ਵਿਦੇਸ਼ਾਂ ਤੋਂ ਪਰਤੇ ਭਾਰਤੀਆਂ ਨੂੰ ਰੋਟੀ-ਪਾਣੀ ਦੀ ਜਗ੍ਹਾ ਖਾਣ ਨੂੰ ਮਿਲੇ ਧੱਕੇ (ਤਸਵੀਰਾਂ)

05/27/2020 4:58:21 PM

ਜਲੰਧਰ (ਸੋਨੂੰ)— ਭਾਰਤ ਸਰਕਾਰ ਵੱਲੋਂ ਵਿਦੇਸ਼ਾਂ 'ਚ ਫਸੇ ਭਾਰਤੀ ਅਤੇ ਪ੍ਰਵਾਸੀ ਭਾਰਤੀਆਂ ਨੂੰ ਵਾਪਸ ਬੁਲਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਇਸ ਦੇ ਲਈ ਸਰਕਾਰ ਵੱਲੋਂ ਦਾਅਵੇ ਕੀਤਾ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕੱਲ੍ਹ ਜਦੋਂ ਵਿਦੇਸ਼ ਤੋਂ 70 ਪ੍ਰਵਾਸੀ ਭਾਰਤ ਪਹੁੰਚੇ ਤਾਂ ਲਗਭਗ ਤਿੰਨ ਘੰਟੇ ਰੋਡਵੇਜ਼ ਦੀਆਂ ਬੱਸਾਂ 'ਚ ਇੱਧਰ-ਉੱਧਰ ਘੁੰਮਦੇ ਰਹੇ। ਇਸ ਦੌਰਾਨ ਨਾ ਇਨ੍ਹਾਂ ਦੇ ਖਾਣ ਦਾ ਇੰਤਜ਼ਾਮ ਸੀ ਅਤੇ ਨਾ ਹੀ ਪੀਣ ਦਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਗਿਆ।

ਇਸ ਮੌਕੇ ਇਕ ਐੱਨ. ਆਰ. ਆਈ. ਨੇ ਜਲੰਧਰ ਦੀ ਇਕ ਪੱਤਰਕਾਰ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਸੇਵਾ ਦੀ ਗੱਲ ਕੀਤੀ, ਜਿਸ ਤੋਂ ਬਾਅਦ 'ਤੇਰਾ-ਤੇਰਾ ਹੱਟੀ' ਦੇ 4 ਮੈਂਬਰ ਲਗਭਗ 1.30 ਵਜੇ ਹੋਟਲ ਅੰਬੇਸਡਰ ਪਹੁੰਚੇ ਅਤੇ ਉਨ੍ਹਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ। ਇਸ ਬਾਰੇ ਜਦੋਂ 'ਤੇਰਾ-ਤੇਰਾ ਹੱਟੀ' ਦੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ 1 ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਅਜਿਹੇ ਐੱਨ. ਆਰ. ਆਈ. ਭੁੱਖੇ ਪਿਆਸੇ ਹਨ ਅਤੇ ਉਨ੍ਹਾਂ ਲਈ ਖਾਣ-ਪੀਣ ਦਾ ਇੰਤਜ਼ਾਮ ਕੀਤਾ ਜਾਵੇ। ਜਿਸ ਤੋਂ ਬਾਅਦ ਤੁਰੰਤ ਜਲਦੀ 'ਚ ਕੁਝ ਘਰੋਂ ਅਤੇ ਕੁਝ ਦੇਰ ਰਾਤ ਦੁਕਾਨਾਂ ਖੁੱਲ੍ਹਵਾ ਕੇ ਉਨ੍ਹਾਂ ਲਈ ਖਾਣ-ਪੀਣ ਦੀ ਵਿਵਸਥਾ ਕੀਤੀ।

ਇਸ ਮੌਕੇ ਪ੍ਰਵਾਸੀ ਭਾਰਤੀ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਦਾਅਵਾ ਸੀ ਕਿ ਸਾਰੇ ਇੰਤਜ਼ਾਮ ਕੀਤੇ ਗਏ ਹਨ ਪਰ ਜਦੋਂ ਇਥੇ ਪਹੁੰਚੇ ਤਾਂ ਉਨ੍ਹਾਂ ਨੂੰ ਖਾਣ-ਪੀਣ ਸਬੰਧੀ ਕੋਈ ਵੀ ਸਹੀ ਵਿਵਸਥਾ ਦਿਖਾਈ ਨਾ ਦਿੱਤੀ। ਇਸ ਮੌਕੇ ਉਨ੍ਹਾਂ ਤੇਰਾ-ਤੇਰਾ ਹੱਟੀ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇਰ ਰਾਤ ਮੌਕੇ 'ਤੇ ਪਹੁੰਚ ਉਨ੍ਹਾਂ ਲਈ ਖਾਣ-ਪੀਣ ਦੀ ਵਿਵਸਥਾ ਕੀਤੀ।

shivani attri

This news is Content Editor shivani attri