ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ ਤੋਂ ਪਰਤੇ 11 ਵਿਅਕਤੀਆਂ ਨੂੰ ਕੀਤਾ ਆਈਸੋਲੇਟ

05/27/2020 12:49:19 PM

ਭੁਲੱਥ (ਰਜਿੰਦਰ)— 'ਕੋਰੋਨਾ ਵਾਇਰਸ' ਕਰਕੇ ਦੂਜੇ ਸੂਬਿਆਂ 'ਚ ਰਹਿ ਲੋਕਾਂ ਦਾ ਪੰਜਾਬ 'ਚ ਪਰਤਣ ਦਾ ਦੌਰ ਜਾਰੀ ਹੈ। ਮੰਗਲਵਾਰ ਨੂੰ ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ਤੋਂ ਪਰਤੇ 11 ਲੋਕਾਂ ਨੂੰ ਸਿਹਤ ਪ੍ਰਸ਼ਾਸਨ ਵੱਲੋਂ ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਵਿਸ਼ੇਸ਼ ਆਈਸੋਲੇਸ਼ਨ ਵਾਰਡ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਵਾਪਸ ਆਏ ਇਹ ਸਾਰੇ ਲੋਕ ਹਲਕਾ ਭੁਲੱਥ ਦੇ ਪਿੰਡ ਢਿੱਲਵਾਂ, ਮਾਂਗੇਵਾਲ, ਨਡਾਲਾ, ਮਿਰਜਾਪੁਰ, ਚੱਕੋਕੀ, ਭਟਨੂਰਾ ਕਲਾਂ, ਸਿੱਧਵਾਂ ਤੇ ਦਮੂਲੀਆਂ ਦੇ ਵਸਨੀਕ ਹਨ। ਜੋ ਵੱਖ-ਵੱਖ ਸਮੇਂ 'ਤੇ ਮੰਗਲਵਾਰ ਦੇਰ ਸ਼ਾਮ ਤੱਕ ਭੁਲੱਥ ਹਸਪਤਾਲ 'ਚ ਸਿੱਧੇ ਪੁੱਜੇ ਹਨ। ਇਨਾਂ 'ਚੋਂ ਇਕ ਵਿਅਕਤੀ ਕਰਨਾਟਕ, ਇਕ ਦਿੱਲੀ ਅਤੇ 9 ਮਹਾਰਾਸ਼ਟਰ ਸੂਬੇ ਤੋਂ ਆਏ ਹਨ।

ਦੱਸਣਯੋਗ ਹੈ ਕਿ ਇਹ ਸਾਰੇ ਲੋਕ ਦੂਜੇ ਸੂਬਿਆਂ 'ਚ ਕੰਮ ਕਰਦੇ ਹਨ ਅਤੇ ਹੁਣ 'ਕੋਰੋਨਾ ਵਾਇਰਸ' ਮਹਾਮਾਰੀ ਕਰਕੇ ਆਪਣੇ ਰਿਹਾਇਸ਼ੀ ਇਲਾਕੇ 'ਚ ਪਰਤ ਆਏ ਹਨ। ਇਸ ਸਬੰਧੀ ਜਦੋਂ ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਭਾਰਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ਤੋਂ ਆਏ 11 ਵਿਅਕਤੀਆਂ ਨੂੰ ਭੁਲੱਥ ਹਸਪਤਾਲ 'ਚ ਆਈਸੋਲੇਟ ਕੀਤਾ ਗਿਆ ਹੈ। ਜਿਨਾਂ 'ਚੋਂ ਕੁਝ ਦੇ ਟੈਸਟ ਹੋਏ ਹਨ ਅਤੇ ਜਿਹੜੇ ਦੇਰੀ ਨਾਲ ਆਏ ਹਨ, ਉਨ੍ਹਾਂ ਦੇ ਟੈਸਟ ਨਹੀਂ ਹੋ ਸਕੇ।
ਉਨ੍ਹਾਂ ਹੋਰ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਅੱਜ ਭੁਲੱਥ ਹਸਪਤਾਲ ਵਿਚ 14 ਲੋਕਾਂ ਦੇ ਸਵੈਬ ਟੈਸਟ ਲਈ ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 12 ਸੈਂਪਲ ਪੂਲ ਸੈਂਪਲਿੰਗ ਨਾਲ ਸੰਬੰਧਤ ਹਨ।

2 ਪਰਿਵਾਰਾਂ ਸਮੇਤ 34 ਲੋਕਾਂ ਦੀ ਟੈਸਟ ਰਿਪੋਰਟ ਆਈ ਨੈਗੇਟਿਵ
ਮਹਾਰਾਸ਼ਟਰ ਤੋਂ ਆਏ 2 ਪਰਿਵਾਰਾਂ ਸਮੇਤ 34 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਇਸ ਵਿਚ ਦੋ ਪਰਿਵਾਰਾਂ ਦੇ 8 ਮੈਂਬਰ ਸ਼ਾਮਲ ਹਨ, ਜੋ ਮਹਾਰਾਸ਼ਟਰ ਤੋਂ ਇਥੇ ਆਏ ਹਨ ਤੇ ਹਲਕਾ ਭੁਲੱਥ ਦੇ ਪਿੰਡ ਭਦਾਸ ਅਤੇ ਫਤਿਹਗੜ੍ਹ ਦੇ ਵਸਨੀਕ ਹਨ। ਇਸ ਤੋਂ ਇਲਾਵਾ 26 ਟੈਸਟ ਪੂਲ ਸੈਂਪਲਿੰਗ ਦੇ ਹਨ। ਇਨਾਂ ਟੈਸਟਾਂ ਦੇ ਨੈਗੇਟਿਵ ਆਉਣ ਦੀ ਪੁਸ਼ਟੀ ਐੱਸ. ਐੱਮ. ਓ. ਭੁਲੱਥ ਡਾ. ਦੇਸ ਰਾਜ ਭਾਰਤੀ ਨੇ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਤੋਂ ਆਏ 8 ਲੋਕ ਹਸਪਤਾਲ 'ਚ ਆਈਸੋਲੇਟ ਕੀਤੇ ਹੋਏ ਸਨ, ਜਿਨਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਨਾਂ ਨੂੰ ਘਰਾਂ 'ਚ ਭੇਜ ਦਿੱਤਾ ਗਿਆ ਹੈ। ਜਿੱਥੇ ਇਹ 14 ਦਿਨਾਂ ਲਈ ਹੋਮ ਕੁਆਰੰਟੀਨ ਵਿਚ ਰਹਿਣਗੇ।

ਜੈਦ ਪਿੰਡ ਦੇ ਪਾਜ਼ੇਟਿਵ ਕੇਸ ਤੋਂ ਬਾਅਦ ਸਿਹਤ ਵਿਭਾਗ ਹੋਇਆ ਚੌਕਸ
ਬਾਹਰਲੇ ਸੂਬਿਆਂ ਤੋਂ ਹਲਕਾ ਭੁਲੱਥ 'ਚ ਲਗਾਤਾਰ ਆ ਰਹੇ ਲੋਕਾਂ ਨੂੰ ਘਰਾਂ 'ਚ ਭੇਜਣ ਦਾ ਰਿਸਕ ਸਿਹਤ ਵਿਭਾਗ ਵੱਲੋਂ ਨਹੀਂ ਲਿਆ ਜਾ ਰਿਹਾ ਕਿਉਂਕਿ ਪਿਛਲੇ ਦਿਨੀਂ ਸਕਰੀਨਿੰਗ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਪਿੰਡ ਜੈਦ ਉਨ੍ਹਾਂ ਦੇ ਘਰਾਂ ਵਿਚ ਕੁਆਰੰਟਾਈਨ ਕਰ ਦਿੱਤਾ ਗਿਆ ਸੀ, ਜਿਨਾਂ ਵਿਚੋਂ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਸੀ। ਜਿਸ ਤੋਂ ਸਬਕ ਲੈਂਦੇ ਹੋਏ ਵਧੇਰੇ ਚੌਕਸੀ ਵਰਤਦਿਆਂ ਸਿਹਤ ਵਿਭਾਗ ਹੁਣ ਬਾਹਰਲੇ ਸੂਬੇ ਤੋਂ ਆ ਰਹੇ ਲੋਕਾਂ ਨੂੰ ਸਿੱਧੇ ਭੁਲੱਥ ਹਸਪਤਾਲ 'ਚ ਆਈਸੋਲੇਟ ਕਰ ਰਿਹਾ ਹੈ।


shivani attri

Content Editor

Related News