।-ਸੁਮਿਤ ਸੂਦ, ਡੀ. ਐੱਸ. ਪੀ. ਮਾਲੇਰਕੋਟਲਾ ।

shivani attri

This news is Content Editor shivani attri